ਮੁੱਖ ਮੰਤਰੀ ਵਲੋਂ ਉੱਘੇ ਰਾਗੀ ਭਾਈ ਅਮਰੀਕ ਸਿੰਘ ਜ਼ਖ਼ਮੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਉਪ ਮੁੱਖ ਮੰਤਰੀ ਅਤੇ ਮਜੀਠੀਆ ਵਲੋਂ ਵੀ ਜ਼ਖ਼ਮੀ ਦੇ ਦੇਹਾਂਤ ‘ਤੇ ਅਫ਼ਸੋਸ ਜ਼ਾਹਿਰ
ਚੰਡੀਗੜ੍ਹ, 11 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵਿਸ਼ਵ ਪ੍ਰਸਿੱਧ ਕਲਾਸੀਕਲ ਰਾਗੀ ਭਾਈ ਅਮਰੀਕ ਸਿੰਘ ਜ਼ਖਮੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਐਤਵਾਰ ਦੀ ਸ਼ਾਮ ਨੂੰ ਬਰੇਨ ਹੈਮਰੇਜ ਹੋ ਜਾਣ ਕਾਰਨ ਚੱਲ ਵਸੇ।
ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਭਾਈ ਅਮਰੀਕ ਸਿੰਘ ਜ਼ਖਮੀ ਨੇ ਆਖ਼ਰੀ ਸਾਹ ਤੱਕ ਕਲਾਸੀਕਲ ਗੁਰਬਾਣੀ ਕੀਰਤਨ ਦੇ ਵਿਲੱਖਣ ਢੰਗ ਤੇ ਰਵਾਇਤ ਨੂੰ ਬਰਕਰਾਰ ਰੱਖਿਆ। ਸ. ਬਾਦਲ ਨੇ ਆਖਿਆ ਕਿ ਭਾਈ ਜ਼ਖਮੀ ਜੀ ਸਿੱਖ ਪੰਥ ਦੀ ਸੇਵਾ ਲਈ ਪੂਰਨ ਤੌਰ ‘ਤੇ ਸਮਰਪਿਤ ਸਨ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਸਿੱਖ ਧਰਮ ਵਿੱਚ ਇਕ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੂਰਨਾ ਬਹੁਤ ਮੁਸ਼ਕਲ ਹੈ।
ਸ. ਬਾਦਲ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਸ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਭਾਈ ਅਮਰੀਕ ਸਿੰਘ ਜ਼ਖਮੀ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।