ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਨਿਆਇਕ ਜਾਂਚ ਦੇ ਹੁਕਮ

news-en152ਬਾਦਲ ਵੱਲੋਂ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਕੀਤੇ ਜਾ ਰਹੇ ਝੂਠੇ ਭੰਡੀ ਪ੍ਰਚਾਰ ਤੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
ਚੰਡੀਗੜ੍ਹ, 14 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵਾਪਰੀ ਘਿਣਾਉਣੀ ਘਟਨਾ ਦੀ ਤਿੱਖੀ ਅਲੋਚਨਾ ਕਰਦਿਆਂ ਇਸ ਘਟਨਾ ਅਤੇ ਇਸ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਹਾਈ ਕੋਰਟ ਦੇ ਜੱਜ ਪਾਸੋਂ ਨਿਆਇਕ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਘਿਣਾਉਣੀ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਪੰਜਾਬ ਵਿੱਚ ਸਖ਼ਤ ਜੱਦੋ-ਜਹਿਦ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਅਸਥਿਰ ਕਰਨ ਅਤੇ ਫ਼ਿਰਕੂ ਤਣਾਅ ਪੈਦਾ ਕਰਨ ਲਈ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਗੰਭੀਰ ਭੜਕਾਹਟ ਦੇ ਬਾਵਜੂਦ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਜਿਹੇ ਅਨਸਰਾਂ ਕੋਲੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਨਵਤਾ ਵਿਰੋਧੀ ਇਸ ਘਿਣਾਉਣੀ ਕਾਰਵਾਈ ਵਿੱਚ ਸ਼ਾਮਲ ਸਾਰੇ ਸ਼ਰਾਰਤੀ ਤੱਤਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਫੜਨ ਲਈ ਸੂਬੇ ਦੇ ਪੁਲੀਸ ਮੁਖੀ ਨੂੰ ਏ.ਡੀ.ਜੀ.ਪੀ. (ਅਪਰਾਧ), ਸ੍ਰੀ ਆਈ.ਪੀ.ਐੱਸ. ਸਹੋਤਾ, ਡੀ.ਆਈ.ਜੀ. ਬਠਿੰਡਾ ਰੇਂਜ ਸ੍ਰੀ ਆਰ.ਐੱਸ. ਖੱਟੜਾ ਅਤੇ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸ੍ਰੀ ਅਮਰ ਸਿੰਘ ਚਾਹਲ ‘ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੇ ਆਦੇਸ਼ ਦਿੱਤੇ।
ਇਸ ਨਾ-ਮੁਆਫ਼ੀਯੋਗ ਕਾਰਵਾਈ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕ ਇਕ ਦਹਾਕੇ ਦੇ ਗੜਬੜ ਵਾਲੇ ਸਮੇਂ ਦੌਰਾਨ ਭਿਆਨਕ ਸਮੇਂ ਵਿੱਚ ਦੀ ਗੁਜ਼ਰੇ ਹਨ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ‘ਤੇ ਸੂਬੇ ਨੂੰ ਉਸ ਕਾਲੇ ਦੌਰ ਵਿੱਚ ਨਹੀਂ ਜਾਣ ਦੇਵੇਗੀ।
ਸ. ਬਾਦਲ ਨੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਕੀਤੇ ਜਾ ਰਹੇ ਝੂਠੇ ਭੰਡੀ ਪ੍ਰਚਾਰ ਤੋਂ ਚੌਕਸ ਰਹਿਣ ਲਈ ਆਖਿਆ ਹੈ ਜੋ ਕਿ ਸੂਬੇ ਵਿੱਚ ਫ਼ਿਰਕੂ ਲੀਹਾਂ ਉੱਤੇ ਸਮਾਜ ਨੂੰ ਵੰਡਣ ਅਤੇ ਸ਼ਾਂਤੀ, ਫ਼ਿਰਕੂ ਸਦਭਾਵਨਾ ਤੇ ਭਾਈਚਾਰਕ ਮਾਹੌਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈਂ ਤੁਹਾਨੂੰ ਇਸ ਸੰਕਟ ਦੀ ਘੜੀ ਵਿੱਚ ਸਾਡੇ ਮਹਾਨ ਗੁਰੂਆਂ, ਸੰਤਾਂ ਤੇ ਪੀਰਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਸ਼ਾਂਤੀ ਬਣਾਈ ਰੱਖਣ ਅਤੇ ਧਾਰਮਿਕ ਸਹਿਣਸ਼ੀਲਤਾ, ਏਕਤਾ ਅਤੇ ਭਾਈਚਾਰੇ ਦੇ ਵਿਸ਼ਵਾਸ ਦਾ ਪ੍ਰਗਟਾਵਾ ਕਰਨ ਦੀ ਅਪੀਲ ਕਰਦਾ ਹਾਂ”।