ਭਾਰਤ ਸਰਕਾਰ ਵੱਲੋਂ 2020-21 ‘ਚ ਵਿਦੇਸ਼ਾਂ ਨੂੰ ਸਾਮਾਨ ਦੀ ਰਿਕਾਰਡ ਬਰਾਮਦ

418 ਅਰਬ ਡਾਲਰ ਦਾ ਸਾਮਾਨ ਵਿਦੇਸ਼ ਭੇਜ ਕੇ ਮਿਥਿਆ ਟੀਚਾ ਹਾਸਲ ਕੀਤਾ
ਨਵੀਂ ਦਿੱਲੀ, 4 ਅਪ੍ਰੈਲ – ਭਾਰਤ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਭਾਰਤ ਨੇ ਵਿੱਤੀ ਵਰ੍ਹੇ 2020-21 ਦੌਰਾਨ ਰਿਕਾਰਡ 418 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ ਹੈ। ਇਨ੍ਹਾਂ ਵਿੱਚ ਪੈਟਰੋਲੀਅਮ ਉਤਪਾਦ, ਇੰਜੀਨੀਅਰਿੰਗ ਨਾਲ ਸਬੰਧਿਤ ਸਾਮਾਨ, ਗਹਿਣੇ, ਰਸਾਇਣ ਤੇ ਹੋਰ ਚੀਜ਼ਾਂ ਸ਼ਾਮਲ ਹਨ। ਮਾਰਚ-2022 ਵਿੱਚ 40 ਅਰਬ ਡਾਲਰ ਦਾ ਮਾਲ ਬਾਹਰ ਭੇਜਿਆ ਗਿਆ ਹੈ ਜੋ ਕਿ ਇਕ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਰਾਮਦ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਥੇ ਕਿਹਾ ਕਿ ਮਾਰਚ-2021 ਵਿੱਚ ਭਾਰਤ ਨੇ 34 ਅਰਬ ਡਾਲਰ ਦਾ ਸਾਮਾਨ ਬਾਹਰ ਭੇਜਿਆ ਸੀ। ਵਿੱਤੀ ਸਾਲ 2020-21 ਵਿੱਚ 292 ਅਰਬ ਡਾਲਰ ਦੀ ਬਰਾਮਦ ਕੀਤੀ ਗਈ ਸੀ। ਭਾਰਤ ਨੇ ਸਾਲ 2021-22 ਲਈ 400 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਮਿਥਿਆ ਸੀ ਜੋ ਕਿ 23 ਮਾਰਚ ਨੂੰ ਪੂਰਾ ਹੋ ਗਿਆ ਸੀ। ਸਭ ਤੋਂ ਵੱਧ ਬਰਾਮਦ ਅਮਰੀਕਾ, ਯੂਏਈ, ਚੀਨ, ਬੰਗਲਾਦੇਸ਼ ਤੇ ਨੀਦਰਲੈਂਡਜ਼ ਨੂੰ ਕੀਤੀ ਗਈ ਹੈ। ਬਰਾਮਦ ਦੇ ਮਿਥੇ ਟੀਚੇ ਨੂੰ ਪ੍ਰਾਪਤ ਕਰਨ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ ‘ਆਤਮਨਿਰਭਰ ਭਾਰਤ’ ਯਾਤਰਾ ਵਿੱਚ ਇਕ ਅਹਿਮ ਮੀਲ ਪੱਥਰ ਹੈ।