ਮਹਾਨ ਸ਼ਹੀਦ ਬੱਬਰ ਕਰਮ ਸਿੰਘ ਜੀ (ਦੌਲਤਪੁਰ)

31 ਅਗਸਤ ਸ਼ਹੀਦੀ ਦਿਵਸ ‘ਤੇ ਵਿਸ਼ੇਸ਼
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬੱਬਰ ਲਹਿਰ ਦੁਆਬ’ਚੋਂ ਪ੍ਰਚੰਡ ਹੋ ਕਿ ਪੂਰੇ ਭਾਰਤ ਵਿੱਚ ਇਹ ਲਹਿਰ ਮਿਸਾਲ ਬਣੀ ਤੇ ਇਸ ਲਹਿਰ ਦੇ ਜਿੱਥੇ ਕਿਸ਼ਨ ਸਿੰਘ ਗੜਗੱਜ ਤੇ ਮਾਸਟਰ ਮੋਤਾ ਸਿੰਘ ਨੂੰ ਸੂਤਰਧਾਰ ਮੰਨਿਆ ਗਿਆ ਉੱਥੇ ਦੁਆਬੇ ‘ਚ ਇਸ ਬੱਬਰ ਲਹਿਰ ਦੇ ਪੈਰ ਜਮਾਉਣ ਵਿੱਚ ਮਹਾਨ ਸ਼ਹੀਦ ਬੱਬਰ ਕਰਮ ਸਿੰਘ ਜੀ (ਪਹਿਲਾ ਨਾਂ ਨਰੈਣ ਸਿੰਘ) ਦੌਲਤਪੁਰ ਨੂੰ ਮੋਹਰੀ ਮੰਨਿਆਂ ਗਿਆ ਹੈ। 1880 ਵਿੱਚ ਜਨਮੇ ਦੁਆਬੇ ਦੇ ਪਿੰਡ ਦੌਲਤਪੁਰ (ਜੋ ਨਵਾਂ ਸ਼ਹਿਰ ਲਾਗੇ ਹੈ) ਵਿੱਚ ਨੱਥਾ ਸਿੰਘ ਥਾਂਦੀ ਤੇ ਮਾਤਾ ਮਾਈ ਦੁੱਲੀ ਦੇ ਘਰ ਜਨਮੇ ਇਸ ਮਹਾਨ ਸਪੂਤ ਸ਼ਹੀਦ ਬੱਬਰ ਕਰਮ ਸਿੰਘ ਨੂੰ ਬਬੇਲੀ ਕਾਂਡ ਦਾ ਮਹਾਂ ਨਾਇਕ ਮੰਨਿਆ ਜਾਂਦਾ ਰਿਹਾ ਹੈ। ਪਹਿਲਾਂ ਤਾਂ ਭਾਈ ਕਰਮ ਸਿੰਘ ਨੇ ਕਰੀਬ ਅੱਠ ਕੁ ਸਾਲ ਫ਼ੌਜ ਵਿੱਚ ਨੌਕਰੀ ਕੀਤੀ ਤੇ ਫਿਰ 26 ਸਾਲ ਦੀ ਉਮਰ ਵਿੱਚ ਕੈਨੇਡਾ ਆ ਗਏ ਤੇ 1907 ਦੇ ਕਰੀਬ ਉਨ੍ਹਾਂ ਨੂੰ ਦੇਸ਼ ਭਗਤੀ ਦੀ ਚੇਟਕ ਇੱਥੋਂ ਹੀ ਲੱਗੀ ਇੱਥੇ ਹੀ ਇਨ੍ਹਾਂ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਵਾਲੇ ਦੇਸ਼ ਭਗਤਾਂ ਨਾਲ ਰਾਬਤਾ ਕਾਇਮ ਕੀਤਾ। 1913 ਵਿੱਚ ਉਹ ਗੱਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ। 