ਮੌਸਮ ਦੀ ਚੇਤਾਵਨੀ: ਨਿਊਜ਼ੀਲੈਂਡ ‘ਚ ‘ਪੋਲਰ ਬਲਾਸਟ’ ਹੋਣ ਵਾਲਾ ਹੈ

ਆਕਲੈਂਡ – ਦੇਸ਼ ਦੇ ਮੌਸਮ ਵਿਭਾਗ ਦਾ 26 ਜੂਨ ਨੂੰ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ ਸਰਦੀਆਂ ਦੀ ਠੰਢ ਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਪੋਲਰ ਬਲਾਸਟ’ ਦੇਸ਼ ਵਿੱਚ ਅੱਗੇ ਵੱਧ ਰਿਹਾ ਹੈ।
ਵੇਦਰਵਾਚ ਦਾ ਕਹਿਣਾ ਹੈ ਕਿ ਵੀਕੈਂਡ ਦੇ ਅੰਤ ‘ਚ ਨਿਊਜ਼ੀਲੈਂਡ ਵਿੱਚ ਹਨੇਰੀ, ਤੇਜ਼ ਹਵਾਵਾਂ ਅਤੇ ਠੰਢੇ ਹਾਲਾਤ ਵਾਲਾ ਮੌਸਮ ਪ੍ਰਭਾਵਿਤ ਕਰੇਗਾ। ਸੋਮਵਾਰ ਤੱਕ ‘ਪੋਲਰ ਬਲਾਸਟ’ ਹੋਵੇਗਾ ਜੋ ਬੁੱਧਵਾਰ ਤੋਂ ਦੇਸ਼ ਭਰ ਵਿੱਚ ਫੈਲਣਾ ਸ਼ੁਰੂ ਹੋ ਜਾਵੇਗਾ।
ਵੇਦਰਵਾਚ ਨੇ ਕਿਹਾ ਕਿ ਸਾਊਥਲੈਂਡ, ਫਿਓਰਡਲੈਂਡ ਅਤੇ ਓਟਾਗੋ ਦੇ ਕੁੱਝ ਹਿੱਸਿਆਂ ਵਿੱਚ ਕੁੱਝ ਸਮੇਂ ਦੇ ਲਈ ਸਮੁੰਦਰੀ ਪੱਧਰ ਤੱਕ ਬਰਫ਼ ਪੈਣੀ ਸੰਭਵ ਹੈ। ਪਰਵਤਮਾਲਾ ਅਤੇ ਪਹਾੜੀ ਟਾਪਸ ‘ਤੇ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਬਰਫ਼ ਸਿਰਫ਼ ਸਾਊਥ ਆਈਲੈਂਡ ਤੱਕ ਸੀਮਤ ਨਹੀਂ ਰਹੇਗੀ। ਵਾਈਯੂਰੂ, ਡੈਜ਼ਰਟ ਰੋਡ, ਓਹਕੂਨ ਅਤੇ ਨੈਸ਼ਨਲ ਪਾਰਕ ਵਿੱਚ ਵੀ ਬਰਫ਼ ਪੈਣ ਦੀ ਉਮੀਦ ਹੈ। ਸੈਂਟਰ ਨੌਰਥ ਆਈਲੈਂਡ ਦੇ ਸ਼ਹਿਰ ਤਾਈਹਾਪ ਨੂੰ “ਬਾਰਡਰ ਲਾਈਨ” ਬਰਫ਼ਬਾਰੀ ਵਾਲੀ ਜਗ੍ਹਾ ਵਜੋਂ ਵੀ ਸੂਚੀਬੱਧ ਕੀਤਾ ਗਿਆ ਹੈ। ਜਿਹੜੇ ਖੇਤਰ ਬਰਫ਼ ਨਾਲ ਪ੍ਰਭਾਵਿਤ ਨਹੀਂ ਹੋਣਗੇ, ਉਨ੍ਹਾਂ ਤੋਂ ਵੀ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਥੋੜ੍ਹੇ ਠੰਢੇ ਤਾਪਮਾਨ ਨੂੰ ਦਰਜ ਕਰਨ ਦੀ ਉਮੀਦ ਹੈ।
ਮੈਟ ਸਰਵਿਸਿਜ਼ ਦੇ ਅਨੁਸਾਰ ਹਫ਼ਤੇ ਦੇ ਵਧੀਆ ਬਣਨ ਤੋਂ ਪਹਿਲਾਂ, ਐਤਵਾਰ ਨੂੰ ਆਕਲੈਂਡ ਖੇਤਰ ਵਿੱਚ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਤਾਪਮਾਨ ਠੰਢਾ ਬਣਿਆ ਰਹੇਗਾ।