ਮਹਾਰਾਣੀ ਐਲਿਜ਼ਾਬੈੱਥ II ਦੀ ਮੌਤ ਦੇ ਮੌਕੇ ‘ਤੇ 26 ਸਤੰਬਰ ਨੂੰ ਇੱਕ-ਵਾਰ ਜਨਤਕ ਛੁੱਟੀ ਹੋਵੇਗੀ

ਵੈਲਿੰਗਟਨ, 12 ਸਤੰਬਰ – ਨਿਊਜ਼ੀਲੈਂਡ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਮੌਤ ‘ਤੇ 26 ਸਤੰਬਰ ਨੂੰ ਇੱਕ-ਵਾਰ ਜਨਤਕ ਛੁੱਟੀ ਦੇ ਨਾਲ ਸੋਗ ਮਨਾਏਗਾ। ਜਨਤਕ ਛੁੱਟੀ ਨੂੰ “ਕੁਈਨ ਐਲਿਜ਼ਾਬੈੱਥ II ਮੈਮੋਰੀਅਲ ਡੇ” ਕਿਹਾ ਜਾਵੇਗਾ ਅਤੇ ਛੁੱਟੀ ਨੂੰ ਲਾਗੂ ਕਰਨ ਲਈ ਅਗਲੇ ਹਫ਼ਤੇ ਕਾਨੂੰਨ ਪਾਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਦੁਪਹਿਰ ਨੂੰ ਐਲਾਨ ਕੀਤੀ ਕਿ ਮਹਾਰਾਣੀ ਦੀ ਮੌਤ ਦੇ ਮੌਕੇ ‘ਤੇ 26 ਸਤੰਬਰ ਨੂੰ ਨਿਊਜ਼ੀਲੈਂਡ ਵਿੱਚ ਵੰਨ-ਆਫ਼ ਪਬਲਿਕ ਹੌਲੀਡੇ ਹੋਵੇਗੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਸੇ ਦਿਨ ਸੇਂਟ ਪੌਲ ਦੇ ਵੈਲਿੰਗਟਨ ਕੈਥੇਡ੍ਰਲ ਵਿੱਚ ਮਹਾਰਾਣੀ ਲਈ ਇੱਕ ਸਟੇਟ ਮੈਮੋਰੀਅਲ ਸੇਵਾ ਵੀ ਆਯੋਜਿਤ ਕੀਤੀ ਜਾਵੇਗੀ। ਸਮਾਗਮ ਟੈਲੀਵਿਜ਼ਨ ਅਤੇ ਲਾਈਵਸਟ੍ਰੀਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇੱਕ ਗਿਰਜਾਘਰ ਜਿਸ ਦਾ ਮਰਹੂਮ ਮਹਾਰਾਣੀ ਨੇ 1954 ਵਿੱਚ ਨੀਂਹ ਪੱਥਰ ਰੱਖਿਆ ਸੀ।
ਉਨ੍ਹਾਂ ਕਿਹਾ ਕਿ, ‘ਮਹਾਰਾਣੀ ਐਲਿਜ਼ਾਬੈੱਥ II ਇੱਕ ਅਸਾਧਾਰਨ ਮਹਿਲਾ ਸਨ ਅਤੇ ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਨਿਊਜ਼ੀਲੈਂਡਰ ਉਨ੍ਹਾਂ ਦੀ ਮੌਤ ਨੂੰ ਚਿੰਨ੍ਹਿਤ ਕਰਨ ਅਤੇ ਉਨ੍ਹਾਂ ਦੇ ਜੀਵਨ ਦਾ ਜਸ਼ਨ ਮਨਾਉਣ ਦੇ ਮੌਕੇ ਦੀ ਸ਼ਲਾਘਾ ਕਰਨਗੇ’।
ਆਰਡਰਨ ਨੇ ਕਿਹਾ ਕਿ ਜਨਤਕ ਛੁੱਟੀ ਨੇ ਲੋਕਾਂ ਨੂੰ ਆਪਣਾ ਸਨਮਾਨ ਦੇਣ ਅਤੇ ਦੇਸ਼ ਭਰ ਦੇ ਭਾਈਚਾਰਿਆਂ ਨੂੰ ਸਥਾਨਕ ਸਮਾਗਮਾਂ ਨਾਲ ਇਕੱਠੇ ਹੋਣ ਅਤੇ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਦਿੱਤੀ ਹੈ।
