ਭੁੱਖ ਦੇ ਨਾਂ ‘ਤੇ ਵਪਾਰ ਨਹੀਂ ਕਰਨ ਦਿਆਂਗੇ – ਟਿਕੈਤ

ਨਵੀਂ ਦਿੱਲੀ, 8 ਫਰਵਰੀ – ਗਾਜ਼ੀਪੁਰ ਬਾਰਡਰ ਉੱਤੇ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਮੁਲਕ ਵਿੱਚ ਭੁੱਖ ਦੇ ਨਾਂ ‘ਤੇ ਵਪਾਰ ਨਹੀਂ ਕਰਨ ਦੇਣਗੇ। ਸ੍ਰੀ ਟਿਕੈਤ ਨੇ ਮੰਗ ਕੀਤੀ ਕਿ ਖੇਤੀ ਨਾਲ ਜੁੜੇ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰਕੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਬਾਰੇ ਕਾਨੂੰਨ ਲਿਆਂਦਾ ਜਾਵੇ। ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਕਰੀਰ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ, ”ਦੇਸ਼ ਵਿੱਚ ਭੁੱਖ ਦੇ ਨਾਂ ‘ਤੇ ਵਪਾਰ ਨਹੀਂ ਹੋਵੇਗਾ। ਜਿੰਨੀ ਭੁੱਖ ਲੱਗੇਗੀ, ਅਨਾਜ ਦੀ ਕੀਮਤ ਵੀ ਓਨੀ ਹੀ ਹੋਵੇਗੀ। ਦੇਸ਼ ਵਿੱਚ ਭੁੱਖ ਦੇ ਨਾਂ ‘ਤੇ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਜਾਵੇਗਾ।” ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਕਿਸਾਨ ਆਗੂ ਨੇ ਕਿਹਾ, ‘ਜਿਵੇਂ ਜਹਾਜ਼ ਦੀਆਂ ਟਿਕਟਾਂ ਦੇ ਭਾਅ ਵਧਦੇ ਘਟਦੇ ਹਨ, ਉਸ ਤਰਜ਼ ‘ਤੇ ਫ਼ਸਲਾਂ ਦੇ ਭਾਅ ਨਹੀਂ ਮਿੱਥੇ ਜਾਣਗੇ।’ ਕਿਸਾਨ ਅੰਦੋਲਨਾਂ ‘ਚ ਸ਼ਾਮਲ ਇਕ ਨਵੀਂ ‘ਪ੍ਰਜਾਤੀ’ ਦੇ ਉਭਾਰ ਬਾਰੇ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ, ‘ਹਾਂ, ਐਤਕੀਂ ਇਹ ਕਿਸਾਨਾਂ ਦਾ ਭਾਈਚਾਰਾ ਹੈ, ਜੋ ਉੱਭਰਿਆ ਹੈ ਤੇ ਲੋਕ ਵੀ ਇਨ੍ਹਾਂ (ਕਿਸਾਨਾਂ) ਦੀ ਹਮਾਇਤ ਕਰ ਰਹੇ ਹਨ’।