ਮੇਰੇ ਵੱਲੋਂ ਵੋਟਰਾਂ, ਉਮੀਦਵਾਰਾਂ ਨੂੰ ਅਪੀਲ ਅਤੇ ਮੇਰਾ ਚੋਣ ਮਨੋਰਥ ਪੱਤਰ, ਹਰਲਾਜ ਸਿੰਘ ਬਹਾਦਰਪੁਰ।

ਹਰਲਾਜ ਸਿੰਘ ਬਹਾਦਰਪੁਰ, ਪਿੰਡ ਤੇ ਡਾਕਖਾਨਾ ਬਹਾਦਰਪੁਰ, ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ । ਪਿੰਨ ਕੋਡ :-151501, ਫੋਨ ਨੰਬਰ :- 0091 9417023911 E-mail: harlajsingh7@gmail.com

ਸਤਿਕਾਰ ਯੋਗ ਨਗਰ ਨਿਵਾਸੀਓ ਬੇਨਤੀ ਹੈ ਕਿ ਜਲਦੀ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ, ਬੇਸ਼ੱਕ ਹਾਲੇ ਇਹ ਪਤਾ ਨਹੀਂ ਹੈ ਕਿ ਆਪਣੇ ਪਿੰਡ ਦੀ ਚੋਣ ਕਿਵੇਂ ਹੋਣੀ ਹੈ, ਇਹ ਐੱਸ ਸੀ ਲਈ ਰਾਖਵੀਂ ਹੋਣੀ ਹੈ, ਇਸਤਰੀ ਲਈ ਰਾਖਵੀ ਹੋਣੀ ਹੈ ਜਾਂ ਜਨਰਲ ਹੋਣੀ ਹੈ, ਇਹ ਵੀ ਨਹੀਂ ਪਤਾ ਕਿ ਸਰਪੰਚੀ ਦੀ ਚੋਣ ਸਿੱਧੀ ਹੋਣੀ ਹੈ ਜਾਂ ਪੰਚਾਂ ਰਾਹੀਂ ਹੋਣੀ ਹੈ, ਚਲੋ ਚੋਣ ਜਿਵੇਂ ਵੀ ਮਰਜੀ ਹੋਵੇ ਠੀਕ ਹੈ, ਪਰ ਇਹਨਾ ਚੋਣਾਂ ਲਈ ਮੇਰੇ ਕੁੱਝ ਵਿਚਾਰ ਹਨ ਜੋ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਮੇਰੀ ਇੱਛਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਪਾਰਟੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਚੁਣਿਆ ਜਾਵੇ, ਪਿੰਡ ਦੀ ਪੰਚਾਇਤ ਕਿਸੇ ਪਾਰਟੀ ਜਾਂ ਗਰੱੁਪ ਦੀ ਨਾ ਹੋ ਕੇ ਪਿੰਡ ਦੀ ਸਰਬਸ਼ਾਝੀ ਪੰਚਾਇਤ ਹੋਵੇ, ਜਿਸ ਨੂੰ ਸਮੁੱਚਾ ਨਗਰ ਆਪਣੀ ਪੰਚਾਇਤ ਸਮਝੇ। ਜੇ ਵੋਟਾਂ ਪਾਉਣ ਦੀ ਥਾਂ ਸਰਬ ਸੰਮਤੀ ਨਾਲ ਹੀ ਸਾਰੀ ਪੰਚਾਇਤ ਚੁਣੀ ਜਾਵੇ ਫਿਰ ਤਾਂ ਬਹੁਤ ਹੀ ਚੰਗੀ ਗੱਲ ਹੈ ਜੀ, ਇਹ ਗੱਲ ਹੈ ਬਹੁਤ ਔਖੀ, ਪਰ ਜੇ ਸਾਰੇ ਵਾਰਡਾਂ ਦੇ ਸਿਆਣੇ ਬੰਦੇ ਇਕੱਠੇ ਹੋ ਕੇ ਉਪਰਾਲਾ ਕਰਨ ਤਾਂ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ ਜੀ।
ਵੋਟਰਾਂ ਨੂੰ ਬੇਨਤੀ ਹੈ ਕਿ ਕਦੇ ਵੀ ਕਿਸੇ ਵੀ ਕੀਮਤ ਤੇ ਆਪਣੀ ਵੋਟ ਨਾ ਵੇਚੋ, ਤੁਹਾਡੀ ਵੋਟ ਦੀ ਕੀਮਤ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ ਜਾਂ ਚਾਰ-ਪੰਜ ਹਜਾਰ ਰੁਪਏ ਨਹੀਂ ਹੁੰਦੀ, ਤੁਹਾਡੀ ਵੋਟ ਨੇ ਹੀ ਇੱਕ ਆਮ ਵੋਟਰ ਨੂੰ ਪੰਚ, ਸਰਪੰਚ, ਐੱਮ ਐੱਲ ਏ, ਮੁੱਖ ਮੰਤਰੀ, ਐੱਮ ਪੀ, ਅਤੇ ਪ੍ਰਧਾਨ ਮੰਤਰੀ ਬਣਾਉਣਾ ਹੁੰਦਾ ਹੈ, ਜਦੋਂ ਸਾਡੇ ਲੀਡਰ ਇਮਾਨਦਾਰ ਸਨ ਜਦੋਂ ਵੋਟਾਂ ਨਹੀਂ ਸੀ ਵਿਕਦੀਆਂ, ਮਾੜੇ ਬੇਇਮਾਨ ਲੀਡਰਾਂ ਨੇ ਇਸ ਸੇਵਾ ਨੂੰ ਧੰਦਾ ਬਣਾਉਦਿਆਂ ਆਪਣੀ ਯੋਗਤਾ ਦੇ ਬਲਬੂਤੇ ਉੱਤੇ ਚੋਣ ਲੜਨ ਦੀ ਥਾਂ ਵੋਟਰਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ, ਅਫਸੋਸ ਕਿ ਅਸੀਂ ਬਿਨਾ ਸੋਚੇ ਸਮਝੇ ਵਿਕਣ ਲੱਗ ਪਏ, ਲੀਡਰਾਂ ਨੂੰ ਇਹ ਸੌਦਾ ਬਹੁਤ ਰਾਸ ਆਇਆ, ਉਹਨਾ ਨੇ ਸਾਨੂੰ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜਾਰ ਰੁਪਏ ਤੋਂ ਲੈ ਕੇ ਮੋਟਰਾਂ ਦੇ ਬਿੱਲ ਮੁਆਫ, ਮੁਫਤ ਆਟਾ ਦਾਲ, ਬੱਸ ਕਿਰਾਇਆ ਮੁਆਫ, ਬਿਜਲੀ ਦੇ ਬਿੱਲ ਮੁਆਫ ਕਰਨ ਤੋਂ ਲੈ ਕੇ ਸਾਡੇ ਖਾਤਿਆਂ ਵਿੱਚ ਵੀਹ ਵੀਹ ਲੱਖ ਪਾਉਣ ਦੇ ਲਾਲਚ ਦੇ ਕੇ ਸਾਨੂੰ ਅਜਿਹਾ ਖਰੀਦਿਆ ਕਿ ਉਹਨਾ ਨੇ ਸਾਡੇ ਸਮੇਤ ਪੂਰਾ ਦੇਸ਼ ਬੇਚਣਾ ਸ਼ੁਰੂ ਕਰਕੇ ਸਾਨੂੰ ਸਦਾ ਲਈ ਮੰਗਤੇ ਬਣਾ ਕੇ ਰੱਖ ਦਿੱਤਾ, ਜਿਸ ਕਾਰਨ ਅੱਜ ਸਾਡਾ ਦੇਸ਼ ਬਰਬਾਦੀ ਦੇ ਕੰਢੇ ਤੇ ਖੜਾ ਹੈ। ਸੋਚ ਕੇ ਵੇਖੋ ਕਿ ਮੁਫਤ ਦੀਆਂ ਚੀਜਾਂ ਕਿੱਥੋਂ ਆਉਣਗੀਆਂ, ਜਿਹੜਾ ਬੰਦਾ ਅੱਜ ਤੁਹਾਨੂੰ ਕੁੱਝ ਦੇਵੇਗਾ, ਆਪਣੀ ਸਮਰੱਥਾ ਅਨੁਸਾਰ ਕੱਲ੍ਹ ਨੂੰ ਉਹ ਆਪਣੇ ਪੈਸੇ ਪੂਰੇ ਕਰਨ ਵਾਰੇ ਵੀ ਸੋਚੇਗਾ, ਜਦੋਂ ਅੱਜ ਅਸੀਂ ਆਪਣੀ ਸਮਰੱਥਾ ਅਨੁਸਾਰ ਕਿਸੇ ਤੋਂ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜਾਰ ਰੁਪਏ ਲਵਾਂਗੇ ਤਾਂ ਕੱਲ੍ਹ ਨੂੰ ਉਹ ਵੀ ਆਪਣੀ ਸਮਰੱਥਾ ਅਨੁਸਾਰ ਘਪਲੇ ਕਰੇਗਾ, ਫਿਰ ਅਸੀਂ ਵੀ ਬੋਲਣੇ ਜੋਗੇ ਨਹੀਂ ਰਹਾਂਗੇ, ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਕਿਸੇ ਤੋਂ ਵੋਟ ਦੇ ਬਦਲੇ ਚਾਹ ਦਾ ਕੱਪ ਵੀ ਨਾ ਪੀਓ, ਪਰ ਉਸ ਤੋਂ ਕੀਤੇ ਕੰਮਾ ਦਾ ਹਿਸਾਬ ਜਰੂਰ ਲਓ, ਜਦੋਂ ਵੋਟਰ ਜਾਗਰੂਕ ਹੋਵੇਗਾ, ਫਿਰ ਹੀ ਉਹ ਆਪਣੇ ਪਿੰਡ, ਸੂਬੇ ਅਤੇ ਦੇਸ਼ ਨੂੰ ਲੁਟੇਰਿਆਂ ਤੋਂ ਬਚਾ ਸਕੇਗਾ। ਇਸ ਲਈ ਬੇਨਤੀ ਹੈ ਕਿ ਨਸ਼ੇ, ਲਾਲਚ, ਜਾਤ, ਧਰਮ, ਪਾਰਟੀ ਅਤੇ ਗਰੁੱਪਾਂ ਨੂੰ ਛੱਡ ਕੇ ਪਿੰਡ ਦੇ ਵਿਕਾਸ ਲਈ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਵਾਲੇ ਇਮਾਨਦਾਰ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਨੂੰ ਵੋਟ ਪਾਓ।
ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੂੰ ਵੀ ਬੇਨਤੀ ਹੈ, ਕਿ ਇਹਨਾ ਹੋ ਰਹੀਆਂ ਪੰਚਾਇਤੀ ਚੋਣਾਂ ਸਮੇਂ ਪਿੰਡ ਦੇ ਮਹੌਲ ਨੂੰ ਲੜਾਈ, ਝਗੜੇ ਅਤੇ ਫੁੱਟ ਤੋਂ ਬਚਾ ਕੇ ਸ਼ਾਂਤ ਰੱਖਣ ਲਈ, ਸਰਪੰਚੀ ਜਾਂ ਪੰਚੀ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲਾ ਕੋਈ ਵੀ ਵਿਅਕਤੀ ਪਿੰਡ ਵਿੱਚ ਸ਼ਕਤੀ ਪ੍ਰਦਰਸ਼ਨ ਨਾ ਕਰੇ, ਆਪਣੇ ਘਰ ਜਾਂ ਪਿੰਡ ਦੇ ਚੌਂਕ ਵਿੱਚ ਆਪਣੇ ਸਮਰੱਥਕਾਂ ਦਾ ਇਕੱਠ ਨਾ ਕਰੇ, ਆਪਣੇ ਸਮਰੱਥਕਾਂ ਦਾ ਇਕੱਠ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਗੇੜੇ ਨਾ ਦੇਵੇ, ਆਪਣੇ ਘਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਲੰਗਰ ਨਾ ਚਲਾਵੇ, ਦਾਰੂ ਅਤੇ ਭੁੱਕੀ ਨਾ ਵੰਡੀ ਜਾਵੇ। ਸਰਪੰਚੀ ਅਤੇ ਪੰਚੀ ਦੇ ਉਮੀਦਵਾਰ ਆਪਣੇ ਨਾਲ ਪੰਜ-ਪੰਜ ਬੰਦੇ ਲੈ ਕੇ ਸਾਰੇ ਪਿੰਡ ਦੇ ਵੋਟਰਾਂ ਤੱਕ ਪਹੁੰਚ ਕਰਨ, ਲੋਕਾਂ ਨੂੰ ਆਪਣੇ ਵਿਚਾਰ ਦੱਸਣ, ਚੋਣ ਪ੍ਰਚਾਰ ਲਈ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ, ਆਪੋ ਆਪਣੇ ਪ੍ਰਚਾਰ ਲਈ ਆਪਣੇ ਵਿਚਾਰ ਲਿਖ ਕੇ ਚੋਣ ਮਨੋਰਥ ਪੱਤਰਾਂ ਦੇ ਰੂਪ ਵਿੱਚ ਇਸ਼ਤਿਹਾਰ ਲਗਾਏ ਅਤੇ ਪਰਚੇ ਛਪਾ ਕੇ ਲੋਕਾਂ ਵਿੱਚ ਵੰਡੇ ਜਾਣ। ਕੋਈ ਵੀ ਕਿਸੇ ਦੇ ਇਸ਼ਤਿਹਾਰ ਨੂੰ ਨਾ ਪਾੜੇ, ਨਾ ਕਿਸੇ ਦੇ ਇਸ਼ਤਿਹਾਰ ਦੇ ਉੱਪਰ ਆਪਣਾ ਇਸ਼ਤਿਹਾਰ ਲਗਾਵੇ।
ਉਮੀਦਵਾਰਾਂ ਨੂੰ ਚਾਹੀਂਦਾ ਹੈ ਕਿ ਉਹ ਆਪਣੀ ਸੋਚ ਅਨੁਸਾਰ ਪਿੰਡ ਦੇ ਵਿਕਾਸ ਵਿੱਚ ਸੁਧਾਰ ਕਰਨ ਲਈ ਸਿਰਫ ਸੇਵਾ ਭਾਵਨਾ ਦੇ ਮਕਸਦ ਨਾਲ ਹੀ ਚੋਣ ਮੈਦਾਨ ਵਿੱਚ ਆਉਣ, ਲੋਕਾਂ ਨੂੰ ਆਪਣੇ ਵਿਚਾਰ ਦੱਸਣ ਜੇ ਲੋਕਾਂ ਨੂੰ ਤੁਹਾਡੇ ਵਿਚਾਰ ਪਸੰਦ ਹੋਣਗੇ ਤਾਂ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ, ਜੇ ਨਹੀਂ ਪਸੰਦ ਤਾਂ ਨਾ ਪਾਉਣਗੇ, ਤੁਸੀਂ ਕਿਹੜਾ ਧੱਕੇ ਨਾਲ ਪਿੰਡ ਦੀ ਸੇਵਾ ਕਰਨ ਦਾ ਠੇਕਾ ਲਿਆ ਹੈ, ਕਿਉਂ ਆਪਣਾ ਘਰ ਬਰਬਾਦ ਕਰਦੇ ਹੋਂ, ਅੱਜ ਆਪਣੇ ਕੋਲੋਂ ਨਕਦ ਪੈਸੇ ਲੁਟਾਉਂਦੇ ਹੋਂ, ਕੱਲ੍ਹ ਨੂੰ ਇਹ ਪੈਸੇ ਪੂਰੇ ਕਰਨ ਲਈ ਚੋਰ ਬਣੋਗੇ, ਕਿਉਂ ਅੱਜ ਲੁਟਾ ਹੁੰਦੇ ਹੋਂ, ਕਿਉਂ ਫਿਰ ਚੋਰ ਬਣਦੇ ਹੋਂ। ਚੋਣਾਂ ਨੂੰ ਇੱਜਤ ਬੇਇੱਜਤੀ ਨਾਲ ਜੋੜ ਕੇ ਕਦੇ ਨਾ ਵੇਖੋ, ਚੋਣਾਂ ਵਿੱਚ ਸੱਚੇ ਸੁੱਚੇ ਇਮਾਨਦਾਰ ਬੰਦੇ ਹਾਰ ਜਾਂਦੇ ਹਨ, ਝੂਠੇ ਬੇਇਮਾਨ ਠੱਗ ਬੰਦੇ ਜਿੱਤ ਜਾਂਦੇ ਹਨ, ਚੋਣਾਂ ਦੀ ਜਿੱਤ ਹਾਰ ਬੰਦੇ ਦੇ ਕਿਰਦਾਰ ਦਾ ਪਰਮਾਣ ਪੱਤਰ ਨਹੀਂ ਹੁੰਦੀ, ਐਵੇਂ ਨਾ ਆਪਣੇ ਆਪ ਨੂੰ ਪਹਿਲਾਂ ਹੀ ਪੰਚ ਸਰਪੰਚ ਸਮਝ ਲਿਆ ਕਰੋ, ਤੁਸੀਂ ਵੀ ਇੱਕ ਵੋਟਰ ਹੀ ਹੋਂ, ਸਾਰਾ ਪਿੰਡ ਹੀ ਵੋਟਰਾਂ ਦਾ ਹੁੰਦਾ ਹੈ, ਤੁਸੀਂ ਵੀ ਉਸ ਵਿੱਚੋਂ ਹੀ ਇੱਕ ਹੋਂ, ਕੀ ਸਾਰੇ ਪਿੰਡ ਦੇ ਵੋਟਰ ਹੀ ਪੰਚ ਸਰਪੰਚ ਬਣਨਗੇ ? ਨਹੀਂ, ਜੇ ਤੁਸੀਂ ਵੀ ਨਾ ਬਣ ਸਕੇ ਫਿਰ ਵੀ ਕੀ ਹੋ ਜਾਵੇਗਾ, ਪੰਚ ਸਰਪੰਚ ਤਾਂ ਸਿਰਫ ਇੱਕ ਨੇ ਬਣਨਾ ਹੁੰਦਾ ਹੈ, ਉਹ ਕੋਈ ਵੀ ਬਣ ਸਕਦਾ ਹੈ, ਐਵੇਂ ਨਾ ਦਿਮਾਗ ਤੇ ਜਿਆਦਾ ਬੋਝ ਪਾਇਓ।
ਚੋਣ ਲੜਨ ਦਾ ਹੱਕ ਹਰੇਕ ਦਾ ਬਰਾਬਰ ਹੈ, ਆਪਣੇ ਵਿਰੁੱਧ ਚੋਣ ਲੜਨ ਵਾਲੇ ਨੂੰ ਆਪਣਾ ਨਿੱਜੀ ਦੁਸ਼ਮਣ ਨਾ ਸਮਝਿਆ ਜਾਵੇ, ਕਿਸੇ ਦੇ ਵਿਰੁੱਧ ਮਾੜੀ ਭਾਸ਼ਾ ਨਾ ਵਰਤੀ ਜਾਵੇ, ਐਵੈਂ ਨਾਂ ਆਪਣੇ ਆਪ ਨੂੰ ਜਾਂ ਆਪੇ ਪੱਖੀਆਂ ਨੂੰ ਜਾਗਦੀ ਜਮੀਰ ਵਾਲੇ ਅਤੇ ਆਪਣੇ ਵਿਰੋਧੀਆਂ ਨੂੰ ਮਰੀਆਂ ਜਮੀਰਾਂ ਵਾਲਿਆਂ ਦੇ ਖਿਤਾਬ ਦਿਆ ਕਰੋ, ਚੋਣ ਜਿੱਤਣ ਤੋਂ ਬਾਅਦ ਪਿੰਡ ਵਿੱਚ ਢੋਲ ਵਜਾ ਕੇ ਗੇੜੇ ਨਾ ਦਿੱਤੇ ਜਾਣ, ਕਿਸੇ ਦੇ ਬਾਰਾਂ ਅੱਗੇ ਲਲਕਾਰੇ ਨਾ ਮਾਰੇ ਜਾਣ, ਚੋਣਾਂ ਪੰਜ ਸਾਲਾਂ ਵਿੱਚ ਤਿੰਨ ਚਾਰ ਬਾਰ ਆ ਜਾਂਦੀਆਂ ਹਨ, ਪੰਜ ਸਾਲ ਦਾ ਸਮਾਂ ਵੀ ਜਲਦੀ ਹੀ ਲੰਘ ਜਾਂਦਾ ਹੈ, ਪਰ ਇਹਨਾ ਚੋਣਾਂ ਸਮੇਂ ਕਿਸੇ ਨੂੰ ਬੋਲੇ ਮਾੜੇ ਸ਼ਬਦ ਭੁਲਾਉਣੇ ਬਹੁਤ ਔਖੇ ਹੁੰਦੇ ਹਨ, ਇਸ ਲਈ ਮਾੜੀ ਭਾਸ਼ਾ, ਈਰਖਾ ਨਫਰਤ ਤੋਂ ਬਚ ਕੇ ਰਹਿਣਾ ਚਾਹੀਂਦਾ ਹੈ, ਚੋਣ ਨੂੰ ਸਿਰਫ ਖਿਡਾਰੀਆਂ ਦੀ ਇੱਕ ਖੇਡ ਮੰਨ ਕੇ ਹੀ ਖੇਡਿਆ ਜਾਵੇ, ਇਹਨਾ ਚੋਣਾਂ ਦੀ ਜਿੱਤ ਹਾਰ ਨੂੰ ਇੱਜਤ ਬੇਇੱਜਤੀ ਦਾ ਮੁੱਦਾ ਬਣਾ ਕੇ ਕਿਸੇ ਨਾਲ ਦੁਸ਼ਮਣੀ ਨਾ ਬਣਾਈ ਜਾਵੇ। ਚੋਣਾਂ ਵਿੱਚ ਨਾ ਕੋਈ ਇਕੱਲਾ ਹਾਰਦਾ ਹੈ ਨਾ ਕੋਈ ਇਕੱਲਾ ਜਿੱਤਦਾ ਹੈ, ਇਸ ਵਿੱਚ ਲੋਕ ਹੀ ਹਾਰਦੇ ਹਨ ਅਤੇ ਲੋਕ ਹੀ ਜਿੱਤਦੇ ਹਨ, ਜਿਸ ਪਾਸੇ ਵੱਧ ਲੋਕ ਹੋਏ ਉਹ ਜਿੱਤ ਜਾਣਗੇ, ਜਿਸ ਪਾਸੇ ਘੱਟ ਹੋਏ ਉਹ ਹਾਰ ਜਾਣਗੇ, ਤੁਸੀਂ ਵੀ ਉਹਨਾ ਜਿੱਤਣ ਹਾਰਨ ਵਾਲਿਆਂ ਦੇ ਵਿੱਚੋਂ ਹੀ ਇੱਕ ਹੋਵੋਂਗੇ।
ਜਿੱਤਣ ਵਾਲੇ ਉਮੀਦਵਾਰਾਂ ਨੂੰ ਵੀ ਬੇਲੋੜੇ ਖਰਚਿਆਂ, ਪੱਖਪਾਤ, ਹੰਕਾਰ ਅਤੇ ਈਰਖਾ ਤੋਂ ਬਚਣ ਲਈ, ਚੋਣਾਂ ਦੇ ਨਤੀਜਿਆਂ ਤੋਂ ਇੱਕ ਹਫਤਾ ਬਾਅਦ ਵਿੱਚ ਚੁਣੀ ਗਈ ਪੰਚਾਇਤ ਵੱਲੋਂ ਸ਼ਾਝੇ ਤੌਰ ਤੇ ਨਿਮਰਤਾ ਸਹਿਤ ਪਿੰਡ ਦੇ ਗੁਰੂ ਘਰ ਵਿੱਚ ਸਮੁੱਚੇ ਨਗਰ ਲਈ ਸਾਦਾ ਲੰਗਰ ਲਗਾਇਆ ਜਾਵੇ, ਜਿਸ ਵਿੱਚ ਜਿੱਤ ਹਾਰ ਨੂੰ ਛੱਡ ਕੇ ਸਾਰਾ ਨਗਰ ਪਿਆਰ ਅਤੇ ਸਦਭਾਵਨਾ ਨਾਲ ਸ਼ਾਮਲ ਹੋਵੇ।
ਮੇਰਾ ਚੋਣ ਮਨੋਰਥ ਪੱਤਰ। ਸਤਿਕਾਰ ਯੋਗ ਨਗਰ ਨਿਵਾਸੀਓ ਬੇਨਤੀ ਹੈ ਕਿ ਮੈਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਪਿੰਡ ਦੀ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਹਾਂ। ਮੇਰਾ ਚੋਣ ਲੜਨ ਦਾ ਮਕਸਦ ਆਪਣੇ ਪਿੰਡ ਦਾ ਵਿਕਾਸ ਕਰਨਾ ਅਤੇ ਪਿੰਡ ਨੂੰ ਸੁੰਦਰ ਬਣਾਉਣਾ ਹੈ। ਮੈਂ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਵਰਤਦਾ, ਮੈਂ ਚੋਣਾਂ ਸਮੇਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਾਂਗਾ ਅਤੇ ਨਾ ਹੀ ਵੋਟਾਂ ਖਰੀਦਾਂਗਾ। ਮੈਂ ਚਾਹੁੰਦਾ ਹਾਂ ਕਿ ਸਮੁੱਚਾ ਨਗਰ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਮੇਰਾ ਸਾਥ ਦੇਵੇ। ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪਿੰਡ ਨੂੰ ਦੇਸ਼ ਦੇ ਨਕਸ਼ੇ ਉੱਤੇ ਚਮਕਾਅ ਸਕੀਏ। ਮੇਰਾ ਚੋਣ ਮਨੋਰਥ ਪੱਤਰ ਹੇਠ ਲਿਖੇ ਅਨੁਸਾਰ ਹੈ।
1 ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀ ਵੋਟ ਕਿਸੇ ਨੂੰ ਮਰਜੀ ਪਾਵੇ, ਮੈਂ ਵੀ ਆਪਣੀ ਵੋਟ ਕਿਸੇ ਨੂੰ ਮਰਜੀ ਪਾਵਾਂ, ਪਰ ਕਿਸੇ ਵੀ ਕਿਸਮ ਦੀਆਂ ਚੋਣਾਂ ਸਮੇਂ ਮੈਂ ਪਿੰਡ ਦੀ ਪੰਚਾਇਤ ਵੱਲੋਂ ਸਾਰੀਆਂ ਪਾਰਟੀਆਂ ਦੇ ਦੋ ਦੋ ਬੰਦੇ ਨਾਲ ਲੈ ਕੇ ਸਾਂਝਾ ਪੋਲੰਿਗ ਲਗਾਇਆ ਕਰਾਂਗਾ।
2 ਪਿੰਡ ਦੇ ਵਿਕਾਸ ਲਈ ਮੈਂ ਸਾਰੇ ਸਾਬਕਾ ਸਰਪੰਚਾਂ, ਸਾਰੀਆਂ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ (ਕਿਸਾਨ ਮਜ਼ਦੂਰ ਜਥੇਬੰਦੀਆਂ) ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗਾ, ਸਾਰਿਆਂ ਤੋਂ ਸਹਿਯੋਗ ਲਿਆ ਜਾਵੇਗਾ, ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਸਿਆਸੀ ਪਾਰਟੀ ਦੇ ਐਮ ਪੀ, ਐਮ ਐਲ ਏ ਜਾਂ ਮੰਤਰੀ ਤੱਕ ਪਹੁੰਚ ਕੀਤੀ ਜਾਇਆ ਕਰੇਗੀ।
3 ਕਿਸੇ ਵੀ ਪਾਰਟੀ ਦੇ ਐਮ ਪੀ, ਐਮ ਐਲ ਏ ਜਾਂ ਮੰਤਰੀ ਦੇ ਪਿੰਡ ਵਿੱਚ ਆਉਣ ਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਉਸ ਦਾ ਸਵਾਗਤ ਕੀਤਾ ਜਾਇਆ ਕਰੇਗਾ। ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਸਹਿਯੋਗ ਦਿੱਤਾ ਜਾਇਆ ਕਰੇਗਾ।
4 ਸਾਰੀ ਪੰਚਾਇਤ ਖੁਦ ਵੀ ਨਸ਼ਾ ਮੁਕਤ ਹੋਵੇਗੀ ਅਤੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਦਾ ਪੰਚਾਇਤੀ ਤੌਰ ਤੇ ਵਿਰੋਧ ਕੀਤਾ ਜਾਵੇਗਾ।