ਗੌਰਤਲਬ ਹੈ ਕਿ ਮਹਾਰਾਣੀ ਦੇ ਸਨਮਾਨ ਵਿੱਚ ਇੱਕ-ਵਾਰ ਜਨਤਕ ਛੁੱਟੀ ਰੱਖਣ ਦਾ ਫ਼ੈਸਲਾ ਵੀ ਯੂਕੇ ਅਤੇ ਆਸਟਰੇਲੀਆ ਵਿੱਚ ਸਮਾਨ ਛੁੱਟੀਆਂ ਦੇ ਨਾਲ ਮੇਲ ਖਾਂਦਾ ਹੈ ਅਤੇ ਇੱਕ ਇਤਿਹਾਸਕ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ।
ਆਰਡਰਨ ਨੇ ਪੁਸ਼ਟੀ ਕੀਤੀ ਕਿ ਉਹ ਗਵਰਨਰ ਜਨਰਲ ਡੇਮ ਸਿੰਡੀ ਕਿਰੋ ਦੇ ਨਾਲ ਲੰਡਨ ਵਿੱਚ ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗੀ, ਉਹ 14 ਸਤੰਬਰ ਦਿਨ ਬੁੱਧਵਾਰ ਨੂੰ ਨਿਊਜ਼ੀਲੈਂਡ ਤੋਂ ਰਵਾਨਾ ਹੋਵੇਗੀ। ਆਰਡਰਨ ਦੀਆਂ ਯਾਤਰਾਵਾਂ ਬਾਰੇ ਹੋਰ ਵੇਰਵੇ ਆਉਣ ਵਾਲੇ ਦਿਨਾਂ ਵਿੱਚ ਜਾਰੀ ਕੀਤੇ ਜਾਣਗੇ।
ਮਹਾਰਾਣੀ ਦੀ ਮੌਤ ਦਾ ਐਲਾਨ ਸ਼ੁੱਕਰਵਾਰ (NZT) ਨੂੰ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ, 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਕੀਤਾ ਜਾਵੇਗਾ। ਮਹਾਰਾਣੀ ਦੀ ਮੌਤ ਦੇ ਐਲਾਨ ਤੋਂ ਤੁਰੰਤ ਬਾਅਦ ਰਾਸ਼ਟਰੀ ਸੋਗ ਦੀ ਮਿਆਦ ਸ਼ੁਰੂ ਹੋ ਗਈ ਅਤੇ ਨੈਸ਼ਨਲ ਮੈਮੋਰੀਅਲ ਸਰਵਿਸ ਤੱਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ 22 ਸਤੰਬਰ ਨੂੰ ਇੱਕ-ਵਾਰ ਰਾਸ਼ਟਰੀ ਜਨਤਕ ਛੁੱਟੀ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇਹ ਕਦਮ ਮਰਹੂਮ ਮਹਾਰਾਣੀ ਦੇ ‘ਜੀਵਨ ਅਤੇ ਸੇਵਾ ਦੇ ਸਨਮਾਨ ਵਿੱਚ’ ਹੈ ਅਤੇ ਇੱਕ ਯਾਦਗਾਰੀ ਸੇਵਾ ਨਾਲ ਮੇਲ ਖਾਂਦਾ ਹੈ। ਜਦੋਂ ਕਿ ਕਿੰਗ ਚਾਰਲਸ ਨੇ ਐਲਾਨ ਕੀਤੀ ਹੈ ਕਿ ਮਹਾਰਾਣੀ ਦੇ ਅੰਤਿਮ ਸੰਸਕਾਰ ਦੇ ਦਿਨ 19 ਸਤੰਬਰ ਨੂੰ ਯੂਕੇ ਵਿੱਚ ਇੱਕ ਬੈਂਕ ਛੁੱਟੀ ਹੋਵੇਗੀ।