ਮਹੂਆ ਮਾਮਲਾ ਸਵਾਲ ਬਦਲੇ ਨਗ਼ਦੀ: ਲੋਕ ਸਭਾ ਦੀ ਸਦਾਚਾਰ ਕਮੇਟੀ ਨੇ ਟੀਐੱਮਸੀ ਆਗੂ ਮਹੂਆ ਮੋਇਤਰਾ ਬਾਰੇ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੀ

ਮਹੂਆ ਦੀ ਬਰਖ਼ਾਸਤਗੀ ਬਾਰੇ ਲਿਆ ਜਾ ਸਕਦੈ ਫੈਸਲਾ
ਨਵੀਂ ਦਿੱਲੀ, 10 ਨਵੰਬਰ – ਲੋਕ ਸਭਾ ਦੀ ਸਦਾਚਾਰ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੇ ‘ਸਵਾਲ ਬਦਲੇ ਨਗ਼ਦੀ’ ਮਾਮਲੇ ਵਿਚ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ।
ਲੋਕ ਸਭਾ ਦੀ ਸਦਾਚਾਰ ਕਮੇਟੀ ਨੇ ਵੀਰਵਾਰ ਨੂੰ ਕੀਤੀ ਬੈਠਕ ਵਿੱਚ 6-4 ਦੇ ਬਹੁਮਤ ਨਾਲ ਰਿਪੋਰਟ ਸਵੀਕਾਰ ਕਰਦਿਆਂ ਮੋਇਤਰਾ ਨੂੰ ਲੋਕ ਸਭਾ ਵਿਚੋਂ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ‘ਅਨੈਤਿਕ ਵਿਹਾਰ’ ਤੇ ‘ਸਦਨ ਦੀ ਤੌਹੀਨ’ ਨੂੰ ਅਧਾਰ ਬਣਾ ਕੇ ਉਪਰੋਕਤ ਸਿਫਾਰਸ਼ ਕੀਤੀ ਹੈ। ਬੈਠਕ ਵਿੱਚ ਸ਼ਾਮਲ ਦਸ ਮੈਂਬਰਾਂ ਵਿਚੋਂ 6 ਨੇ ਜਿੱਥੇ 479 ਸਫਿਆਂ ਵਾਲੀ ਰਿਪੋਰਟ ਦੀ ਹਮਾਇਤ ਕੀਤੀ, ਉਥੇ ਵਿਰੋਧੀ ਪਾਰਟੀਆਂ ਦੇ ਚਾਰ ਮੈਂਬਰਾਂ ਨੇ ਅਸਹਿਮਤੀ ਜਤਾਈ। ਸੂਤਰਾਂ ਮੁਤਾਬਕ ਬਿਰਲਾ ਇਸ ਵੇਲੇ ਕੋਟਾ ਵਿਚ ਹਨ ਤੇ ਉਨ੍ਹਾਂ ਦੇ ਦੀਵਾਲੀ ਮਗਰੋਂ ਕੌਮੀ ਰਾਜਧਾਨੀ ਪਰਤਣ ਦੀ ਉਮੀਦ ਹੈ। ਇਸ ਮਗਰੋਂ ਹੀ ਉਹ ਰਿਪੋਰਟ ’ਤੇ ਕਾਰਵਾਈ ਦਾ ਫੈਸਲਾ ਲੈਣਗੇ।