ਯੂਪੀ ਵਿਧਾਨ ਸਭਾ ਚੋਣਾਂ (ਫ਼ੇਜ਼-1): ਯੂਪੀ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ 60.17 ਫ਼ੀਸਦੀ ਵੋਟਿੰਗ ਹੋਈ

ਲਖਨਊ, 10 ਫਰਵਰੀ – ਉੱਤਰ ਪ੍ਰਦੇਸ਼ ਵਿੱਚ ਅੱਜ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਫ਼ੇਜ਼ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਯੂਪੀ ਵਿਧਾਨ ਸਭਾ ਚੋਣ ਦੇ ਪਹਿਲੇ ਪੜਾਅ ਵਿੱਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ਲਈ ਵੀਰਵਾਰ ਨੂੰ ਹੋਏ ਮਤਦਾਨ ਵਿੱਚ ਕੁਲ 60.17 ਫ਼ੀਸਦੀ ਮਤਦਾਨ ਹੋਇਆ। ਸਾਲ 2017 ਦੀਆਂ ਚੋਣਾਂ ਵਿੱਚ ਇਨ੍ਹਾਂ ਸੀਟਾਂ ਉੱਤੇ ਕੁਲ 63.47 ਫ਼ੀਸਦੀ ਮਤਦਾਨ ਹੋਇਆ ਸੀ। ਪਿਛਲੀ ਚੋਣ ਤੋਂ ਇਸ ਵਾਰ ਕਰੀਬ 3.3 ਫ਼ੀਸਦੀ ਮਤਦਾਨ ਘੱਟ ਹੋਇਆ ਹੈ। ਸਭ ਤੋਂ ਜ਼ਿਆਦਾ 69.42 ਫ਼ੀਸਦੀ ਮਤਦਾਨ ਸ਼ਾਮਲੀ ਜ਼ਿਲ੍ਹੇ ਵਿੱਚ ਹੋਇਆ। ਛਿਟਪੁਟ ਸ਼ਿਕਾਇਤਾਂ ਨੂੰ ਛੱਡ ਕੇ ਮਤਦਾਨ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਿਆ। 11 ਵਿੱਚੋਂ 9 ਜ਼ਿਲ੍ਹੇ ਸ਼ਾਮਲੀ, ਮੁਜ਼ੱਫ਼ਰਨਗਰ, ਮੇਰਠ, ਹਾਪੁੜ, ਬੁਲੰਦਸ਼ਹਿਰ, ਬਾਗਪਤ, ਅਲੀਗੜ੍ਹ, ਆਗਰਾ ਅਤੇ ਮਥੁਰਾ ਫਰਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ। ਇੱਥੇ 60 ਫ਼ੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ ਹੈ। ਸਭ ਤੋਂ ਘੱਟ 54.77 ਫ਼ੀਸਦੀ ਮਤਦਾਨ ਗਾਜ਼ੀਆਬਾਦ ਅਤੇ 56.73 ਫ਼ੀਸਦੀ ਗੌਤਮ ਬੁੱਧ ਨਗਰ ਵਿੱਚ ਹੋਇਆ। ਮਤਦਾਤਾਵਾਂ ਨੇ 73 ਮਹਿਲਾ ਉਮੀਦਵਾਰਾਂ ਸਹਿਤ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚ 111 ਉਮੀਦਵਾਰ ਅਨੁਸੂਚਿਤ ਜਾਤੀ ਦੇ ਹਨ। 151 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀ ਅਪਰਾਧਿਕ ਪ੍ਰਸ਼ਠਭੂਮੀ ਹੈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ 9 ਵਜੇ ਤੱਕ 7.93 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ ਤੇ ਦੁਪਹਿਰ 1 ਵਜੇ ਤੱਕ 35 ਫ਼ੀਸਦੀ ਵੋਟਿੰਗ ਹੋ ਚੁੱਕੀ ਸੀ। ਇਸੇ ਦੌਰਾਨ ਦੁਪਹਿਰ 3 ਵਜੇ ਤੱਕ 48.24 ਫ਼ੀਸਦੀ ਵੋਟਿੰਗ ਹੋ ਚੁੱਕੀ ਸੀ। ਕਈ ਬੂਥਾਂ ‘ਤੇ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀਆਂ ਵੀ ਪਾਈਆਂ ਗਈਆਂ ਹਨ। ਇਸ ਪਹਿਲੇ ਫ਼ੇਜ਼ ਤਹਿਤ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਲਈ ਵੋਟਾਂ ਪਾਈਆਂ ਹਨ।