ਭਾਰਤ ਨੇ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ

south-korea-asian-gam_conv-(5)indias-sardar-singh-dribbles-past-pakistani-player-during-their-pool-b-hockey-match-at-17th-asian-games-in-incheon12016 ਦੀਆਂ ਰੀਓ ਉਲੰਪਿਕਸ ਖੇਡਾਂ ਲਈ ਸਿੱਧਾ ਦਾਖਲਾ ਹਾਸਲ ਕੀਤਾ
ਇੰਚਿਓਨ – ਇੱਥੇ ਸਿਓਨਹਾਕ ਹਾਕੀ ਸਟੇਡੀਅਮ ਵਿਖੇ 2 ਅਕਤੂਬਰ ਨੂੰ ਏਸ਼ੀਆਈ ਖੇਡਾਂ ਦੇ ਹਾਕੀ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਕਪਤਾਨ ਸਰਦਾਰ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ 16 ਸਾਲਾਂ ਬਾਅਦ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਆਪਣੇ ਨਾਂਅ ਹੀ ਨਹੀਂ ਕੀਤਾ ਸਗੋਂ ਸਾਲ 2016 ਦੀਆਂ ਰੀਓ ਉਲੰਪਿਕਸ ਖੇਡਾਂ ਲਈ ਸਿੱਧਾ ਦਾਖਲਾ ਵੀ ਹਾਸਲ ਕਰ ਲਈ ਹੈ। ਫਸਵੇਂ ਫਾਈਨਲ ਮੁਕਾਬਲੇ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੇ ਪੂਰੇ 60 ਮਿੰਟਾਂ 1-1 ਦੀ ਬਰਾਬਰੀ ‘ਤੇ ਰਹੀਆਂ ਅਤੇ ਜਿੱਤ-ਹਾਰ ਦਾ ਫ਼ੈਸਲਾ ਸ਼ੂਟਆਊਟ ਰਾਹੀਂ ਹੋਇਆ। ਭਾਰਤ ਵੱਲੋਂ ਪੈਨਲਟੀ ਸ਼ੂਟਆਊਟ ਵਿੱਚ ਆਕਾਸ਼ਦੀਪ ਸਿੰਘ, ਰੁਪਿੰਦਰਪਾਲ ਸਿੰਘ, ਬੀਰੇਂਦਰ ਲਾਕੜਾ ਅਤੇ ਧਰਮਵੀਰ ਸਿੰਘ ਨੇ ਭਾਰਤ ਲਈ ਗੋਲ ਦਾਗੇ ਜਦੋਂ ਕਿ ਮਨਪ੍ਰੀਤ ਸਿੰਘ ਗੋਲ ਕਰਨ ਤੋਂ ਖੁੰਝ ਗਿਆ। ਉਂਜ, ਪੈਨਲਟੀ ਸ਼ੂਟਆਊਟ ਵਿੱਚ ਮਿਲੀ ਜਿੱਤ ਦਾ ਸਿਹਰਾ ਭਾਰਤੀ ਗੋਲਚੀ ਤੇ ਉਪ-ਕਪਤਾਨ ਪੀ ਆਰ ਸ੍ਰੀਜੇਸ਼ ਦੇ ਨਾਂਅ ਰਿਹਾ। ਉਹ ਨੇ ਪਾਕਿਸਤਾਨ ਦੇ ਅਬਦੁਲ ਹਸ਼ੀਮ ਖ਼ਾਨ ਅਤੇ ਮੁਹੰਮਦ ਉਮਰ ਭੂੱਟਾ ਦੇ ਸ਼ੂਟ ਨਾਕਾਮ ਕੀਤੇ। ਪਾਕਿਸਤਾਨ ਵੱਲੋਂ ਮੁਹੰਮਦ ਵਕਾਸ ਅਤੇ ਸ਼ਫ਼ਕਤ ਰਸੂਲ ਹੀ ਗੋਲ ਕਰ ਸੱਕੇ।
ਪਹਿਲਾਂ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਸੀਨੀਅਰ ਨੇ 3ਜੇ ਮਿੰਟ ਵਿੱਚ ਗੋਲ ਕੀਤੀ ਸੀ ਪਰ ਭਾਰਤ ਦੇ ਕੋਠਾਜੀਤ ਸਿੰਘ ਨੇ 27ਵੇਂ ਮਿੰਟ ਵਿੱਚ ਗੋਲ ਦਾਗ ਕੇ ਬਰਾਬਰ ਕਰ ਦਿੱਤੀ।
ਭਾਰਤ ਨੂੰ ਏਸ਼ੀਆਈ ਖੇਡਾਂ ਵਿੱਚ ਮਿਲੀ ਸੋਨ ਤਗਮੇ ਦੀ ਜਿੱਤ ਨਾਲ ਰੀਓ ਉਲੰਪਿਕਸ ਲਈ ਸਿੱਧਾ ਦਾਖ਼ਲਾ ਮਿਲ ਗਿਆ ਹੈ ਜਦੋਂ ਕਿ ਪਾਕਿਸਤਾਨ ਨੂੰ ਕੁਆਲੀਫਾਇੰਗ ਮੁਕਾਬਲਿਆਂ ‘ਚੋਂ ਲੰਘਣਾ ਪਵੇਗਾ। ਭਾਰਤ ਨੇ ਪਿਛਲੀ ਵਾਰ 1998 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਹਾਕੀ ਦਾ ਸੋਨ ਤਗਮਾ ਜਿੱਤਿਆ ਸੀ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਪਿਛਲੀ ਵਾਰ 1982 ਦੀਆਂ  ਦਿੱਲੀ ਏਸ਼ੀਆਈ ਖੇਡਾਂ ਦੇ ਹਾਕੀ ਫਾਈਨਲ ‘ਚ ਆਹਮਣੇ-ਸਾਹਮਣੇ ਹੋਏ ਸਨ ਜਦੋਂ ਕਿ ਪਾਕਿਸਤਾਨ ਨੇ 7-1 ਨਾਲ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਧ ਅੱਠ ਵਾਰ ਸੋਨ ਤਗਮਾ ਜਿੱਤਣ ਵਾਲੀ ਟੀਮ ਹੈ।