ਮੁੱਖ ਮੰਤਰੀ ਬਾਦਲ ਨੇ ਨਵੇਂ ਜਨਮੇ ਬੱਚੇ ਦੀ ਮੌਤ ਬਾਰੇ ਜਾਂਚ ਦੇ ਹੁਕਮ

ਚੰਡੀਗੜ੍ਹ, 26 ਜੁਲਾਈ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਨੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਨਵੇਂ ਜਨਮੇ ਬੱਚੇ ਦੀ ਹੋਈ ਮੌਤ ਸਬੰਧੀ ਘਟਨਾ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜਲੰਧਰ ਦੇ ਸੰਤੋਖਪੁਰਾ ਦੀ ਵਸਨੀਕ ਸ਼੍ਰੀਮਤੀ ਅਨੀਤਾ ਪਤਨੀ ਸ਼੍ਰੀ ਸੰਜੀਵ ਵਲੋਂ ਆਪਣੇ ਨਵੇਂ ਜਨਮੇ ਬੱਚੇ ਦੀ ਮੌਤ ਸਬੰਧੀ ਹਸਪਤਾਲ ਦੇ ਸਟਾਫ ‘ਤੇ ਬੇਧਿਆਨੀ ਕਰਨ ਦੇ ਲਾਏ ਗਏ ਦੋਸ਼ ‘ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੈਦਾ ਹੋਏ ਇਸ ਬੱਚੇ ਦੀ ਮੌਤ ਸਬੰਧੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਨੇ ਇਸ ਸਬੰਧੀ ਸ਼੍ਰੀ ਪਰਨੀਤ ਭਾਰਦਵਾਜ ਏ ਡੀ ਸੀ (ਜਨਰਲ) ਜਲੰਧਰ, ਸ਼੍ਰੀ ਸੁਮੀਤ ਐਸ. ਡੀ. ਐਮ. ਨਕੋਦਰ, ਡਾ. ਆਰ. ਐਲ. ਬਸਾਨ, ਸਿਵਲ ਸਰਜਨ ਜਲੰਧਰ, ਡਾ. ਸੰਗੀਤਾ ਕਪੂਰ ਮੈਡੀਕਲ ਅਫਸਰ (ਗਾਇਨੀ), ਡਾ. ਜਸਵਿੰਦਰ ਕੌਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਲੰਧਰ ਦੇ ਅਧਾਰਤ ਇਸ ਮਾਮਲੇ ਦੀ ਜਾਂਚ ਕਰਨ ਲਈ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਰਿਕਾਰਡ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ ਅਤੇ ਪ੍ਰਭਾਵਿਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰੇਗੀ ਅਤੇ ਤਿੰਨ ਦਿਨਾਂ ਦੇ ਵਿੱਚ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਡਾ ਕਰਨਜੀਤ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜ ਹੈਡਕੁਆਟਰਾਂ ਦੀ ਤਰਫੋਂ ਜਾਂਚ ਨਾਲ ਸਬੰਧਤ ਰਹਿਣ।