5 ਸ਼ਹੀਦ ਨੰਦ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਵਿੱਚ ਸ਼ਹੀਦ ਨੰਦ ਸਿੰਘ ਜੀ ਦੇ ਨਾਮ ਤੇ ਇੱਕ ਚੌਂਕ ਬਣਾਇਆ ਜਾਵੇਗਾ।
6 ਪਿੰਡ ਦੇ ਸਕੂਲ ਨੂੰ ਦਸਵੀਂ ਬਾਰਵੀਂ ਦਾ ਬਣਵਾਉਣ ਲਈ, ਪੁਰਾਣੇ ਸਕੂਲ ਦੀ ਥਾਂ ਦਾ ਤਬਾਦਲਾ ਕਰਕੇ ਡਸਕਾ ਰੋੜ ਤੇ ਕਾਲਜ ਨੇੜੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਦੀ ਉਸਾਰੀ ਕੀਤੀ ਜਾਵੇਗੀ, ਤਾਂ ਕਿ ਪਿੰਡ ਵਿੱਚ ਹੀ ਦਸਵੀਂ ਦਾ ਸਕੂਲ ਬਣ ਸਕੇ। ਜਿਸ ਥਾਂ ਤੇ ਮੌਜੂਦਾ ਸਕੂਲ ਚੱਲ ਰਿਹਾ ਹੈ ਇਸ ਥਾਂ ਉੱਤੇ ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦਾ ਸਕੂਲ ਨਹੀਂ ਬਣ ਸਕਦਾ, ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦੇ ਸਕੂਲ ਦੀ ਪਹਿਲੇ ਦਸਵੀਂ ਦੇ ਚੱਲ ਰਹੇ ਸਕੂਲ ਤੋਂ ਤਿੰਨ ਕਿਲੋਮੀਟਰ ਦੀ ਵਿੱਥ ਹੋਣੀ ਚਾਹੀਂਦੀ ਹੈ, ਸਕੂਲ ਕੋਲ ਇੱਕ ਖੁੱਲ੍ਹਾ ਖੇਡ ਗਰਾਉਂਡ ਹੋਣਾ ਚਾਹੀਂਦਾ ਹੈ। ਇਹਨਾ ਦੋ ਘਾਟਾਂ ਕਾਰਨ ਹੀ ਅਪਣਾ ਸਕੂਲ ਹੁਣ ਤੱਕ ਦਸਵੀਂ ਦਾ ਨਹੀਂ ਬਣ ਸਕਿਆ। ਕਿਉਂਕਿ ਆਪਣੇ ਸਕੂਲ ਦੀ ਦੂਰੀ ਬਰੇਟਾ ਮੰਡੀ ਦੇ ਸਕੂਲ ਤੋਂ ਤਿੰਨ ਕਿਲੋਮੀਟਰ ਤੋਂ ਘੱਟ ਹੈ, ਦੂਜਾ ਸਕੂਲ ਕੋਲ ਆਪਣਾ ਖੱੁਲ੍ਹਾ ਖੇਡ ਗਰਾਂਉਡ ਨਹੀਂ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਬਣਾਉਣ ਨਾਲ ਬਰੇਟਾ ਮੰਡੀ ਦੇ ਸਕੂਲ ਨਾਲੋਂ ਸਾਡੇ ਪਿੰਡ ਦੇ ਸਕੂਲ ਦੀ ਦੂਰੀ ਤਿੰਨ ਕਿਲੋਮੀਟਰ ਤੋਂ ਵੱਧ ਜਾਵੇਗੀ ਅਤੇ ਸਕੂਲ ਕੋਲ ਖੁੱਲ੍ਹਾ ਖੇਡ ਗਰਾਂਉਂਡ ਵੀ ਹੋਵੇਗਾ। ਪੁਰਾਣੇ ਸਕੂਲ ਦੀ ਥਾਂ ਅਤੇ ਇਮਾਰਤ ਨੂੰ ਵੇਚਿਆ ਵੀ ਜਾ ਸਕਦਾ ਹੈ, ਜਾਂ ਇਸ ਥਾਂ ਨੂੰ ਕਿਸੇ ਹੋਰ ਮੰਤਵ ਲਈ ਵੀ ਵਰਤਿਆ ਜਾ ਸਕਦਾ ਹੈ।
7 ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਰੀਆਂ ਗਲੀਆਂ ਖੁਲ੍ਹੀਆਂ ਕੀਤੀਆਂ ਜਾਣਗੀਆਂ। ਬੰਦ ਗਲੀਆਂ ਨੂੰ ਪਾਰ ਲੰਘਾਇਆ ਜਾਵੇਗਾ, ਜਿੰਨਾ ਹੋ ਸਕਿਆ ਗਲੀਆਂ ਨੂੰ ਸਿੱਧਾ ਵੀ ਕੀਤਾ ਜਾਵੇਗਾ, ਤਾਂ ਕਿ ਹਰੇਕ ਗਲੀ ਵਿੱਚੋਂ ਦੀ ਟਰੈਕਟਰ-ਟਰਾਲੀ ਪਾਰ ਲੰਘਦਾ ਹੋਵੇ, ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਦੀ ਦੋ ਸਾਧਨ ਬਰਾਬਰ ਦੀ ਨਿਕਲ ਸਕਦੇ ਹੋਣ। ਕਪੂਰਾ ਸਿੰਘ ਹਜੂਰਾ ਸਿੰਘ ਫੌਜੀਆਂ ਵਾਲੀ ਗਲੀ ਨੂੰ ਟੋਬਿਆਂ ਦੇ ਵਿੱਚੋਂ ਦੀ ਸਿੱਧਾ ਡਸਕਾ ਰੋੜ (ਸਮਸ਼ਾਨ ਘਾਟ) ਤੱਕ ਬਣਾਇਆ ਜਾਵੇਗਾ। ਗੁਰਦੇਵ ਸਿੰਘ ਪੁਲਸੀਏ ਵਾਲੀ ਗਲੀ ਨੂੰ ਗਡਵਾਣੇ ਟੋਬੇ ਵਿੱਚੋਂ ਦੀ ਸੰਤ ਸਿੰਘ ਅਕਾਲੀ ਵਾਲੀ ਗਲੀ ਤੱਕ ਸਿੱਧਾ ਕੀਤਾ ਜਾਵੇਗਾ। ਮਾਮਦ ਪੱਤੀ ਵਾਲੀ ਗਲੀ, ਮਾਈਆ ਪੱਤੀ ਵਾਲੀ ਗਲੀ, ਮੇਘ ਸਿੰਘ ਫੌਜੀ (ਮਹਿਰੇ ਸਿੱਖਾਂ) ਵਾਲੀ ਗਲੀ, ਇਹਨਾ ਗਲੀਆਂ ਨੂੰ ਖੁੱਲ੍ਹਾ ਅਤੇ ਪਾਰ ਲੰਘਦੀਆਂ ਬਣਾਇਆ ਜਾਵੇਗਾ, ਇਸੇ ਤਰਾਂ ਮਜਬੀ ਸਿੰਘਾਂ ਤੇ ਰਵਦਾਸੀਏ ਸਿੰਘਾਂ ਵਾਲੀਆਂ ਗਲੀਆਂ ਨੂੰ ਵੀ ਖੁੱਲ੍ਹਾ ਅਤੇ ਸਿੱਧਾ ਕੀਤਾ ਜਾਵੇਗਾ। ਇਸ ਮੰਤਵ ਲਈ ਪਿੰਡ ਵਿੱਚ ਪਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ ਕਬਜੇ ਹਟਾਕੇ ਉਸ ਨੂੰ ਗਲੀਆਂ ਖੁਲ੍ਹੀਆਂ ਕਰਨ ਲਈ ਵਰਤਿਆ ਜਾਵੇਗਾ। ਪਿੰਡ ਵਿੱਚ ਨਾਜਾਇਜ ਕਬਜਿਆਂ ਵਿੱਚ ਰੁਕੀ ਜ਼ਮੀਨ ਜੋ ਖਾਲੀ ਕਰਵਾਉਣ ਯੋਗ ਹੋਵੇਗੀ ਉਸ ਨੂੰ ਖਾਲੀ ਕਰਵਾ ਲਿਆ ਜਾਵੇਗਾ, ਜਿਸ ਥਾਂ ਤੇ ਕਿਸੇ ਨੇ ਮਕਾਨ ਬਣਾ ਲਿਆ ਹੋਵੇ ਤਾਂ ਉਸ ਤੋਂ ਨਾਜਾਇਜ ਕਬਜੇ ਵਾਲੀ ਥਾਂ ਜਿੰਨੀ ਕਿਸੇ ਗਲੀ ਨੂੰ ਖੁੱਲ੍ਹਾ ਕਰਨ ਵਾਸਤੇ ਕਿਸੇ ਤੋਂ ਲਈ ਗਈ ਥਾਂ ਦੀ ਕੀਮਤ ਅਨੁਸਾਰ ਪੈਸੇ ਲਏ ਜਾਣਗੇ। ਗਲੀਆਂ ਖੁਲ੍ਹੀਆਂ ਕਰਨ ਲਈ ਲੈਣ ਵਾਲੀ ਜਗ੍ਹਾ, ਨਾਜਾਇਜ ਕਬਜੇ ਵਾਲੀ ਜਗ੍ਹਾ ਜਾਂ ਉਸ ਦੇ ਵੱਟੇ ਲੈਣ ਦੇਣ ਵਾਲੀ ਜਗ੍ਹਾ ਦੀ ਇੱਕ ਕੀਮਤ ਨਿਸਚਿੱਤ ਕੀਤੀ ਜਾਵੇਗੀ, ਜੋ ਸੱਭ ਲਈ ਬਰਾਬਰ ਹੋਵੇਗੀ। ਗਲੀਆਂ ਖੁਲ੍ਹੀਆਂ ਕਰਨ ਵਾਸਤੇ ਜੇ ਕਿਸੇ ਤੋਂ ਥੋੜੀ ਥਾਂ ਲੈਣੀ ਪਵੇਗੀ ਤਾਂ ਉਸ ਨੂੰ ਨਿਸ਼ਚਿਤ ਕੀਤੀ ਕੀਮਤ ਅਨੁਸਾਰ ਪੈਸੇ ਦਿੱਤੇ ਜਾਣਗੇ, ਜੇ ਕਿਸੇ ਦੀ ਥਾਂ ਜਿਆਦਾ ਆਵੇਗੀ ਤਾਂ ਉਸ ਨੂੰ ਥਾਂ ਵੱਟੇ ਥਾਂ ਦੇ ਦਿੱਤੀ ਜਾਵੇਗੀ। ਪਿੰਡ ਵਿੱਚ ਪਏ ਗਡਵਾਣੇ ਟੋਬੇ ਦੀ ਜਗ੍ਹਾ ਹੀ ਸਾਰੇ ਪਿੰਡ ਦੀਆਂ ਗਲੀਆਂ ਖੁਲ੍ਹੀਆਂ ਕਰ ਦੇਵੇਗੀ, ਜੇ ਕੋਈ ਦਾਨੀ ਸੱਜਣ ਪਿੰਡ ਦੀ ਕਿਸੇ ਗਲੀ ਨੂੰ ਖੁੱਲ੍ਹਾ ਜਾਂ ਸਿੱਧਾ ਕਰਨ ਲਈ ਥਾਂ ਜਾਂ ਪੈਸੇ ਦੇ ਕੇ ਵਿਸ਼ੇਸ ਯੋਗਦਾਨ ਪਾਵੇਗਾ, ਤਾਂ ਉਸ ਨੂੰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਜੇ ਉਹ ਚਾਹੇਗਾ ਤਾਂ ਉਸ ਦੇ ਕਹਿਣ ਅਨੁਸਾਰ ਉਸ ਗਲੀ ਦਾ ਨਾਮ ਉਸ ਵੱਲੋਂ ਸੁਝਾਏ ਗਏ ਨਾਮ ਤੇ ਰੱਖ ਦਿੱਤਾ ਜਾਵੇਗਾ। ਵਿਹੜਿਆਂ, ਲੜੀਆਂ ਦੀ ਪਈ ਸਾਂਝੀ ਥਾਂ ਜਿਵੇਂ ਕਿ ਭੂਨ ਵਾਲਾ ਟੋਬਾ ਪਿਆ ਹੈ, ਦੀ ਥਾਂ ਦਾ ਅੱਟਾ ਵੱਟਾ ਕਰਕੇ ਉਹਨਾ ਹੀ ਲੜੀਆਂ ਵਿਹੜਿਆਂ ਦੀਆਂ ਸਹੂਲਤਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਿੰਡ ਦੇ ਸਹਿਯੋਗ ਨਾਲ ਜੇ ਹੋ ਸਕਿਆ ਤਾਂ ਦੇਵ ਮੈਂਬਰ ਵਾਲੇ ਘਰ ਤੋਂ ਲਾਡੀ ਵਾਲੇ ਘਰ ਤੱਕ ਫਿਰਨੀ ਨੂੰ ਚੌਰਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਡਸਕਾ ਰੋੜ ਵਾਲੀ ਸੜਕ ਨੂੰ ਲਾਡੀ ਵਾਲੇ ਘਰ ਤੋਂ ਸਿੱਧਾ ਜਾਂ ਥੋੜ੍ਹਾ ਮੋਟਾ ਵਿੰਗ ਪਾ ਕੇ ਭੂਨ ਵਾਲੇ ਖੇਤਾਂ ਦੇ ਵਿੱਚੋਂ ਦੀ ਬੁਢਲਾਡਾ ਰੋੜ ਤੱਕ ਲਿਜਾਇਆ ਜਾਵੇਗਾ, ਇਸ ਸੜਕ ਨੂੰ ਭੋਲ਼ੇ ਵਾਲੇ ਖੇਤਾਂ ਦੀ ਪਹੀ ਜੋ ਸਿਿਵਆਂ ਦੇ ਪਰਲੇ ਪਾਸੇ ਦੀ ਜਾਂਦੀ ਹੈ ਤੋਂ ਭੂਨ ਵਾਲੀ ਪਹੀ ਰਾਹੀਂ ਵੀ ਬੁਢਲਾਡਾ ਰੋੜ ਤੱਕ ਲਿਜਾਇਆ ਜਾ ਸਕਦਾ ਹੈ। ਖੱਤਰੀ ਵਾਲੇ ਤੋਂ ਆਉਂਦੇ ਰਾਹ ਨੂੰ ਡਸਕਾ ਰੋੜ ਤੋਂ ਸਿੱਧਾ ਲੈਹਰਾ ਰੋੜ ਤੱਕ ਲਿਜਾਇਆ ਜਾਵੇਗਾ। ਇਹਨਾ ਸੜਕਾਂ ਨੂੰ ਬਣਾਉਣ ਲਈ ਸੜਕਾਂ ਦੇ ਕੰਢੇ ਲੱਗਣ ਵਾਲੀ ਜ਼ਮੀਨ ਵਿੱਚੋਂ ਹੀ ਜ਼ਮੀਨ ਫਰੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਫਰੀ ਜ਼ਮੀਨ ਦੇਣ ਵਾਲੇ ਕਿਸਾਨਾ ਨੂੰ ਵੀ ਇਸ ਦਾ ਲਾਭ ਹੀ ਮਿਲੇਗਾ, ਜਿੱਥੇ ਪਹੀਆਂ ਤੇ ਲੱਗਣ ਵਾਲੀ ਜ਼ਮੀਨ ਦੇ ਕਿੱਲੇ ਦੀ ਕੀਮਤ ਜੇ ਪੱਚੀ ਲੱਖ ਹੈ ਤਾਂ ਉੱਥੇ ਖੁੱਲੀ ਸੜਕ ਤੇ ਲੱਗਣ ਵਾਲੀ ਜ਼ਮੀਨ ਦੀ ਕੀਮਤ ਘੱਟੋ ਘੱਟ ਚਾਲੀ ਲੱਖ ਹੋਵੇਗੀ, ਜੇ ਕੋਈ ਇਮਾਨਦਾਰੀ ਨਾਲ ਸਮਝੇ ਅਤੇ ਇੱਕ ਕਿੱਲੇ ਮਗਰ ਇੱਕ ਕਨਾਲ ਜ਼ਮੀਨ (ਜਿਸ ਦੀ ਕੀਮਤ ਸਵਾ ਕੁ ਤਿੰਨ ਲੱਖ ਬਣੇਗੀ) ਵੀ ਦੇਵੇਗਾ ਤਾਂ ਉਸ ਦੇ ਕਿੱਲੇ ਦੀ ਕੀਮਤ ਪੰਦਰਾਂ ਲੱਖ ਵੱਧ ਜਾਵੇਗੀ ਅਤੇ ਖੇਤ ਲਈ ਰਸਤਾ ਵੀ ਖੁੱਲ੍ਹਾ ਬਣ ਜਾਵੇਗਾ। ਇਸੇ ਤਰ੍ਹਾਂ ਪਿੰਡ ਦੇ ਖੇਤਾਂ ਦੀਆਂ ਲੰਮੀਆਂ ਪਹੀਆਂ ਵਾਲਿਆਂ ਨੂੰ ਵੀ ਪ੍ਰੇਰਕੇ, ਦੋ ਕਰਮਾਂ (ਕਦਮਾਂ) ਵਾਲੀਆਂ ਪਹੀਆਂ ਨੂੰ ਪੰਜ ਕਰਮਾਂ ਦੇ ਰਸਤੇ ਬਣਾਇਆ ਜਾਵੇਗਾ। ਬੇਸ਼ੱਕ ਅੱਜ ਕਿਸੇ ਨੂੰ ਮੇਰੀਆਂ ਇਹ ਗੱਲਾਂ ਬੇਲੋੜੀਆਂ ਲੱਗਣ ਪਰ ਵੱਧ ਰਹੀ ਮਸ਼ੀਨਰੀ ਕਾਰਨ ਅਤੇ ਖੇਤੀ ਦੇ ਵੱਡੇ ਸਾਧਨਾਂ (ਕੰਬਾਇਨਾਂ ਆਦਿ) ਕਾਰਨ ਸਾਨੂੰ ਪਿੰਡਾਂ ਦੀਆਂ ਖੁੱਲ੍ਹੀਆਂ ਗਲੀਆਂ ਅਤੇ ਖੇਤਾਂ ਲਈ ਖੁੱਲ੍ਹੇ ਰਾਹਾਂ ਦੀ ਲੋੜ ਪੈਣੀ ਹੈ, ਬੰਦ, ਭੀੜੀਆਂ ਗਲੀਆਂ ਅਤੇ ਭੀੜੀਆਂ ਪਹੀਆਂ ਵਿੱਚੋਂ ਦੀ ਲੰਘਣ ਸਮੇਂ ਜੇ ਅੱਗੋਂ ਕੋਈ ਹੋਰ ਸਾਧਨ ਆ ਜਾਵੇ ਤਾਂ ਉਸ ਸਮੇਂ ਕਿੰਨੀ ਸਮੱਸਿਆ ਹੁੰਦੀ ਹੈ, ਇਸ ਤੋਂ ਕੋਈ ਵੀ ਅਣਜਾਣ ਨਹੀਂ ਹੈ, ਪਰ ਇਹ ਸਮੱਸਿਆਂ ਕਿਹੜਾ ਆਪਣੀ ਇਕੱਲਿਆਂ ਦੀ ਹੈ ਜਾਂ ਆਪਾਂ ਨੇ ਕੀ ਲੈਣਾ ਹੈ ਦੀ ਸੋਚ ਕਾਰਨ ਕੋਈ ਵੀ ਇਸ ਦੇ ਹੱਲ ਬਾਰੇ ਨਹੀਂ ਸੋਚਦਾ, ਜੇ ਇਸ ਸਮੱਸਿਆ ਲਈ ਅਸੀਂ ਸਮਾਂ ਰਹਿੰਦੇ ਨਾ ਸੋਚਿਆ ਤਾਂ ਵੱਧ ਰਹੀ ਅਬਾਦੀ, ਵੱਧ ਰਹੇ ਆਵਾਜਾਈ ਦੇ ਸਾਧਨਾ ਅਤੇ ਵੱਧ ਰਹੀਆਂ ਜ਼ਮੀਨਾਂ ਦੀਆਂ ਕੀਮਤਾਂ ਕਾਰਨ ਬਾਅਦ ਵਿੱਚ ਇਸ ਦਾ ਹੱਲ ਕਰਨਾ ਵੀ ਔਖਾ ਹੋ ਜਾਵੇਗਾ, ਇਸ ਲਈ ਕਿਉਂ ਨਾ ਸਮਾਂ ਰਹਿੰਦੇ ਹੀ ਇਸ ਦਾ ਹੱਲ ਕੀਤਾ ਜਾਵੇ।
8 ਪਿੰਡ ਦੇ ਸਾਰੇ ਰਸਤਿਆਂ ਦੀ ਮਿਣਤੀ ਕਰਵਾਕੇ ਉਹਨਾ ਦੇ ਪਾਸਿਆਂ ਉੱਤੇ ਪੱਥਰ ਗੱਡ ਕੇ ਰਸਤਿਆਂ ਨੂੰ ਸਾਫ ਅਤੇ ਪੱਧਰੇ ਕੀਤਾ ਜਾਵੇਗਾ, ਆਪਣੇ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਨ ਵਾਲੇ ਸਾਰੇ ਰਸਤਿਆਂ ਉੱਤੇ ਸੜਕਾਂ ਬਣਵਾਉਣ ਲਈ ਪਾਰਟੀ ਪੱਧਰ ਤੋਂ ੳੱੁਪਰ ਉੱਠ ਕੇ ਸਮੇਂ ਦੀ ਹਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।
9 ਪਿੰਡ ਵਿੱਚ ਪਏ ਪਟਵਾਰਖਾਨੇ ਦੀ ਥਾਂ ਵਿੱਚ ਪਟਵਾਰੀ ਦਾ ਦਫ਼ਤਰ ਬਣਾਇਆ ਜਾਵੇਗਾ ਅਤੇ ਪਟਵਾਰੀ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ, ਤਾਂ ਕਿ ਪਟਵਾਰੀ ਨਾਲ ਸਬੰਧਿਤ ਕੰਮ ਵਾਲਿਆਂ ਨੂੰ ਖੱਜ਼ਲ ਖੁਆਰ ਨਾ ਹੋਣਾ ਪਵੇ।
10 ਸਮੁੱਚੀ ਪੰਚਾਇਤ ਧਰਮ, ਜਾਤ, ਪਾਰਟੀਬਾਜ਼ੀ ਅਤੇ ਗਰੱੁਪਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰੇਗੀ, ਕਿਸੇ ਨਾਲ ਵੀ ਪੱਖ਼ਪਾਤ ਨਹੀਂ ਕਰੇਗੀ, ਪਿੰਡ ਦੇ ਪੈਸੇ ਵਿੱਚੋਂ ਇੱਕ ਰੁਪਿਆ ਵੀ ਨਹੀਂ ਖਾਵੇਗੀ, ਸਾਰੀ ਪੰਚਾਇਤ ਪਿੰਡ ਦੇ ਗੁਰੂ ਘਰ ਵਿੱਚ ਜਨਤਕ ਤੌਰ ਤੇ ਇਹ ਕਸਮ ਖਾਵੇਗੀ ਕਿ, ਜੇ ਅਸੀਂ, ਪੰਚਾਇਤੀ ਤੌਰ ਤੇ ਆਪਣੇ ਵੱਲੋਂ ਧਰਮ, ਜਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਨਾ ਕਰੀਏ, ਕਿਸੇ ਨਾਲ ਵੀ ਪੱਖਪਾਤ ਕਰੀਏ, ਪਿੰਡ ਦਾ ਇੱਕ ਵੀ ਪੈਸਾ ਖਾਈਏ ਤਾਂ ਸਾਡੇ ਕੀੜੇ ਪੈਣ ਅਤੇ ਸਾਡੇ ਘਰੇਂ ਕੱਖ ਨਾ ਰਹੇ।
