ਮੈਦਵੇਦੇਵ ਨੇ ਥੀਮ ਨੂੰ ਹਰਾ ਕੇ ਪਹਿਲੀ ਵਾਰ ਖ਼ਿਤਾਬ ਜਿੱਤਿਆ

ਲੰਡਨ, 23 ਨਵੰਬਰ – ਏਟੀਪੀ ਫਾਈਨਲ ਵਿੱਚ ਰੂਸ ਦੇ ਡੈਨੀਅਲ ਮੈਦਵੇਦੇਵ ਨੇ ਯੂਐੱਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਕੇ ਪਹਿਲੀ ਵਾਰ ਖ਼ਿਤਾਬ ਆਪਣੇ ਨਾਮ ਕਰ ਲਿਆ। 22 ਨਵੰਬਰ ਦਿਨ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਰੂਸੀ ਖਿਡਾਰੀ ਮੈਦਵੇਦੇਵ 2 ਘੰਟੇ 43 ਮਿੰਟ ਤੱਕ ਚੱਲੇ ਤਿੰਨ ਸੈੱਟਾਂ ਵਿੱਚ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਆਪਣੇ ਵਿਰੋਧੀ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 (2) ਤੇ 6-4 ਨਾਲ ਹਰਾ ਕੇ ਹੁਣ ਤੱਕ ਦੇ ਆਪਣੇ ਕੈਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ। ਇਸ ਖ਼ਿਤਾਬੀ ਜਿੱਤ ਦੇ ਨਾਲ ਹੀ ਸੀਜ਼ਨ ਦੇ ਆਖੀਰ ਵਾਲੀ ਇਸ ਚੈਂਪੀਅਨਸ਼ਿਪ ਵਿੱਚ 1-3 ਤੱਕ ਰੈਕਿੰਗ ਵਾਲੇ ਖਿਡਾਰੀਆਂ ਨੂੰ ਮਾਤ ਦੇਣ ਵਾਲਾ ਖਿਡਾਰੀ ਬਣ ਗਿਆ ਹੈ।
ਚੌਥੇ ਨੰਬਰ ਦੇ ਖਿਡਾਰੀ ਮੈਦਵੇਦੇਵ ਨੇ ਖ਼ਿਤਾਬੀ ਜਿੱਤ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਤੇ ਦੋ ਨੰਬਰ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਤੇ ਉਸ ਨੇ ਇਸ ਮੁਕਾਬਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਮੈਦਵੇਦੇਵ 2009 ਤੋਂ ਬਾਅਦ ਇਸ ਚੈਂਪੀਅਨਸ਼ਿਪ ਨੂੰ ਜਿੱਤਣ ਵਾਲੇ ਰੂਸੀ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਨਿਕੋਲੇ ਡੇਵੀਡੇਂਕੋ ਨੇ 2009 ਵਿੱਚ ਖ਼ਿਤਾਬ ਜਿੱਤਿਆ ਸੀ। ਜਦੋਂ ਕਿ ਥੀਮ ਸਿੰਗਲਜ਼ ਅਤੇ ਮਿਕਸ ਖ਼ਿਤਾਬ ਜਿੱਤਣ ਦੀ ਤੱਕ ਵਿੱਚ ਸਨ। ਉਹ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪੁੱਜੇ ਸਨ।