ਮਨੀਪੁਰ ‘ਚ ਔਰਤਾਂ ਨਾਲ ਹੋਈ ਸ਼ਰਮਨਾਕ ਘਟਨਾ ਨੂੰ ਲੈ ਕੇ ਪੂਰੇ ਦੇਸ਼ ‘ਚ ਗ਼ੁੱਸਾ

ਮਨੀਪੁਰ ‘ਚ ਔਰਤਾਂ ਨਾਲ ਹੋਈ ਸ਼ਰਮਨਾਕ ਘਟਨਾ ਨੂੰ ਲੈ ਕੇ ਪੂਰੇ ਦੇਸ਼ ‘ਚ ਹੜਕੰਪ ਮਚ ਗਿਆ ਹੈ। ਇਸ ‘ਤੇ ਪੀਐਮ ਮੋਦੀ ਤੋਂ ਲੈ ਕੇ ਚੀਫ਼ ਜਸਟਿਸ ਤੱਕ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ। ਰਾਜਪਾਲ ਨੇ ਇਸ ਘਟਨਾ ਨੂੰ ਲੈ ਕੇ ਡੀਜੀਪੀ ਨਾਲ ਵੀ ਗੱਲ ਕੀਤੀ ਹੈ।
ਨਵੀਂ ਦਿੱਲੀ/ਇੰਫਾਲ, 20 ਜੁਲਾਈ – ਮਨੀਪੁਰ ਵਿੱਚ ਦੋ ਆਦਿਵਾਸੀ ਔਰਤਾਂ ਦੀ ਨੰਗੀ ਹੋ ਕੇ ਪਰੇਡ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਚੀਫ਼ ਜਸਟਿਸ ਧਨੰਜੇ ਵਾਈ. ਚੰਦਰਚੂੜ ਨੇ ਇਸ ਘਟਨਾ ਨੂੰ ‘ਸ਼ਰਮਨਾਕ’ ਅਤੇ ‘ਅਸਵੀਕਾਰਨਯੋਗ’ ਕਰਾਰ ਦਿੱਤਾ। ਦੂਜੇ ਪਾਸੇ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੇ ਨਿਊਜ਼ 18 ਨੂੰ ਦੱਸਿਆ ਕਿ ਲਗਾਤਾਰ ਹਿੰਸਾ ਕਾਰਨ ਲੋਕ ਡਰੇ ਹੋਏ ਹਨ। ਉਸ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਅਜਿਹੀ ਹਿੰਸਾ ਕਦੇ ਨਹੀਂ ਦੇਖੀ। 4 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵਾਪਰੀ ਘਟਨਾ ਦਾ 26 ਸੈਕਿੰਡ ਦਾ ਵੀਡੀਓ, ਉੱਤਰ-ਪੂਰਬੀ ਰਾਜ ਵਿੱਚ ਨਸਲੀ ਹਿੰਸਾ ਦੇ ਇੱਕ ਦਿਨ ਬਾਅਦ ਬੁੱਧਵਾਰ ਨੂੰ ਵਾਇਰਲ ਹੋਇਆ ਸੀ। ਇਸ ਮਾਮਲੇ ‘ਚ ਹੁਣ ਤੱਕ 4 ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਚੀਫ਼ ਜਸਟਿਸ ਨੇ ਕਿਹਾ- ਫਿਰ ਕਾਰਵਾਈ ਕਰਾਂਗੇ
ਇਸ ਘਟਨਾ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਤੋਂ ਬਹੁਤ ਦੁਖੀ ਹੈ ਅਤੇ ਇਸ ਨੂੰ ਕਿਸੇ ਵੀ ਸੰਵਿਧਾਨਕ ਲੋਕਤੰਤਰ ਵਿੱਚ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਹੈ।
ਚੀਫ਼ ਜਸਟਿਸ ਚੰਦਰਚੂੜ, ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਵੀਡੀਓ ਦਾ ਖ਼ੁਦ ਨੋਟਿਸ ਲਿਆ ਅਤੇ ਕੇਂਦਰ ਅਤੇ ਮਣੀਪੁਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਅਦਾਲਤ ਨੇ ਕਿਹਾ ਕਿ ਤਣਾਅ ਵਾਲੇ ਮਾਹੌਲ ਵਿੱਚ ਹਿੰਸਾ ਨੂੰ ਅੰਜਾਮ ਦੇਣ ਲਈ ਔਰਤਾਂ ਨੂੰ ਹਥਿਆਰ ਵਜੋਂ ਵਰਤਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਹ ਦ੍ਰਿਸ਼ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਦਰਸਾਉਂਦੇ ਹਨ।
ਪੀਐਮ ਮੋਦੀ ਨੇ ਮਨੀਪੁਰ ‘ਤੇ ਕੀ ਕਿਹਾ?
ਮਨੀਪੁਰ ਹਿੰਸਾ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਜਨਤਕ ਟਿੱਪਣੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਇਸਦੇ ਨਾਲ ਹੀ ਚੀਫ਼ ਜਸਟਿਸ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਜ਼ਮੀਨੀ ਪੱਧਰ ‘ਤੇ ਕੁਝ ਨਾ ਹੋਇਆ ਤਾਂ ਸੁਪਰੀਮ ਕੋਰਟ ਕਾਰਵਾਈ ਕਰੇਗੀ।
ਰਾਹੁਲ ਅਤੇ ਮਮਤਾ ਨੇ ਗ਼ੁੱਸਾ ਜ਼ਾਹਰ ਕੀਤਾ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, ‘ਪ੍ਰਧਾਨ ਮੰਤਰੀ ਜੀ, ਮੁੱਦਾ ਇਹ ਨਹੀਂ ਹੈ ਕਿ ਇਹ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਮੁੱਦਾ ਮਨੀਪੁਰ ਦੀਆਂ ਔਰਤਾਂ ਨੂੰ ਹੋਣ ਵਾਲੇ ਅਥਾਹ ਦਰਦ ਅਤੇ ਸਦਮੇ ਦਾ ਹੈ। ਹਿੰਸਾ ਤੁਰੰਤ ਬੰਦ ਕਰੋ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ”ਮਣੀਪੁਰ ‘ਚ 4 ਮਈ ਨੂੰ ਵਾਪਰੀ ਘਟਨਾ ਦੀ ਵੀਡੀਓ ਦੇਖ ਕੇ ਦੇਸ਼ ਦੀਆਂ ਮਾਵਾਂ-ਭੈਣਾਂ ਸੋਗ ਮਨਾ ਰਹੀਆਂ ਹਨ। ਵੀਡੀਓ ‘ਚ ਭੀੜ ਵੱਲੋਂ ਦੋ ਔਰਤਾਂ ਨੂੰ ਨੰਗੀ ਕਰਕੇ ਪਰੇਡ ਕਰਦੇ ਦੇਖਿਆ ਜਾ ਰਿਹਾ ਹੈ। ਇਹ ਅਰਾਜਕਤਾ ਬੰਦ ਹੋਣੀ ਚਾਹੀਦੀ ਹੈ… ਕੇਂਦਰ ਦੀਆਂ ਨੀਤੀਆਂ ਕਾਰਨ ਦੇਸ਼ ਸੜ ਰਿਹਾ ਹੈ।