1914 ਵਿੱਚ ਬੱਬਰ ਕਰਮ ਸਿੰਘ ਕੈਨੇਡਾ ਤੋਂ ਭਾਰਤ ਨੂੰ ਚੱਲ ਪਏ। ਇਸ ਉਪਰੰਤ ਉਨ੍ਹਾਂ ਭਾਰਤ ਨੂੰ ਜਾਂਦੇ ਸਮੇਂ ਆਪਣੀ ਜ਼ਮੀਨ ਜਾਇਦਾਦ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਸੀ। ਅਬਟਸਫੋਰਡ ਗੁਰਦੁਆਰਾ ਸਾਹਿਬ ਅੱਜ ਵੀ ਉਨ੍ਹਾਂ ਇਨ੍ਹਾਂ ਬੱਬਰਾਂ ਦੀ ਗਵਾਹੀ ਭਰਦਾ ਹੈ। ਕੈਨੇਡਾ ਤੋਂ ਵਾਪਸ ਭਾਰਤ ਪਹੁੰਚਦਿਆਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਫਿਰ ਤੋਂ ਛੁੱਟਣ ਤੋਂ ਬਾਅਦ ਫਿਰ ਵੀ ਉਨ੍ਹਾਂ ਲਹਿਰ ਦੀਆਂ ਸਰਗਰਮੀਆਂ ਜਾਰੀ ਰੱਖੀਆਂ ਤੇ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਇਨ੍ਹਾਂ ਨੇ ਬਾਕੀ ਬੱਬਰਾਂ ਨਾਲ ਅੰਮ੍ਰਿਤਪਾਨ ਕੀਤਾ ਇਸੇ ਦੌਰਾਨ ਹੀ ਇੰਨਾ ਨੇ ਅੰਮ੍ਰਿਤਪਾਨ ਤੋਂ ਬਾਦ ਹੀ ਆਪਣਾ ਨਾਂ ਕਰਮ ਸਿੰਘ ਰੱਖਿਆ ਤੇ ਪਹਿਲਾਂ ਇਨ੍ਹਾਂ ਦਾ ਨਾਂ ਨਰੈਣ ਸਿੰਘ ਸੀ। ਆਪ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਪੂਰੀਆਂ ਸਰਗਰਮੀਆਂ ਨਾਲ ਹਿੱਸਾ ਲਿਆ। ਵੱਖ ਵੱਖ ਸਰਗਰਮੀਆਂ ਅਤੇ ਅੰਗਰੇਜ਼ਾਂ ਦੇ ਖ਼ਿਲਾਫ਼ ਇਨ੍ਹਾਂ ਨਾਲ ਕੈਨੇਡਾ ਤੋਂ ਆਏ ਹੋਰ ਬੱਬਰਾਂ ਜਿਨ੍ਹਾਂ ‘ਚ ਬੱਬਰ ਕਰਮ ਸਿੰਘ ਝਿੰਗੜ, ਬੱਬਰ ਭਾਈ ਆਸਾ ਸਿੰਘ ਤੇ ਹੋਰ ਬੱਬਰਾਂ ਨੇ ਇਨ੍ਹਾਂ ਦਾ ਪੂਰਾ ਸਾਥ ਦਿੱਤਾ। ਜਿੱਥੇ ਬਾਕੀ ਹੋਰ ਬੱਬਰਾਂ ਨੇ ਵੱਖ ਵੱਖ ਇਲਾਕੇ ਸੰਭਾਲ ਲਏ ਸਨ, ਉੱਥੇ ਬੱਬਰ ਕਰਮ ਸਿੰਘ ਨੇ “ਚੱਕਰਵਾਤੀ ਜੱਥਾ” ਬਣਾ ਕੇ ਸਾਰੇ ਨਵਾਂ ਸ਼ਹਿਰ ਇਲਾਕੇ ਦੇ ਪਿੰਡਾਂ ਨੂੰ ਆਪਣੀ ਗੁੱਠ ‘ਚ ਲੈ ਲਿਆ ਤੇ ਅੰਗਰੇਜ਼ਾਂ ਖ਼ਿਲਾਫ਼ ਰੋਹ ਹੋਰ ਮਘਾ ਦਿੱਤਾ ਤੇ ਦੂਸਰੇ ਪਾਸੇ ਗਾਂਧੀ ਦੀ ਪਾਲਿਸੀ ਦਾ ਵੀ ਵਿਰੋਧ ਕੀਤਾ। 