ਮਹਿਲਾ ਟੀ-20 ਵਰਲਡ ਕੱਪ: ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਫਾਈਨਲ ’ਚ, ਫਾਈਨਲ ਵਿੱਚ ਆਸਟਰੇਲੀਆ ਨਾਲ ਮੁਕਾਬਲਾ

ਕੇਪਟਾਊਨ, 24 ਫਰਵਰੀ – ਦੱਖਣੀ ਅਫਰੀਕਾ ਨੇ ਅੱਜ ਇੱਥੇ ਇਕ ਨੇੜਲੇ ਮੁਕਾਬਲੇ ਵਿੱਚ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਐਤਵਾਰ ਨੂੰ ਆਸਟਰੇਲੀਆ ਨਾਲ ਹੋਵੇਗਾ।
ਦੱਖਣੀ ਅਫਰੀਕਾ ਵੱਲੋਂ ਖਾਕਾ ਨੇ 29 ਦੌੜਾਂ ਦੇ ਕੇ ਚਾਰ ਅਤੇ ਇਸਮਾਈਲ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਆਪਣੀ ਟੀਮ ਨੂੰ ਯਾਦਗਾਰੀ ਜਿੱਤ ਦਿਵਾਈ। ਡੈਨੀਅਲ ਵਾਇਟ (30 ਗੇਂਦਾਂ ’ਤੇ 34 ਦੌੜਾਂ) ਅਤੇ ਸੋਫੀਆ ਡੰਕਲੇ (16 ਗੇਂਦਾਂ ’ਤੇ 28 ਦੌੜਾਂ) ਨੇ ਪਹਿਲੇ ਵਿਕਟ ਲਈ 53 ਦੌੜਾਂ ਜੋੜ ਕੇ ਇੰਗਲੈਂਡ ਨੂੰ ਚੰਗੀ ਸ਼ੁਰੂਆਤ ਦਿਵਾਈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 164 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਅੱਠ ਵਿਕਟਾਂ ’ਤੇ 158 ਦੌੜਾਂ ਹੀ ਬਣਾ ਸਕੀ। ਆਈਸੀਸੀ ਟੀ20 ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਖਿਡਾਰਨ ਲੌਰਾ ਵੂਲਵਾਰਟ ਨੇ 44 ਗੇਂਦਾਂ ’ਤੇ 53 ਦੌੜਾਂ ਬਣਾਈਆਂ ਜਦਕਿ ਤਾਜ਼ਮਿਨ ਬ੍ਰਿਟਸ ਨੇ 55 ਗੇਂਦਾਂ ’ਤੇ 68 ਦੌੜਾਂ ਦੀ ਵਧੀਆ ਪਾਰੀ ਖੇਡੀ। ਇਨ੍ਹਾਂ ਦੋਹਾਂ ਨੇ ਪਹਿਲੇ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕਰ ਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਇੰਗਲੈਂਡ ਵੱਲੋਂ ਸਟਾਰ ਸਪਿੰਨਰ ਸੋਫੀ ਐਕਲੈਸਟੋਨ ਨੇ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਵੂਲਵਾਰਟ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਇਆ। ਇਸ 23 ਸਾਲਾ ਖਿਡਾਰਨ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਇਕ ਛੱਕਾ ਲਗਾਇਆ। ਐਕਲੇਸਟੋਨ ਨੇ ਵੂਲਵਾਰਟ ਨੂੰ ਚਾਰਲੋਟ ਡੀਨ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਨੂੰ ਪਹਿਲੀ ਸਫਲਤਾ ਦਿਵਾਈ।
ਇਸ ਤੋਂ ਬਾਅਦ ਉਸ ਦੀ ਸਾਥੀ ਬੱਲੇਬਾਜ਼ ਬ੍ਰਿਟਸ ਨੇ ਆਪਣਾ ਹਮਲਾਵਰ ਰੁਖ਼ ਦਿਖਾਇਆ। ਉਸ ਵੱਲੋਂ ਲੈੱਗ ਸਪਿੰਨਰ ਸਰਾਹ ਗਲੈਨ ਦੀ ਗੇਂਦ ’ਤੇ ਮਾਰਿਆ ਗਿਆ ਛੱਕਾ ਕਾਫੀ ਵਧੀਆ ਸੀ। ਉਸ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਦੋ ਛੱਕੇ ਲਗਾਏ। ਇਨ੍ਹਾਂ ਦੋਹਾਂ ਤੋਂ ਇਲਾਵਾ ਮਾਰੀਜ਼ੇਨ ਕੈਪ ਨੇ ਨਾਬਾਦ 23 ਦੌੜਾਂ ਦੀ ਪਾਰੀ ਖੇਡੀ। ਕੈਥਰੀਨ ਸਕਾਈਵਰ ਬ੍ਰੰਟ ਨੇ ਪਾਰੀ ਦੇ ਆਖਰੀ ਓਵਰ ਵਿੱਚ 18 ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਨੇ ਆਖ਼ਰੀ ਛੇ ਓਵਰਾਂ ’ਚ 66 ਦੌੜਾਂ ਬਣਾਈਆਂ।