ਮੰਕੀਪੌਕਸ: ਭਾਰਤ ਵਿੱਚ ਪਹਿਲਾ ਕੇਸ ਕੇਰਲਾ ’ਚ ਰਿਪੋਰਟ ਹੋਇਆ

ਤਿਰੂਵਨੰਤਪੁਰਮ, 14 ਜੁਲਾਈ – ਮੰਕੀਪੌਕਸ ਦਾ ਪਹਿਲਾ ਕੇਸ ਭਾਰਤ ਵਿੱਚ ਕੇਰਲਾ ਤੋਂ ਸਾਹਮਣੇ ਆਇਆ ਹੈ। ਵਿਦੇਸ਼ ਤੋੋਂ ਕੇਰਲਾ ਪਰਤੇ ਵਿਅਕਤੀ ਨੂੰ ਮੰਕੀਪੌਕਸ ਦੇ ਲੱਛਣ ਨਜ਼ਰ ਆਉਣ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਰੋਗ ਲਈ ਪਾਜ਼ੇਟਿਵ ਨਿਕਲ ਆਇਆ। ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪੀੜਤ ਵਿਅਕਤੀ ਦੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰਾਲੋਜੀ ਭੇਜੇ ਗਏ ਹਨ। ਜੌਰਜ ਨੇ ਕਿਹਾ ਕਿ ਪੀੜਤ ਵਿਅਕਤੀ ਵਿਦੇਸ਼ ਵਿੱਚ ਮੰਕੀਪੌਕਸ ਰੋਗੀ ਦੇ ਸੰਪਰਕ ਵਿੱਚ ਆਇਆ ਸੀ। ਮੰਤਰੀ ਨੇ ਕਿਹਾ, ‘‘ਮੰਕੀਪੌਕਸ ਦੇ ਇਕ ਕੇਸ ਦੀ ਪੁਸ਼ਟੀ ਹੋਈ ਹੈ। ਲਾਗ ਅੱਗੇ ਫੈਲਣ ਤੋਂ ਰੋਕਣ ਲਈ ਅਸੀਂ ਲੋੜੀਂਦੇ ਕਦਮ ਚੁੱਕ ਰਹੇ ਹਾਂ। ਪਰ ਉਹ (ਮਰੀਜ਼) ਆਪਣੇ ਮਾਪਿਆਂ ਸਣੇ ਕੁਝ 2-3 ਜਣਿਆਂ ਦੇ ਸੰਪਰਕ ਵਿੱਚ ਆਇਆ ਹੈ।’’ ਮੰਤਰੀ ਨੇ ਕਿਹਾ, ‘‘ਮੁੱਢਲੇ ਤੌਰ ’ਤੇ 11 ਵਿਅਕਤੀਆਂ ਦਾ ਪਤਾ ਲੱਗਾ, ਜੋ ਮਰੀਜ਼ ਦੇ ਸੰਪਰਕ ਵਿੱਚ ਆਏ ਹਨ।’’ ਇਨ੍ਹਾਂ ਵਿੱਚ ਜਹਾਜ਼ ’ਚ ਉਸ ਨਾਲ ਬੈਠੇ ਲੋਕ, ਉਸ ਨੂੰ ਕੋਲਾਮ ਤੋਂ ਤਿਰੂਵਨੰਤਪੁਰਮ ਲਿਜਾਣ ਵਾਲਾ ਟੈਕਸੀ ਡਰਾਈਵਰ, ਆਟੋ ਡਰਾਈਵਰ ਤੇ ਜਹਾਜ਼ ਦਾ ਅਮਲਾ ਸ਼ਾਮਲ ਹਨ।