ਮੌਨਕੀਪੌਕਸ: ਨਿਊਜ਼ੀਲੈਂਡ ‘ਚ 4 ਹੋਰ ਮਾਮਲੇ ਸਾਹਮਣੇ ਆਏ, ਸਿਹਤ ਮੰਤਰਾਲੇ ਵੱਲੋਂ ਖ਼ੁਲਾਸਾ

ਵੈਲਿੰਗਟਨ, 22 ਸਤੰਬਰ – ਸਿਹਤ ਮੰਤਰਾਲੇ ਨੇ ਖ਼ੁਲਾਸਾ ਕੀਤਾ ਹੈ ਕਿ ਨਿਊਜ਼ੀਲੈਂਡ ‘ਚ ਮੌਨਕੀਪੌਕਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 9 ਹੋ ਗਈ ਹੈ। ਪਿਛਲੇ ਸੱਤ ਦਿਨਾਂ ਵਿੱਚ ਦਰਜ ਕੀਤੇ ਗਏ, ਇਹ 4 ਕੇਸ ਸਾਰੇ ਹਾਲ ਹੀ ਵਿੱਚ ਵਿਦੇਸ਼ਾਂ ਤੋਂ ਵਾਪਸ ਆਏ ਹਨ।
ਸਿਹਤ ਮੰਤਰਾਲੇ ਅਤੇ ਟੀ ਵਾਹਟੂ ਓਰਾ ਹੈਲਥ ਨਿਊਜ਼ੀਲੈਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਤਿੰਨ ਆਕਲੈਂਡ ਖੇਤਰ ‘ਚ ਅਤੇ ਇੱਕ ਦੱਖਣੀ ਆਈਲੈਂਡ ‘ਚ ਹਨ, ਜੋ ਇੱਕ ਸਕਾਰਾਤਮਿਕ ਟੈੱਸਟ ਦੇ ਨਤੀਜੇ ਤੋਂ ਬਾਅਦ ਆਈਸੋਲੇਟਿੰਗ ਹਨ। ਮਹੱਤਵਪੂਰਣ ਤੌਰ ‘ਤੇ ਸਾਰੇ ਚਾਰ ਮਾਮਲਿਆਂ ‘ਚ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਮੌਜੂਦਾ ਸਬੂਤ ਨਹੀਂ ਹੈ ਅਤੇ ਪਬਲਿਕ ਹੈਲਥ ਸਟਾਫ਼ ਨੇ ਮਾਮਲਿਆਂ ਤੋਂ ਪਾਸਾਰ ਹੋਣ ਦਾ ਜੋਖ਼ਮ ਲੋਅ ਹੋਣ ਦਾ ਮੁਲਾਂਕਣ ਕੀਤਾ ਹੈ।
ਮੰਤਰਾਲੇ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਨਕੀਪੌਕਸ (MPX) ਦੇ ਲੱਛਣਾਂ ਅਤੇ ਸੰਬੰਧਿਤ ਸਿਹਤ ਸਲਾਹਾਂ ਦਾ ਧਿਆਨ ਰੱਖਣ ਜੇਕਰ ਉਹ ਹਾਲ ਹੀ ਵਿੱਚ ਵਿਦੇਸ਼ ਗਏ ਸਨ ਜਾਂ ਵਿਦੇਸ਼ ‘ਚ ਉਨ੍ਹਾਂ ਨੇ ਨਜ਼ਦੀਕੀ ਸਰੀਰਕ ਜਾਂ ਜਿਨਸੀ ਸੰਪਰਕ ਕੀਤਾ ਸੀ। ਸੰਭਾਵੀ ਮਾਮਲਿਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਲਈ ਪਬਲਿਕ ਹੈਲਥ ਯੂਨਿਟਾਂ, ਪ੍ਰਾਇਮਰੀ ਹੈਲਥ ਆਰਗਨਾਈਜ਼ੇਸ਼ਨ ਅਤੇ ਸੈਕਸੂਅਲ ਹੈਲਥ ਕਲੀਨਿਕਾਂ ਨੂੰ ਸਲਾਹ ਦਿੱਤੀ ਗਈ ਹੈ। ਸਿਹਤ ਪੇਸ਼ਾਵਰਾਂ ਨੂੰ ਐਮਪੀਐਕਸ ਦੇ ਕਿਸੇ ਵੀ ਸੰਭਾਵਿਤ ਮਾਮਲਿਆਂ ਲਈ ਚੌਕਸ ਰਹਿਣ ਲਈ ਦੁਬਾਰਾ ਯਾਦ ਦਿਵਾਇਆ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਲੱਛਣਾਂ ਵਿੱਚ ਲਾਗ ਵਾਲੀ ਥਾਂ ‘ਤੇ ਧੱਫੜ, ਚਟਾਕ ਜਾਂ ਛਾਲੇ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ, ‘ਇਹ ਸਰੀਰ ਦੇ ਦੂਜੇ ਹਿੱਸਿਆਂ ਜਿਵੇਂ ਕਿ ਹੱਥਾਂ ਦੀਆਂ ਹਥੇਲੀਆਂ, ਪੈਰਾਂ ਦੇ ਤਲੇ, ਮੂੰਹ ਦੇ ਅੰਦਰ ਜਾਂ ਜਣਨ ਅੰਗਾਂ ਵਿੱਚ ਫੈਲ ਸਕਦੇ ਹਨ’। ਜ਼ੁਕਾਮ ਜਾਂ ਫਲੂ ਵਰਗੇ ਲੱਛਣ, ਸਿਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਵੀ ਸੰਭਵ ਸੀ।