ਮਨਪ੍ਰੀਤ ਸਿੰਘ ਕੋਰੀਅਨ ਨੂੰ ਕਾਮਨਵੈਲਥ ਗੇਮਜ਼ ਲਈ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ

ਨਵੀਂ ਦਿੱਲੀ, 15 ਮਾਰਚ – 13 ਮਾਰਚ ਨੂੰ ਹਾਕੀ ਇੰਡੀਆ ਨੇ ਆਸਟਰੇਲੀਆ ਦੇ ਗੋਲਡ ਕਾਸਟ ਵਿਖੇ 4 ਅਪ੍ਰੈਲ ਤੋਂ 15 ਅਪ੍ਰੈਲ ਤੱਕ ਹੋਣ ਵਾਲੀਆਂ 21ਵੀਂ ਕਾਮਨਵੈਲਥ ਗੇਮਜ਼ ਲਈ ਮਿਡਫੀਲਡਰ ਮਨਪ੍ਰੀਤ ਸਿੰਘ ਕੋਰੀਅਨ ਦੀ ਕਪਤਾਨੀ ਵਾਲੀ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਦਾ ਉਪ ਕਪਤਾਨ ਚਿੰਗਲੇਸਾਨਾ ਸਿੰਘ ਕੰਗੁਜਮ ਨੂੰ ਬਣਾਇਆ ਗਿਆ ਹੈ। ਭਾਰਤ ਨੂੰ ਪੂਲ-‘ਬੀ’ ਵਿੱਚ ਪਾਕਿਸਤਾਨ, ਮਲੇਸ਼ੀਆ, ਵੇਲਸ, ਤੇ ਇੰਗਲੈਂਡ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ 7 ਅਪ੍ਰੈਲ ਨੂੰ ਪਹਿਲਾ ਮੈਚ ਰਵਾਇਤੀ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖੇਡੇਗੀ।
18 ਮੈਂਬਰੀ ਟੀਮ ‘ਚ ਗੋਲਕੀਪਰ ਪੀ. ਆਰ. ਸ੍ਰੀਜੇਸ਼ ਦੀ ਵਾਪਸੀ ਹੋਈ ਹੈ, ਜਦੋਂ ਕਿ ਹਾਕੀ ਇੰਡੀਆ (ਐਚਆਈ) ਨੇ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਸਰਦਾਰ ਸਿੰਘ ਅਤੇ ਫਾਰਵਰਡ ਰਮਨਦੀਪ ਸਿੰਘ ਨੂੰ ਟੀਮ ‘ਚੋਂ ਬਾਹਰ ਰੱਖਿਆ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਟੀਮ ਨੇ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ ਤੇ ਉੜੀਸਾ ਪੁਰਸ਼ ਹਾਕੀ ਵਿਸ਼ਵ ਲੀਗ ਫਾਈਨਲ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਟੀਮ ਦੇ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਏਸ਼ੀਆ ਕੱਪ 2017 ਤੋਂ ਬਾਅਦ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ ਹੈ। ਹਾਲੈਂਡ ਦੇ 43 ਸਾਲਾ ਮਾਰਿਨ ਨੇ ਕਿਹਾ ਕਿ ਟੀਮ ਵਿੱਚ ਜਿੱਤਣ ਦਾ ਜਜ਼ਬਾ ਹੈ ਅਤੇ ਉਹ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਵਾਂਗੇ। 
ਭਾਰਤੀ ਪੁਰਸ਼ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ – ਪੀ.ਆਰ. ਸ੍ਰੀਜੇਸ਼, ਸੂਰਜ ਕਾਰਕੇਰਾ
ਡਿਫੈਂਡਰ – ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਵਰੁਨ ਕੁਮਾਰ, ਕੋਥਾਜੀਤ ਸਿੰਘ ਕਦਾਨਗਬਮ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ
ਮਿਡਫ਼ੀਲਡਰ – ਮਨਪ੍ਰੀਤ ਸਿੰਘ ਕੋਰੀਅਨ (ਕਪਤਾਨ), ਚਿੰਗਲੇਸਾਨਾ ਸਿੰਘ ਕੰਗੁਜਮ (ਉਪ ਕਪਤਾਨ), ਸੁਮਿਤ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ – ਆਕਾਸ਼ਦੀਪ ਸਿੰਘ, ਸੁਨੀਲ ਸੋਮਰਪੇਤ ਵਿਤਲਾਚਾਰੀਯ, ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ ਤੇ ਦਿਲਪ੍ਰੀਤ ਸਿੰਘ