ਮੋਦੀ ਵਜ਼ਾਰਤ ‘ਚ ਫੇਰਬਦਲ: 36 ਨਵੇਂ ਚਿਹਰੇ, 7 ਮੌਜੂਦਾ ਮੰਤਰੀਆਂ ਨੂੰ ਤਰੱਕੀ

ਨਵੀਂ ਦਿੱਲੀ, 7 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਵਿੱਚ ਪਹਿਲੀ ਵਾਰ ਮੰਤਰੀ ਮੰਡਲ ‘ਚ ਵਿਸਥਾਰ ਹੋਇਆ ਹੈ। ਉਸ ਤੋਂ ਪਹਿਲਾਂ ਬੁੱਧਵਾਰ ਨੂੰ 12 ਮੰਤਰੀਆਂ ਨੇ ਅਸਤੀਫ਼ੇ ਦਿੱਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਾਮ 6.00 ਵਜੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਗਏ ਸਾਰੇ 43 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਦਵਾਈ। ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਲਾਵਾ ਉਪਰਾਸ਼ਟਰਪਤੀ ਐਮ ਵੇਂਕਿਆ ਨਾਏਡੂ, ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵਿਪਿਨ ਰਾਵਤ ਸਹਿਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਮੋਦੀ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਵਿਸਥਾਰ ਤੋਂ ਕੁੱਝ ਘੰਟੇ ਪਹਿਲਾਂ ਸਿਹਤ ਮੰਤਰੀ ਡਾ. ਹਰਸ਼ਵਰਧਨ, ਕੇਂਦਰ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਪ੍ਰਕਾਸ਼ ਜਾਵੜੇਕਰ ਤੋਂ ਇਲਾਵਾ ਕਿਰਤ ਮੰਤਰੀ ਸੰਤੋਸ਼ ਗੰਗਵਾਰ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਬਸ੍ਰੀ ਚੌਧਰੀ, ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸੰਕ, ਰਸਾਇਣ ਤੇ ਖਣਿਜ ਮੰਤਰੀ ਸਦਾਨੰਦ ਗੌੜਾ, ਸਿੱਖਿਆ ਰਾਜ ਮੰਤਰੀ ਸੰਜੈ ਧੋਤਰੇ, ਥਾਵਰਚੰਦ ਗਹਿਲੋਤ, ਹਰਸ਼ਵਰਧਨ, ਬਾਬੁਲ ਸੁਪ੍ਰਿਓ, ਰਤਨ ਲਾਲ ਕਟਾਰੀਆ, ਪ੍ਰਤਾਪ ਸੀ. ਸਾਰੰਗੀ ਵਰਗੇ ਨੇਤਾਵਾਂ ਦੀ ਕੇਂਦਰੀ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਗਈ, ਜਦੋਂ ਕਿ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਸਾਬਕਾ ਆਗੂ ਅਤੇ ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਮਦਦ ਕਰਨ ਵਾਲੇ ਜਿਓਤਿਰਾਦਿੱਤਿਆ ਸਿੰਧੀਆ ਅਤੇ ਸ਼ਿਵ ਸੈਨਾ ਤੋਂ ਭਾਜਪਾ ਵਿੱਚ ਆਏ ਨਰਾਇਣ ਰਾਣੇ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ। ਮੰਤਰੀ ਮੰਡਲ ਦੇ ਇਸ ਵਿਸਥਾਰ ਅਤੇ ਫੇਰਬਦਲ ਵਿੱਚ 36 ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ 7 ਵਰਤਮਾਨ ਰਾਜ ਮੰਤਰੀਆਂ ਨੂੰ ਪ੍ਰਮੋਟ ਕਰ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ। ਸਿੰਧੀਆ ਅਤੇ ਰਾਣੇ ਸਹਿਤ 8 ਨਵੇਂ ਚਿਹਰਿਆਂ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮਈ 2019 ਵਿੱਚ 57 ਮੰਤਰੀਆਂ ਦੇ ਨਾਲ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਬਾਅਦ ਮੋਦੀ ਨੇ ਪਹਿਲੀ ਵਾਰ ਕੇਂਦਰੀ ਵਜ਼ਾਰਤ ਵਿੱਚ ਫੇਰਬਦਲ ਅਤੇ ਵਿਸਥਾਰ ਕੀਤਾ ਹੈ।
15 ਨਵੇਂ ਕੈਬਨਿਟ ਮੰਤਰੀ
ਕੈਬਨਿਟ ਮੰਤਰੀ ਦੇ ਤੌਰ ‘ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਨੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਸੱਤ ਵਾਰ ਦੇ ਸੰਸਦ ਮੈਂਬਰ ਵਿਰੇਂਦਰ ਕੁਮਾਰ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ। ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਸਾਬਕਾ ਆਗੂ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ। ਬਿਹਾਰ ਤੋਂ ਰਾਜ ਸਭਾ ਮੈਂਬਰ ਰਾਮਚੰਦਰ ਪ੍ਰਸਾਦ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸਾਬਕਾ ਆਈਏਐੱਸ ਅਧਿਕਾਰੀ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਹਨ। ਉੜੀਸਾ ਤੋਂ ਰਾਜ ਸਭਾ ਮੈਂਬਰ ਤੇ ਸਾਬਕਾ ਆਈਏਐੱਸ ਅਧਿਕਾਰੀ ਅਸ਼ਵਿਨੀ ਵੈਸ਼ਣਵ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਲੋਕ ਜਨਸ਼ਕਤੀ ਪਾਰਟੀ ਤੋਂ ਅਲੱਗ ਹੋਏ ਧੜੇ ਦੇ ਆਗੂ ਪਸ਼ੂਪਤੀ ਕੁਮਾਰ ਪਾਰਸ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਬਿਹਾਰ ਦੇ ਹਾਜੀਪੁਰ ਤੋਂ ਸੰਸਦ ਮੈਂਬਰ ਹਨ। ਭਾਜਪਾ ਦੇ ਉਤਰ ਪੂਰਬੀ ਦੇ ਆਗੂ ਕਿਰਨ ਰਿਜਿਜੂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ। ਆਰ ਕੇ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਅਤੇ ਸਹੁੰ ਚੁਕਾਈ ਗਈ। ਰਾਜ ਸਭਾ ਮੈਂਬਰ ਅਤੇ ਸਾਬਕਾ ਆਈਐੱਫਐੱਸ ਅਧਿਕਾਰੀ ਹਰਦੀਪ ਪੁਰੀ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ। ਗੁਜਰਾਤ ਦੇ ਪਟੇਲ ਆਗੂ ਮਨਸੁਖ ਮਾਂਡਵੀਆ ਨੂੰ ਕੈਬਨਿਟ ਮੰਤਰੀ ਵਜੋਂ ਤਰੱਕੀ ਦਿੱਤੀ ਗਈ। ਗੁਜਰਾਤ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਲਈ ਉਸ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੱਜਾ ਹੱਥ ਮੰਨੇ ਜਾਂਦੇ ਭੁਪਿੰਦਰ ਯਾਦਵ ਨੇ ਵੀ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ। ਗੁਜਰਾਤ ਤੋਂ ਭਾਜਪਾ ਆਗੂ ਪੁਰਸ਼ੋਤਮ ਰੁਪਾਲਾ ਨੂੰ ਕੈਬਨਿਟ ਮੰਤਰੀ ਵਜੋਂ ਤਰੱਕੀ ਦਿੱਤੀ ਗਈ। ਤਿਲੰਗਾਨਾ ਤੋਂ ਸੰਸਦ ਮੈਂਬਰ ਤੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੂੰ ਕੈਬਨਿਟ ਮੰਤਰੀ ਵਜੋਂ ਤਰੱਕੀ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਹੁਤ ਨਜ਼ਦੀਕ ਹਨ। ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਕੈਬਨਿਟ ਮੰਤਰੀ ਵਜੋਂ ਤਰੱਕੀ ਦਿੱਤੀ ਗਈ।
ਸਹੁੰ ਚੁੱਕਣ ਵਾਲੇ 28 ਰਾਜ ਮੰਤਰੀ
ਉੱਤਰ ਪ੍ਰਦੇਸ਼ ਦੇ ਛੇ ਵਾਰ ਦੇ ਸੰਸਦ ਮੈਂਬਰ ਪੰਕਜ ਚੌਧਰੀ ਨੇ ਸਹੁੰ ਚੁੱਕੀ। ਅਪਣਾ ਦਲ ਆਗੂ ਅਤੇ ਉੱਤਰ ਪ੍ਰਦੇਸ਼ ਵਿੱਚ ਕੁਰਮੀ ਵੋਟਾਂ ਲਈ ਅਹਿਮ ਅਨੂਪ੍ਰਿਯਾ ਪਟੇਲ ਨੇ ਹਲਫ਼ ਲਿਆ। ਉਹ ਪ੍ਰਧਾਨ ਮੰਤਰੀ ਦੇ ਪਹਿਲੇ ਕਾਰਜਕਾਲ ਦੌਰਾਨ ਮੰਤਰੀ ਸੀ। ਸੱਤਿਆਪਾਲ ਬਘੇਲ (ਯੂਪੀ) ਨੇ ਵੀ ਸਹੁੰ ਚੁੱਕੀ। ਕਰਨਾਟਕ ਤੋਂ ਰਾਜ ਸਭਾ ਮੈਂਬਰ ਰਾਜੀਵ ਚੰਦਰਸ਼ੇਖਰ ਨੇ ਸਹੁੰ ਚੁੱਕੀ। ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਦੀ ਨੇੜਲੀ ਸਾਥੀ ਸ਼ੋਭਾ ਕਰਾਂਦਲਜੇ ਨੇ ਹਲਫ਼ ਲਿਆ। ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਭਾਨੂ ਪ੍ਰਤਾਪ ਸਿੰਘ ਵਰਮਾ ਅਤੇ ਸੂਰਤ (ਗੁਜਰਾਤ) ਤੋਂ ਸੰਸਦ ਮੈਂਬਰ ਦਰਸ਼ਨ ਵਿਕਰਮ ਜਰਦੋਸ਼ ਨੇ ਸਹੁੰ ਚੁੱਕੀ। ਉਤਰਾਖੰਡ ਦੇ ਨੈਨੀਤਾਲ-ਊਧਮ ਸਿੰਘ ਨਗਰ ਤੋਂ ਸੰਸਦ ਮੈਂਬਰ ਅਜੇ ਭੱਟ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਸ਼ੋਭਾ ਕਰੰਦਲਾਜੇ (ਕਰਨਾਟਕ), ਭਗਵੰਤ ਖੂਬਾ (ਕਰਨਾਟਕ), ਏ ਨਾਰਾਇਣਸਾਮੀ (ਕਰਨਾਟਕ), ਅੰਨਾਪੂਰਨਾ ਦੇਵੀ (ਝਾਰਖੰਡ) ਅਤੇ ਕੌਸ਼ਲ ਕਿਸ਼ੋਰ (ਯੂਪੀ) ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤੀ ਪਵਾਰ (ਮਹਾਰਾਸ਼ਟਰ), ਕਪਿਲ ਪਾਟਿਲ (ਮਹਾਰਾਸ਼ਟਰ), ਭਾਗਵਰ ਕਰਾੜ (ਮਹਾਰਾਸ਼ਟਰ), ਬੀਐੱਲ ਵਰਮਾ (ਯੂਪੀ), ਅਜੇ ਕੁਮਾਰ (ਯੂਪੀ), ਸਾਂਸਦ ਮੀਨਾਕਸ਼ੀ ਲੇਖੀ (ਨਵੀਂ ਦਿੱਲੀ), ਸੂਬਾਸ਼ ਸਰਕਾਰ (ਪੱਛਮ ਬੰਗਾਲ), ਨਿਸ਼ਿਥ ਪ੍ਰਮਾਣੀਕ (ਪੱਛਮ ਬੰਗਾਲ), ਜਾਨ ਬਰਲਾ (ਪੱਛਮ ਬੰਗਾਲ), ਸ਼ਾਂਤਨੁ ਠਾਕੁਰ (ਪੱਛਮ ਬੰਗਾਲ), ਪ੍ਰਤੀਮਾ ਭੌਮਿਕ (ਪੱਛਮ ਤ੍ਰੀਪੁਰਾ), ਐੱਲ ਮੁਰਗਨ (ਤਾਮਿਲਨਾਡੂ), ਰਾਜਕੁਮਾਰ ਰੰਜ਼ਨ ਸਿੰਘ (ਮਣੀਪੁਰ), ਵਿਸ਼ੇਸ਼ਵਰ ਟੁਡੁ (ਉੜੀਸਾ), ਮਹੇਂਦਰ ਭਾਈ (ਗੁਜਰਾਤ) ਅਤੇ ਚੌਹਾਨ ਦੇਵਸਿੰਘ (ਗੁਜਰਾਤ) ਨੇ ਨਵੇਂ ਰਾਜ ਮੰਤਰੀ ਵਜੋਂ ਹਲਫ਼ ਲਿਆ। ਗੌਰਤਲਬ ਹੈ ਕਿ ਮੋਦੀ ਵਜ਼ਾਰਤ ‘ਚ ਨਿਸ਼ਿਥ ਪ੍ਰਮਾਣੀਕ (35) ਸਭ ਤੋਂ ਯੂਵਾ ਮੰਤਰੀ ਹਨ।
ਨਵੇਂ ਮੰਤਰੀਆਂ ਵਿੱਚ 26 ਲੋਕ ਸਭਾ, 8 ਰਾਜ ਸਭਾ ਦੇ ਮੈਂਬਰ
ਜਿਨ੍ਹਾਂ ਨੇਤਾਵਾਂ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਲਈ ਉਨ੍ਹਾਂ ਵਿੱਚ 26 ਲੋਕ ਸਭਾ ਦੇ ਮੈਂਬਰ ਹਨ ਜਦੋਂ ਕਿ 8 ਰਾਜ ਸਭਾ ਤੋਂ ਹਨ। ਇਨ੍ਹਾਂ ਵਿੱਚੋਂ ਮੁਰੁਗਨ ਅਤੇ ਸੋਨੋਵਾਲ ਅਜਿਹੇ ਨੇਤਾ ਹਨ ਜੋ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਾਂ।
ਯੂਪੀ ਤੋਂ ਸਭ ਤੋਂ ਜ਼ਿਆਦਾ 7 ਨਵੇਂ ਮੰਤਰੀ ਪਰ ਸਾਰੇ ਰਾਜ ਮੰਤਰੀ
ਮੰਤਰੀ ਮੰਡਲ ਵਿੱਚ ਹੋਏ ਇਸ ਫੇਰਬਦਲ ਅਤੇ ਵਿਸਥਾਰ ਵਿੱਚ ਸਭ ਤੋਂ ਜ਼ਿਆਦਾ ਤਰਜਮਾਨੀ ਉੱਤਰ ਪ੍ਰਦੇਸ਼ ਨੂੰ ਮਿਲਿਆ ਹੈ। ਇੱਥੋਂ ਦੇ 7 ਸਾਂਸਦਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਕੈਬਨਿਟ ਮੰਤਰੀ ਦਾ ਦਰਜਾ ਨਹੀਂ ਦਿੱਤਾ ਗਿਆ ਹੈ।
ਬੰਗਾਲ, ਕਰਨਾਟਕ ਅਤੇ ਮਹਾਰਾਸ਼ਟਰ ਤੋਂ 4-4 ਮੰਤਰੀ
ਜਿਨ੍ਹਾਂ 36 ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਬਾਅਦ ਸਭ ਤੋਂ ਜ਼ਿਆਦਾ ਤਰਜਮਾਨੀ ਪੱਛਮ ਬੰਗਾਲ, ਕਰਨਾਟਕ ਅਤੇ ਮਹਾਰਾਸ਼ਟਰ ਨੂੰ ਮਿਲੀ ਹੈ। ਇਨ੍ਹਾਂ ਰਾਜਾਂ ਤੋਂ 4-4 ਸਾਂਸਦਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਗਈ ਹੈ।
ਗੁਜਰਾਤ ਤੋਂ 3 ਨਵੇਂ ਮੰਤਰੀ
ਗੁਜਰਾਤ ਤੋਂ 7, ਮੱਧ ਪ੍ਰਦੇਸ਼, ਬਿਹਾਰ ਅਤੇ ਉੜੀਸਾ ਤੋਂ 2-2 ਨੇਤਾਵਾਂ ਨੂੰ ਮੰਤਰੀ ਬਣਾਇਆ ਗਿਆ ਹੈ ਜਦੋਂ ਕਿ ਉਤਰਾਖੰਡ, ਝਾਰਖੰਡ, ਤ੍ਰਿਪੁਰਾ, ਨਵੀਂ ਦਿੱਲੀ, ਅਸਮ, ਰਾਜਸਥਾਨ, ਮਣੀਪੁਰ ਤੇ ਤਾਮਿਲਨਾਡੂ ਤੋਂ 1-1 ਨੇਤਾ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ।