ਮੰਡੀਆਂ ‘ਤੇ 231 ਕਰੋੜ ਰੁਪਏ ਖਰਚੇ – ਲੱਖੋਵਾਲ

ਪੰਜਾਬ ਮੰਡੀਬੋਰਡ ਨੇ 57,228 ਕਿਲੋਮੀਟਰ ਲਿੰਕ ਸੜਕਾਂ ਬਣਾਈਆਂ
ਚੰਡੀਗੜ੍ਹ – ਪੰਜਾਬ ਮੰਡੀ ਬੋਰਡ ਨੇ ਸੂਬੇ ਦੀਆਂ ਮੰਡੀਆਂ ਦੇ ਅਧੁਨਿਕਰਣ ਅਤੇ ਨਵੀਂ ਉਸਾਰੀ ਤੇ ਪਿਛਲੇ 2 ਸਾਲਾਂ ਵਿੱਚ 231 ਕਰੋੜ ਰੁਪਏ ਖਰਚ ਕੀਤੇ ਹਨ। ਮੰਡੀ ਬੋਰਡ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆ ਕੇ ਬੋਰਡ ਦੀ ਆਮਦਨ ਦੁੱਗਣੀ ਕੀਤੀ ਹੈ ਆਉਣ ਵਾਲੇ ਤਿੰਨ ਸਾਲਾਂ ਵਿੱਚ ਬੋਰਡ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਆਲੀਸ਼ਾਨ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਲੱਖੋਵਾਲ ਅੱਜ ਇੱਥੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਜੱਸਾ ਅਤੇ ਸ੍ਰੀ ਸੁਖਵਿੰਦਰ ਸਿੰਘ ਛਿੰਦੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਵਿੱਚ ਪੰਜਾਬ ਮੰਡੀ ਬੋਰਡ ਦਾ ਤੀਜੀ ਵਾਰ ਚੇਅਰਮੈਨ ਬਣਨ ਤੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਪੁੱਜੇ ਹੋਏ ਸਨ।
ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਏ. ਐੱਸ. ਨਗਰ ਦੇ ਫੇਜ਼ ੧੧ ਵਿਖੇ ਬਣ ਰਹੀ ਅਤਿ ਅਧੁਨਿਕ ਫ਼ਲਾਂ ਅਤੇ ਸਬਜੀ ਮੰਡੀ ਦੀ ਉਸਾਰੀ ਦਾ ਕੰਮ 30 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਰਾਜ ਵਿੱਚ 13 ਮਾਡਰਨ ਮੰਡੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਹਨਾਂ ਵਿੱਚੋਂ ੫ ਮੰਡੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸ੍ਰ ਲੱਖੋਵਾਲ ਨੇ ਹੋਰ ਦੱਸਿਆ ਕਿ ਮੰਡੀ ਬੋਰਡ ਵਲੋਂ ਰਾਜ ਵਿੱਚ 57,228 ਕਿਲੋਮੀਟਰ ਸੜਕਾਂ ਬਣਾਈਆਂ ਹਨ ਜਦੋਂ ਕਿ ਦੇਸ਼ ਦੀ ਸਭ ਤੋਂ ਵੱਡੀ ਸਟੇਟ ਉੱਤਰ ਪ੍ਰਦੇਸ਼ ਨੇ ਕੇਵਲ 14 ਹਜ਼ਾਰ ਕਿਲੋਮੀਟਰ ਸੜਕਾਂ ਬਣਾਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਅਤੇ ਮੰਡੀ ਬੋਰਡ ਦੀਆਂ ਜਿਹਨਾਂ ਮੰਡੀਆਂ ਵਿੱਚ ਕੰਮ ਅਧੂਰੇ ਹਨ ਉਨ੍ਹਾਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਰਾਜ ਵਿੱਚ 1800 ਮੰਡੀਆਂ ਅਤੇ ਖਰੀਦ ਕੇਂਦਰਾਂ ਰਾਹੀਂ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਜਿਹੜੀਆਂ ਮੰਡੀਆਂ ਦੇ ਫੜ ਕੱਚੇ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇਗਾ ਅਤੇ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਆਦਿ ਦੀ ਵਿਵਸਥਾ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ।
ਪੱਤਰਕਾਰਾਂ ਵਲੋਂ ਖਤਰਨਾਕ ਕੈਮੀਕਲਾਂ ਨਾਲ ਪਕਾਏ ਫ਼ਲਾਂ ਅਤੇ ਉਗਾਈਆਂ ਸਬਜ਼ੀਆਂ ਨੂੰ ਮੰਡੀਆਂ ਵਿੱਚ ਵੇਚਣ ਤੇ ਰੋਕ ਲਗਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਲੋਂ ਸਬਜੀਆਂ ਵਿੱਚ ਜ਼ਹਿਰੀਲੇ ਤੱਤਾਂ ਦੀ ਘੋਖ ਕਰਨ ਲਈ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਫ਼ਲਾਂ ਜਾ ਸਬਜ਼ੀਆਂ ਵਿੱਚ ਜ਼ਹਿਰੀਲੇ ਤੱਤ ਸਾਬਿਤ ਹੋਣਗੇ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕੀਮਤ ਤੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਸਬਜੀ ਮੰਡੀ ਪਿੰਡ ਮੋਹਾਲੀ ਦਾ ਦੌਰਾ ਵੀ ਕੀਤਾ। ਇਸ ਮੌਕੇ ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਆੜ੍ਹਤੀਆਂ ਦੇ ਵਫ਼ਦ ਨੇ ਸ੍ਰ ਲੱਖੋਵਾਲ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਮੰਗ ਕੀਤੀ ਕਿ ਸਬਜੀ ਮੰਡੀ ਮੋਹਾਲੀ ਦੇ ਆੜ੍ਹਤੀਆਂ ਨੂੰ ਫੇਜ 11ਵਿਖੇ ਬਣ ਰਹੀ ਨਵੀਂ ਸਬਜੀ ਮੰਡੀ ਵਿੱਚ ਘੱਟ ਤੋਂ ਘੱਟ ਕੀਮਤ ਤੇ ਦੁਕਾਨਾਂ ਅਲਾਟ ਕੀਤੀਆਂ ਜਾਣ। ਚੇਅਰਮੈਨ ਮੰਡੀ ਬੋਰਡ ਨੇ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਨਾ ਕੋਈ ਹੱਲ ਜ਼ਰੂਰ ਲੱਭਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਚੇਅਰਮੈਨ ਮੰਡੀ ਬੋਰਡ ਦੇ ਯਤਨਾਂ ਸਦਕਾ ਪੰਜਾਬ ਮੰਡੀ ਬੋਰਡ ਨੇ ਵਿਸੇਸ਼ ਪ੍ਰਾਪਤੀਆਂ ਕੀਤੀਆਂ ਹਨ। ਜਿਸ ਕਰਕੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤੀਜੀ ਵਾਰ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਹੈ। ਸਮਾਗਮ ਨੂੰ ਸ੍ਰੀ ਸੁਖਵਿੰਦਰ ਸਿੰਘ ਛਿੰਦੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ, ਕੌਮੀ ਜਨਰਲ ਸਕੱਤਰ ਇਸਤਰੀ ਅਕਾਲੀ ਦਲ ਬੀਬੀ ਅਮਨਜੋਤ ਕੋਰ ਰਾਮੂਵਾਲੀਆ, ਸ. ਜਸਵੀਰ ਸਿੰਘ ਜੱਸੀ ਚੇਅਰਮੈਨ ਮਾਰਕੀਟ ਕਮੇਟੀ ਬਨੂੰੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਢਾਡੀ ਜੱਥਾ ਗਿਆਨੀ ਅਵਤਾਰ ਸਿੰਘ ਅਣਖੀ ਨੇ ਢਾਡੀ ਵਾਰਾਂ ਸੁਣਾਈਆਂ ।
ਸਮਾਗਮ ਵਿੱਚ ਇਸਤਰੀ ਅਕਾਲੀ ਦਲ ਸ਼ਹਿਰੀ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਸ੍ਰ ਨਛੱਤਰ ਸਿੰਘ ਬੈਦਵਾਨ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਚੌਧਰੀ ਜੈ ਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ , ਚੌਧਰੀ ਸੁਰਿੰਦਰਪਾਲ ਚੇਅਰਮੈਨ ਮਾਰਕੀਟ ਕਮੇਟੀ ਡੇਰਾਬਸੀ, ਸ. ਹਾਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ, ਸ਼ਮਸ਼ੇਰ ਸਿੰਘ ਘੰੜੂਆਂ, ਕਰਮਜੀਤ ਸਿੰਘ ਵਾਲੀਆ, ਸ੍ਰੀ ਜਤਿੰਦਰਪਾਲ ਸਿੰਘ ਜੇ.ਪੀ., ਸ੍ਰੀ ਸੁਰੇਸ਼ ਪਾਲ ਲੱਕੀ, ਸ੍ਰੀ ਆਰ.ਪੀ. ਸ਼ਰਮਾ, ਇਸ਼ਪ੍ਰੀਤ ਸਿੰਘ ਵਿੱਕੀ, ਪਾਲ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਵਾਲੀਆ, ਹਰਭਜਨ ਸਿੰਘ, ਰਘਬੀਰ ਸਿੰਘ, ਹਰਮੀਤ ਸਿੰਘ, ਜਥੇਦਾਰ ਨਾਜ਼ਰ ਸਿੰਘ, ਬਲਜਿੰਦਰ ਸਿੰਘ ਰਵੀ, ਜਗਤਾਰ ਸਿੰਘ ਬਿੱਲਾ, ਸਮਸ਼ੇਰ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ, ਪ੍ਰਮਿੰਦਰ ਸਿੰਘ, ਸੇਵਾ ਸਿੰਘ ਦਵਿੰਦਰ ਸਿੰਘ, ਗੁਲਜਾਰ ਸਿੰਘ ਲਾਂਡਰਾ, ਜਥੇਦਾਰ ਸ਼ਮਸੇਰ ਸਿੰਘ ਬੱਲੋਮਾਜਰਾ ਸਮੇਤ ਹੋਰ ਪ੍ਰਮੁੱਖ ਸਖ਼ਸੀਅਤਾਂ ਵੀ ਮੌਜੂਦ ਸਨ।