ਮਾਈਕਲ ਵੁੱਡ ਨੇ ਹੋਰ ਸ਼ੇਅਰਹੋਲਡਿੰਗਜ਼ ਦਾ ਖ਼ੁਲਾਸਾ ਹੋਣ ਤੋਂ ਬਾਅਦ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ

ਵੈਲਿੰਗਟਨ, 21 ਜੂਨ – ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਦੁਪਹਿਰ ਨੂੰ ਅਚਾਨਕ ਪ੍ਰੈੱਸ ਕਾਨਫ਼ਰੰਸ ਬੁਲਾ ਕੇ ਐਲਾਨ ਕੀਤੀ ਕਿ ਮਾਈਕਲ ਵੁੱਡ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਵੁੱਡ ਟਰਾਂਸਪੋਰਟ, ਇਮੀਗ੍ਰੇਸ਼ਨ, ਕੰਮ ਵਾਲੀ ਥਾਂ ਦੇ ਸਬੰਧਾਂ ਅਤੇ ਆਕਲੈਂਡ ਮੁੱਦਿਆਂ ਲਈ ਮੰਤਰੀ ਸੀ। ਉਹ ਇੱਕ ਸਹਿਯੋਗੀ ਵਿੱਤ ਮੰਤਰੀ ਵੀ ਸੀ।
ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਕਿਹਾ ਕਿ, “ਕੈਬਿਨੇਟ ਦਫਤਰ ਅਤੇ ਮੇਰੇ ਵੱਲੋਂ ਮਾਈਕਲ ਨੂੰ ਆਪਣੀਆਂ ਸ਼ੇਅਰਹੋਲਡਿੰਗਾਂ ਦਾ ਪ੍ਰਬੰਧਨ ਕਰਨ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਉਹ ਵਾਰ-ਵਾਰ ਹਿੱਤਾਂ ਦੇ ਟਕਰਾਅ ਦੀ ਪਛਾਣ ਕਰਨ, ਖੁਲਾਸਾ ਕਰਨ ਅਤੇ ਉਚਿਤ ਢੰਗ ਨਾਲ ਪ੍ਰਬੰਧਨ ਕਰਨ ਵਿੱਚ ਅਸਫਲ ਰਿਹਾ ਹੈ”।
ਮੁਅੱਤਲ ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ, ਜਦੋਂ ਇਹ ਖੁਲਾਸਾ ਹੋਇਆ ਸੀ ਕਿ ਉਸ ਦੇ ਪਰਿਵਾਰਕ ਟਰੱਸਟ ਦੇ ਕੋਰਸ, ਸਪਾਰਕ ਅਤੇ ਨੈਸ਼ਨਲ ਆਸਟਰੇਲੀਆ ਬੈਂਕ ਵਿੱਚ ਸ਼ੇਅਰ ਸਨ ਜੋ ਉਸਨੇ ਘੋਸ਼ਿਤ ਨਹੀਂ ਕੀਤਾ ਸੀ।
ਵੁੱਡ ਨੇ ਉਨ੍ਹਾਂ ਸੈਕਟਰਾਂ ਨਾਲ ਸੰਬੰਧਿਤ ਫੈਸਲੇ ਲਏ ਸਨ ਜਾਂ ਉਨ੍ਹਾਂ ਵਿੱਚ ਸ਼ਾਮਲ ਸੀ ਜਿਸ ਵਿੱਚ ਉਸ ਨੇ ਇਹ ਅਣਐਲਾਨੀ ਸ਼ੇਅਰਹੋਲਡਿੰਗ ਰੱਖੀ ਹੋਈ ਸੀ। ਵੁੱਡ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਵਜੋਂ ਕੰਮ ਕਰਦੇ ਸਮੇਂ ਆਕਲੈਂਡ ਏਅਰਪੋਰਟ ਵਿੱਚ ਆਪਣੀ ਹਿੱਸੇਦਾਰੀ ਨਾਲ ਸਬੰਧਤ ਹਿੱਤਾਂ ਦੇ ਟਕਰਾਅ ਦਾ ਐਲਾਨ ਨਾ ਕਰਨ ਲਈ ਜਾਂਚ ਦੇ ਘੇਰੇ ਵਿੱਚ ਸੀ। ਉਨ੍ਹਾਂ ਨੇ ਕਿਹਾ, “ਮੈਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸੰਭਾਲਿਆ, ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ, ਅਤੇ ਇਸ ਤਰ੍ਹਾਂ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਇਸ ਸਥਿਤੀ ਲਈ ਉਨ੍ਹਾਂ ਅਤੇ ਜਨਤਾ ਤੋਂ ਮੁਆਫੀ ਮੰਗਦਾ ਹਾਂ”।