22 ਅਗਸਤ 1922 ਨੂੰ ਉਨ੍ਹਾਂ ਨੇ ਇੱਕ ਬੱਬਰਾਂ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਇੱਕ ਅਖ਼ਬਾਰ ਵੀ ਕੱਢੀ ਜਿਸ ਦੇ ਇਹ ਪਹਿਲੇ ਐਡੀਟਰ ਸਨ। ਦੂਸਰੇ ਪਾਸੇ ਆਪਣੇ ਹੀ ਕੁੱਝ ਲੋਕ ਅੰਗਰੇਜ਼ਾਂ ਦੇ ਸੂਹੀਏ ਬਣ ਗਏ ਜਿਨ੍ਹਾਂ ਦਾ ਬਾਅਦ ਚ ਬੱਬਰਾਂ ਵੱਲੋਂ ਹੀ ਸੋਧਾਂ ਲਾਇਆ ਗਿਆ। ਅੰਗਰੇਜ਼ ਸਰਕਾਰ ਦੀ ਪੁਲਿਸ ਬੱਬਰ ਕਰਮ ਸਿੰਘ ਦੀ ਰਾਤ ਦਿਨ ਭਾਲ ਵਿੱਚ ਸੀ ਆਖ਼ਿਰ 31 ਅਗਸਤ 1923 ਨੂੰ ਮਹਾਨ ਸ਼ਹੀਦ ਬੱਬਰ ਕਰਮ ਸਿੰਘ ਤੇ ਬੱਬਰ ਭਾਈ ਬਿਸ਼ਨ ਸਿੰਘ ਵੀ ਇੱਕ ਵਿਸ਼ਵਾਸਘਾਤੀ ਸੂਹੀਏ ਅਨੂਪ ਸਿੰਘ ਦੀ ਗ਼ੱਦਾਰੀ ਕਰਕੇ ਪਿੰਡ ਬਬੇਲੀ ਦੇ ਪੈਂਦੇ ਚੋਅ ‘ਚ ਪੁਲੀਸ ਦੇ ਦੇ ਘੇਰੇ ਵਿੱਚ ਆ ਗਏ ਤੇ ਉੱਥੇ ਹੀ ਪੁਲਿਸ ਨਾਲ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਦੂਸਰੇ ਪਾਸੇ ਉਨ੍ਹਾਂ ਦੇ ਵਾਰਿਸ ਸੈਕਰਾਮੈਂਟੋ ‘ਚ ਰਹਿੰਦੇ ਨਰਿੰਦਰ ਸਿੰਘ ਥਾਂਦੀ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਸ਼ਹੀਦ ਬੱਬਰ ਕਰਮ ਸਿੰਘ ਜੀ ਦੀ ਬਰਸੀ ਹਰ ਸਾਲ ਮਨਾਉਂਦੇ ਹਾਂ ਪਰ ਕੁੱਝ ਸਿਆਸੀ ਲੋਕਾਂ ਨੇ ਇਨ੍ਹਾਂ ਦੀ ਸ਼ਹੀਦੀ ਨੂੰ ਆਪਣੇ ਤੱਕ ਹੀ ਸੀਮਤ ਕਰ ਦਿੱਤਾ ਜੋ ਕਿ ਮੰਦਭਾਗਾ ਹੈ। ਉਨ੍ਹਾਂ ਸਮੁੱਚੀ ਪੰਜਾਬੀ ਕੌਮ ਨੂੰ ਅਪੀਲ ਕੀਤੀ ਕਿ ਸ਼ਹੀਦ ਸਭ ਦੇ ਸਾਂਝੇ ਹਨ ਤੇ ਸਭ ਨੂੰ ਇਨ੍ਹਾਂ ਸ਼ਹੀਦਾਂ ਦੀ ਬਰਸੀ ਮਨਾਉਣੀ ਚਾਹੀਦੀ ਹੈ ਸਭ ਨੂੰ ਇਨ੍ਹਾਂ ਦੀ ਬਰਸੀ ਤੇ ਆਉਣਾ ਚਾਹੀਦਾ ਹੈ। ਐਤਕਾਂ ਵੀ ਸ਼ਹੀਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਦੌਲਤ ਪੁਰ ਵਿਖੇ ਮਨਾਈ ਜਾ ਰਹੀ ਹੈ।

ਹੁਸਨ ਲੜੋਆ ਬੰਗਾ
  • ਹੁਸਨ ਲੜੋਆ ਬੰਗਾ, ਫ਼ੋਨ: (916) 308-7997, E-mail: apnanews@gmail.com