ਨਗਰ ਨਿਵਾਸੀਓ ਇਹ ਮੇਰੇ ਵਿਚਾਰ ਹਨ ਜਿੰਨ੍ਹਾ ਨੂੰ ਮੇਰੇ ਇਹ ਵਿਚਾਰ ਪਸੰਦ ਹੋਣ ਜੋ ਕਿਸੇ ਕਿਸਮ ਦਾ ਨਸ਼ਾ ਨਾ ਕਰਦੇ ਹੋਣ ਅਤੇ ਜੋ ਪੰਚ ਦੇ ਰੂਪ ਵਿੱਚ ਮੇਰਾ ਸਾਥ ਦੇ ਕੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹੋਣ ਉਹ ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣ, ਆਪਣੇ ਵਾਰਡ ਦੇ ਲੋਕਾਂ ਨੂੰ ਪ੍ਰੇਰਕੇ ਆਪ ਪੰਚ ਬਣਨ ਅਤੇ ਮੈਨੂੰ ਸਰਪੰਚ ਬਣਾਉਣ ਲਈ ਮੇਰਾ ਸਹਿਯੋਗ ਲੈਣ ਅਤੇ ਮੈਨੂੰ ਸਹਿਯੋਗ ਦੇਣ ਲਈ ਮੇਰੇ ਨਾਲ ਸੰਪਰਕ ਕਰਨ, ਤਾਂ ਕਿ ਆਪਾਂ ਰਲ਼ ਕੇ ਨਸ਼ੇ, ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਮੁਕਤ ਪੰਚਾਇਤ ਬਣਾ ਕੇ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ।
ਮੇਰੀ ਇੱਛਾ ਹੈ ਕਿ ਮੇਰੇ ਪਿੰਡ ਦੇ ਇਹ ਕੰਮ ਹੋਣੇ ਚਾਹੀਂਦੇ ਹਨ, ਅਤੇ ਪਿੰਡ ਦੀ ਪੰਚਾਇਤ ਪਾਰਟੀ ਅਤੇ ਗਰੁੱਪ ਬਾਜੀ ਤੋਂ ਨਿਰਲੇਪ ਹੋਣੀ ਚਾਹੀਂਦੀ ਹੈ, ਮੈਂ ਤਨੋ ਮਨੋ ਇਮਾਨਦਾਰੀ ਨਾਲ ਇਹ ਸੋਚ ਲੈ ਕੇ ਚੋਣ ਮੈਦਾਨ ਵਿੱਚ ਆਉਣ ਬਾਰੇ ਸੋਚਿਆ ਹੈ ਕਿ ਪਿੰਡ ਦੇ ਇਹ ਕੰਮ ਮੈਂ ਕਰਾਂ, ਜੇ ਕਿਸੇ ਕਾਰਨ ਮੈਂ ਸਰਪੰਚ ਨਾ ਬਣ ਸਕਿਆ ਤਾਂ ਇਹ ਕੰਮ ਕੋਈ ਹੋਰ ਵੀ ਕਰ ਸਕਦਾ ਹੈ, ਉਹ ਵੀ ਮੇਰੇ ਵੱਲੋਂ ਸੁਝਾਏ ਇਹ ਕੰਮ ਕਰ ਸਕਦਾ ਹੈ ਜਾਂ ਇਸ ਤੋਂ ਵੀ ਹੋਰ ਚੰਗਾ ਕਰ ਸਕਦਾ ਹੈ, ਪਰ ਮੇਰੀ ਬੇਨਤੀ ਹੈ ਕਿ ਜਾਤ, ਧਰਮ, ਪਾਰਟੀ ਤੋਂ ਉੱਪਰ ਉੱਠ ਕੇ, ਆਪਣੀ ਚੌਧਰ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਜਾਂ ਆਪਣੇ ਵਿਰੋਧੀ ਨੂੰ ਹਰਾਉਣ ਦੀ ਸੋਚ ਨੂੰ ਛੱਡ ਕੇ ਤਨੋ ਮਨੋ ਪਿੰਡ ਦੇ ਵਿਕਾਸ ਲਈ ਹੀ ਚੋਣ ਮੈਦਾਨ ਵਿੱਚ ਆਇਆ ਜਾਵੇ। ਮੈਨੂੰ ਆਸ ਹੈ ਕਿ ਸਮੁੱਚਾ ਨਗਰ ਪਾਰਟੀ ਅਤੇ ਗਰੱੁਪਬਾਜੀ ਤੋਂ ਉੱਪਰ ਉੱਠ ਕੇ ਮੇਰਾ ਸਹਿਯੋਗ ਦੇਵੇਗਾ।
ਇੱਕ ਖਾਸ ਬੇਨਤੀ ਹੈ ਕਿ ਮੈਨੂੰ ਵੋਟ ਪਾਉਣ ਲਈ (ਵੈਸੇ ਤਾਂ ਕਿਸੇ ਨੂੰ ਵੀ ਵੋਟ ਪਾਉਣ ਲਈ) ਅਪਣੇ ਘਰ ਵਿੱਚ ਪਾਟਕ ਨਾ ਪਾਇਓ, ਬਹੁਤ ਮਾੜੇ ਹੁੰਦੇ ਹਨ ਉਹ ਲੋਕ ਜੋ ਆਪਣੀ ਵੋਟ ਪੱਕੀ ਕਰਨ ਲਈ ਕਿਸੇ ਦੇ ਘਰ ਵਿੱਚ ਪਾਟਕ ਪਾਉਣ ਤੋਂ ਵੀ ਸੰਕੋਚ ਨਹੀਂ ਕਰਦੇ, ਪਰ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਘਰ ਨੂੰ ਪਾੜ ਕੇ ਵੋਟ ਪ੍ਰਾਪਤ ਕੀਤੀ ਜਾਵੇ, ਕਿਉਂਕਿ ਅਜਿਹੀਆਂ ਵੋਟਾਂ ਨਾਲੋਂ ਆਪਣਾ ਪਰਿਵਾਰ ਬਹੁਤ ਜਿਆਦਾ ਕੀਮਤੀ ਹੁੰਦਾ ਹੈ, ਆਪਣਾ ਪਰਿਵਾਰ ਆਪਣਾ ਹੀ ਹੁੰਦਾ ਹੈ, ਜਦੋਂ ਇੱਕ ਬਾਰ ਪਾੜਾ ਪੈ ਜਾਂਦਾ ਹੈ ਫਿਰ ਇਸ ਨੂੰ ਪੂਰਨਾ ਬਹੁਤ ਔਖਾ ਹੁੰਦਾ ਹੈ, ਇਸ ਲਈ ਕਿਸੇ ਨੂੰ ਵੀ ਵੋਟ ਪਾਉਣ ਲਈ ਆਪਣਾ ਘਰ ਖ਼ਰਾਬ ਨਾ ਕਰਿਓ। ਧੰਨਵਾਦ॥