ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖਰ-ਏ-ਕੌਮ’ ਦੀ ਉਪਾਧੀ

ਅੰਮ੍ਰਿਤਸਰ – 5 ਦਸੰਬਰ ਦਿਨ ਸੋਮਵਾਰ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਲਈ ਬੜਾ ਹੀ ਭਾਗਾਂ ਵਾਲਾ ਚੜ੍ਹਿਆਂ। ਮੁੱਖ ਮੰਤਰੀ ਸ. ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਰਵਾਇਤਾਂ ਅਨੁਸਾਰ ਹੋਏ ਧਾਰਮਿਕ ਸਮਾਗਮ ‘ਚ ਪੰਥਕ ਤੇ ਸਿਆਸੀ ਜੀਵਨ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਦੀ ਮੌਜ਼ੂਦਗੀ ਵਿੱਚ ਬਹੁ ਸਨਮਾਨਿਤ ‘ਪੰਥ ਰਤਨ ਫ਼ਖਰ-ਏ-ਕੌਮ’ ਦੀ ਉਪਾਧੀ ਬਖਸ਼ਿਸ਼ ਕੀਤੀ ਗਈ। ਸਿੰਘ ਸਾਹਿਬਾਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਖੱੜ੍ਹੇ ਹੋ ਕੇ ਮੁੱਖ ਮੰਤਰੀ ਸ. ਬਾਦਲ ਨੂੰ ਸਿਰੋਪਾਓ, ਸ੍ਰੀ ਸਾਹਿਬ ਅਤੇ ਪੰਥ ਰਤਨ ਦੀ ਉਪਾਧੀ ਵਾਲੀ ਪਲੇਟ ਭੇਂਟ ਕੀਤੀ। ਉਪ ਮੁੱਖ ਮੰਤਰੀ ਤੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੀ ਸਨਮਾਨ ਹਾਸਲ ਕਰਨ ਵਿੱਚ ਮਦਦ ਕੀਤੀ। ਇਹ ਸਮਨਾਮ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਇਆ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਵੱਲੋਂ ਕੀਰਤਨ ਤੇ ਭਾਈ ਧਰਮ ਸਿੰਘ ਵੱਲੋਂ ਅਰਦਾਸ ਅਤੇ ਹੁਕਮਨਾਮਾ ਲਿਆ ਗਿਆ।
ਇਸ ਮੌਕੇ ਸਿੱਖ ਕੌਮ ਨੂੰ ਸੰਬੋਧਿਤ ਹੁੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ  ਪੰਥ ਨੂੰ ਤਨ ਮਨ ਤੋਂ ਸਮਰਪਿਤ ਹੋਣਾ ਹੀ ਸਿੱਖੀ ਦੀ ਮੂਲ ਨਿਸ਼ਾਨੀ ਹੈ ਤੇ ਸਿੱਖ ਰਾਜੇ, ਰਿਆਸਾਂ ਦੇ ਮੁਖੀ, ਮਿਸਲਾਂ ਦੇ ਸਰਦਾਰ ਤੇ ਅਹਿਲਕਾਰ ਆਦਿ ਸਾਰੀ ਸ਼ਾਨੋ ਸ਼ੌਕਤ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਗੁਰੂ ਪੰਥ ਨੂੰ ਰੋਮ ਰੋਮ ਤੋਂ ਸਮਰਪਿਤ ਹੁੰਦੇ ਰਹੇ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਵੇਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਸੇਵਾ ਲੱਗੇ ਜਾਂ ਮਾਣ ਮਿਲੇ ਸਤਿਕਾਰ ਸਹਿਤ ਪ੍ਰਵਾਨ ਕਰਦੇ ਰਹੇ ਹਨ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ. ਬਾਦਲ ਨੂੰ ਇਹ ਸਨਮਾਨ ਉਨ੍ਹਾਂ ਨੂੰ ਪੰਜਾਬ ਤੇ ਪੰਥ ਦੀਆਂ ਸੇਵਾਵਾਂ ਨਿਭਉਣ ਖ਼ਾਤਿਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਸ. ਬਾਦਲ ਨੂੰ ਸਿੱਖ ਵਿਰਾਸਤ ਦੇ ਸ਼ਹੀਦੀ ਵਿਰਾਸਤੀ ਯਾਦਗਾਰਾਂ ਨੂੰ ਸਿੱਖ ਕੌਮ ਲਈ ਸੰਭਾਲਣ ਦਾ ਸਤਿਕਾਰ ਦਿੱਤਾ। ਸਨਮਾਨ ਹਾਸਲ ਕਰਨ ਉਪਰੰਤ ਸ. ਬਾਦਲ ਨੇ ਕਿਹਾ ਕਿ ‘ਪੰਥ ਰਤਨ ਫ਼ਖਰ-ਏ-ਕੌਮ’ ਦਾ ਸਨਮਾਨ ਮਿਲਣਾ ਉਨ੍ਹਾਂ ਲਈ ਫ਼ਖਰ ਦੀ ਗੱਲ ਹੈ ਅਤੇ ਉਹ ਭਵਿੱਖ ਵਿੱਚ ਵੀ ਗੁਰੂ ਘਰ ਪ੍ਰਤੀ ਸਮਰਪਿਤ ਰਹਿੰਦਿਆਂ ਇਕ ਨਿਮਾਣੇ ਸਿੱਖ ਵਜੋਂ ਵਿਚਰਦੇ ਰਹਿਣਗੇ।
ਗੌਰਤਬ ਹੈ ਕਿ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਮਾਣ ਸਤਿਕਾਰ ਮਿਲਦਾ ਰਿਹਾ ਹੈ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂ ਕਵੀ ਭਾਈ ਸੰਤੋਖ ਸਿੰਘ, ਮਾਸਟਰ ਤਾਰਾ ਸਿੰਘ, ਸ. ਕਪੂਰ ਸਿੰਘ, ਬਾਬਾ ਖੜਕ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਭਾਈ ਹਰਭਜਨ ਸਿੰਘ ਯੋਗੀ ਅਮਰੀਕਾ ਵਾਲੇ, ਸ. ਦੀਦਾਰ ਸਿੰਘ ਬੈਂਸ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਗਿਆਨੀ ਸੰਤ ਸਿੰਘ ਮਸਕੀਨ ਆਦਿ ਸ਼ਖਸੀਅਤਾਂ ਸ਼ਾਮਿਲ ਹਨ।