ਮੁੱਖ ਮੰਤਰੀ ਵੱਲੋਂ ਆਸਾਰਾਮ ਟਰੱਸਟ ਦੀ ਮੀਡੀਆ ਸਲਾਹਕਾਰ ਦੇ ਕਥਨ ਦੀ ਨਿੰਦਾ

ਚੰਡੀਗੜ੍ਹ, 26 ਅਗਸਤ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਿਸ ਨੀਲਮ ਦੂਬੇ ਦੇ ਉਸ ਕਥਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਜਿਸ ‘ਚ ਉਸ ਨੇ ਸਿੱਖ ਇਤਿਹਾਸ ਖਾਸ ਤੌਰ ‘ਤੇ ਸਿੱਖ ਗੁਰੁ ਸਾਹਿਬਾਨਾਂ ਬਾਰੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮਿਸ ਨੀਲਮ ਦੂਬੇ ਜੋ ਕਿ ਆਸਾਰਾਮ ਟਰੱਸਟ ਦੀ ਮੀਡੀਆ ਸਲਾਹਕਾਰ ਹੈ, ਉਸ ਨੇ ਸਿੱਖ ਇਤਿਹਾਸ ਬਾਰੇ ਬਹੁਤ ਹੀ ਆਪੱਤੀਜਨਕ ਤੇ ਤਕਲੀਫਦੇਹ ਹਵਾਲੇ ਦਿੱਤੇ ਹਨ ਅਤੇ ਖਾਸ ਤੌਰ ‘ਤੇ ਆਦਰਯੋਗ ਸਿੱਖ ਗੁਰੂਆਂ ਬਾਰੇ ਮਾੜੀਆਂ ਟਿੱਪਣੀਆਂ ਕੀਤੀਆਂ ਹਨ।
ਇੱਥੋਂ ਇਕ ਬਿਆਨ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਜਿਹੇ ਕਥਨਾਂ ਨੇ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ ਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੱਖਾਂ-ਕਰੋੜਾਂ ਅਜਿਹੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਚੋਟ ਲੱਗੀ ਹੈ ਜਿਨ੍ਹਾਂ ਲਈ ਗੁਰੁ ਸਾਹਿਬਾਨ ਆਦਰ ਤੇ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਥਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਜਿਹਾ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ ਜਿਸ ਅਸ਼ਾਂਤੀ ਪੈਦਾ ਹੋਵੇ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਤਿਹਾਸਕ ਤੱਥਾਂ ਦੀ ਪੜਤਾਲ ਤੋਂ ਬਿਨਾਂ ਸੰਵੇਦਨਸ਼ੀਲ ਧਾਰਮਿਕ ਮਾਮਲਿਆਂ ਬਾਰੇ ਬਿਆਨ ਦੇਣ ਦੀ ਆਗਿਆ ਨਹੀਂ ਹੋਣੀ ਚਾਹੀਦੀ।