ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈ, ਆਸਟਰੇਲੀਆ ਤੋਂ ਟੈਸਟ ਲੜੀ 2-1 ਨਾਲ ਜਿੱਤੀ

ਅਹਿਮਦਾਬਾਦ, 13 ਮਾਰਚ – ਇੱਥੇ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਦਾ ਚੌਥਾ ਤੇ ਅੰਤਿਮ ਮੈਚ ਪੰਜਵੇਂ ਦਿਨ ਡਰਾਅ ’ਤੇ ਖ਼ਤਮ ਹੋਣ ਮਗਰੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਬਾਰਡਰ ਗਾਵਸਕਰ ਟਰਾਫੀ ਵੀ 2-1 ਨਾਲ ਆਪਣੇ ਨਾਮ ਕਰ ਲਈ ਹੈ।
ਭਾਰਤੀ ਗੇਂਦਬਾਜ਼ਾਂ ਨੂੰ ਪਿੱਚ ਤੋਂ ਕੋਈ ਖਾਸ ਮਦਦ ਨਹੀਂ ਮਿਲੀ ਰਹੀ ਸੀ, ਪਰ ਮੇਜ਼ਬਾਨ ਟੀਮ ਨੇ ਦਬਦਬਾ ਬਰਕਰਾਰ ਰੱਖਿਆ। ਕ੍ਰਾਈਸਟਚਰਚ ਵਿੱਚ ਨਿਊਜ਼ੀਲੈਂਡ ਦੀ ਸ੍ਰੀਲੰਕਾ ’ਤੇ ਦੋ ਵਿਕਟਾਂ ਦੀ ਜਿੱਤ ਨਾਲ ਹੀ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਦੀ ਟਿਕਟ ਪੱਕੀ ਹੋ ਗਈ ਸੀ।
ਭਾਰਤ-ਆਸਟਰੇਲੀਆ ਲੜੀ ਦੇ ਆਖ਼ਰੀ ਟੈਸਟ ਤੋਂ ਪਹਿਲਾਂ ਦੇ ਸਮੀਕਰਨ ਤਹਿਤ ਸ੍ਰੀਲੰਕਾ ਨੂੰ ਡਬਲਿਊਟੀਸੀ ਫਾਈਨਲ ਵਿੱਚ ਪਹੁੰਚਣ ਲਈ ਨਿਊਜ਼ੀਲੈਂਡ ਦੌਰੇ ’ਤੇ 2-0 ਨਾਲ ਜਿੱਤ ਦਰਜ ਕਰਨੀ ਸੀ। ਹਾਲਾਂਕਿ, ਲੜੀ ਦੇ ਸ਼ੁਰੂਆਤੀ ਮੈਚ ਵਿੱਚ ਉਸ ਦੀ ਹਾਰ ਨੇ ਭਾਰਤ ਲਈ ਥਾਂ ਪੱਕੀ ਕਰ ਦਿੱਤੀ। ਆਸਟਰੇਲੀਆ ਨੇ ਪਿਛਲੇ ਟੈਸਟ ਮੈਚ ਨੂੰ ਜਿੱਤ ਕੇ ਪਹਿਲਾਂ ਹੀ ਡਬਲਿਊਟੀਸੀ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਸੀ।
ਡਬਲਿਊਟੀਸੀ ਦਾ ਫਾਈਨਲ 7 ਜੂਨ ਤੋਂ ਲੰਡਨ ਦਿ ਓਵਲ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਆਸਟਰੇਲੀਆ ’ਤੇ ਲਗਾਤਾਰ ਚੌਥੀ ਵਾਰ ਟੈਸਟ ਲੜੀ ਵਿੱਚ 2-1 ਨਾਲ ਜਿੱਤ ਦਰਜ ਕੀਤੀ ਹੈ।
ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਅਤੇ ਮਾਰਨੁਸ ਲਾਬੂਸ਼ੇਨ ਰੱਖਿਆਤਮਕ ਹੋ ਕੇ ਖੇਡੇ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਭਾਰੂ ਪੈਣ ਦਾ ਮੌਕਾ ਨਹੀਂ ਦਿੱਤਾ। ਹੈੱਡ ਨੇ (163 ਗੇਂਦਾਂ ’ਤੇ) 90 ਦੌੜਾਂ ਬਣਾਉਣ ਦੇ ਨਾਲ ਲਾਬੂਸ਼ੇਨ ਨਾਲ ਦੂਸਰੀ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਕਰ ਕੇ ਮੈਚ ਨੂੰ ਭਾਰਤ ਦੀ ਪਕੜ ਤੋਂ ਦੂਰ ਕੀਤਾ। ਦੋਵੇਂ ਕਪਤਾਨ ਜਦੋਂ ਮੈਚ ਡਰਾਅ ਕਰਨ ਲਈ ਸਹਿਮਤ ਹੋਏ ਉਸ ਸਮੇਂ ਲਾਬੂਸ਼ੇਨ 63 ਤੇ ਸਟੀਵ ਸਮਿੱਥ ਦਸ ਦੌੜਾਂ ਬਣਾ ਕੇ ਮੈਦਾਨ ’ਤੇ ਡਟੇ ਹੋਏ ਸਨ। ਇਸ ਸਮੇਂ ਆਸਟਰੇਲੀਆ ਦਾ ਸਕੋਰ 2 ਵਿਕਟਾਂ ’ਤੇ 175 ਦੌੜਾਂ (ਪਾਰੀ ਐਲਾਨ ਦਿੱਤੀ) ਸੀ।