ਮੈਕਸੀਕੋ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾਇਆ

ਮਾਸਕੋ, 22 ਜੂਨ – ਇੱਥੇ ਫੀਫਾ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ‘ਏੇ’ ਦੇ ਲੀਗ ਮੈਚ ਵਿੱਚ ਮੈਕਸੀਕੋ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਮੈਕਸੀਕੋ ਨੇ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਨਿਊਜ਼ੀਲੈਂਡ ਨੂੰ ਹਰਾਇਆ। ਮੈਕਸੀਕੋ ਲਈ ਪੇਰਾਲਟਾ ਅਤੇ ਰਾਊਲ ਜਿਮੇਨੇਜ ਨੇ ਗੋਲ ਕੀਤੇ ਜਦੋਂ ਕਿ ਨਿਊਜ਼ੀਲੈਂਡ ਲਈ ਕ੍ਰਿਸ ਵੁੱਡ ਨੇ ਗੋਲ ਕੀਤਾ।
ਗਰੁੱਪ ‘ਏੇ’ ਦੇ ਹੀ ਇੱਕ ਹੋਰ ਮੈਚ ਵਿੱਚ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ ੮ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਦੀ ਬਦੌਲਤ ਮੇਜ਼ਬਾਨ ਰੂਸ ਨੂੰ 1-0 ਨਾਲ ਹਰਾ ਦਿੱਤਾ। ਗੌਰਤਲਬ ਹੈ ਕਿ ਪੁਰਤਗਾਲ ਨੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ ਹੈ। 24 ਜੂਨ ਦਿਨ ਸ਼ਨਿੱਚਰਵਾਰ ਨੂੰ ਪੁਰਤਗਾਲ ਦਾ ਨਿਊਜ਼ੀਲੈਂਡ ਨਾਲ ਮੈਚ ਹੈ, ਜੇ ਪੁਰਤਗਾਲ ਹੁਣ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਹ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰ ਲਵੇਗੀ। ਮੈਕਸੀਕੋ ਗਰੁੱਪ ‘ਏੇ’ ਵਿੱਚ ਪਹਿਲੇ ਸਥਾਨ ਉੱਤੇ ਪੁੱਜ ਗਿਆ ਹੈ। ਮੈਕਸੀਕੋ ਦੀ ਟੀਮ ਬਿਹਤਰ ਗੋਲ ਔਸਤ ਸਦਕਾ ਪੁਰਤਗਾਲ ਨੂੰ ਪਛਾੜ ਕੇ ਪਹਿਲੇ ਸਥਾਨ ਉੱਤੇ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਕਾਰ ਹੋਇਆ ਮੈਚ 2-2 ਗੋਲਾਂ ਨਾਲ ਡਰਾਅ ਰਿਹਾ ਸੀ।