ਮੁੱਖ ਮੰਤਰੀ ਬਾਦਲ ਨੇ 4 ਵਿਦਿਆਰਥਣਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਾਬਾ ਬਕਾਲਾ ਨੇੜੇ ਸਵੇਰੇ ਸਕੂਲ ਬੱਸ ਤੇ ਰੇਲ ਗੱਡੀ ਦੀ ਟੱਕਰ ਵਿੱਚ 4 ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਇਸੇ ਦੌਰਾਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਮ੍ਰਿਤਕ ਬੱਚੀਆਂ ਦੇ ਸੋਗ ‘ਚ ਡੁੱਬੇ ਪਰਿਵਾਰਾਂ ਦੀ ਇਸ ਸੰਕਟ ਦੀ ਘੜੀ ਵਿੱਚ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਜ਼ਖਮੀਆਂ ਨੂੰ ਬਿਹਤਰ ਡਾਕਟਰੀ ਸਹਾਇਤਾ ਮੁਫ਼ਤ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਨੂੰ ਹਦਾਇਤ ਕਰਨ। ਸ. ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਹ ਜ਼ਿਕਰਯੋਗ ਹੈ ਕਿ ਕੋਟ ਮਹਿਤਾਬ ਨੇੜੇ ਰੇਲ ਗੱਡੀ ਤੇ ਸਕੂਲ ਬੱਸ ਦੀ ਜਿਸ ਵੇਲੇ ਟੱਕਰ ਹੋਈ, ਉਸ ਵੇਲੇ ਸੰਤ ਮੱਜਾ ਸਿੰਘ ਸਕੂਲ, ਬਾਬਾ ਬਕਾਲਾ ਦੇ 23 ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ ਚਾਰ ਵਿਦਿਆਰਥਣਾਂ ਦੀ ਮੌਤ ਹੋ ਗਈ।
ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਨੂੰ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਪਿੱਛੇ ਪਰਿਵਾਰਾਂ ਨੂੰ ਇਹ ਨਾ-ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖ਼ਸ਼ਣ। ਉਨ੍ਹਾਂ ਨੇ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ।