ਰਾਜਪਾਲ ਪਾਟਿਲ ਵਲੋਂ ਬੀਬੀ ਜਗੀਰ ਕੌਰ ਦਾ ਅਸਤੀਫਾ ਮਨਜ਼ੂਰ

ਚੰਡੀਗੜ੍ਹ – ਸ਼੍ਰਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਨਵੀਂ ਬਣੀ ਪੰਜਾਬ ਸਰਕਾਰ ਦੀ ਇਕਲੋਤੀ ਮਹਿਲਾ ਕੈਬਨੇਟ ਮੰਤਰੀ ਬੀਬੀ ਜਗੀਰ ਕੌਰ ਦਾ ਅਸਤੀਫਾ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਮਨਜ਼ੂਰ ਕਰ ਲਿਆ ਹੈ। ਖ਼ਬਰਾਂ ਦੇ ਮੁਤਾਬਕ ਬੀਬੀ ਜੀ ਦੇ ਸਾਰੇ ਵਿਭਾਗ ਫਿਲਹਾਲ ਮੁੱਖ ਮੰਤਰੀ ਨੇ ਆਪਣੇ ਕੋਲ ਹੀ ਰੱਖ ਲਏ ਹਨ। ਜ਼ਿਕਰਯੋਗ ਹੈ ਕਿ 30 ਮਾਰਚ ਨੂੰ ਪਟਿਆਲਾ ਸਥਿਤ ਸੀ. ਬੀ. ਆਈ. ਦੀ ਅਦਾਲਤ ਨੇ ਬੀਬੀ ਜਗੀਰ ਕੌਰ ਦੀ ਆਪਣੀ ਹੀ ਧੀ ਹਰਪ੍ਰੀਤ ਕੌਰ ਦੇ ਭਰੂਣ ਹੱਤਿਆ ਅਤੇ ਜ਼ਬਰੀ ਕੈਦ ਕਰਨ ਦੇ ਕੇਸ ‘ਚ ਉਨ੍ਹਾਂ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਾਲੇ ਬੀਬੀ ਜਗੀਰ ਕੌਰ ਵਾਲੇ ਵਿਭਾਗ ਕਿਸੇ ਦੂਜੇ ਮੰਤਰੀ ਨੂੰ ਅਲਾਟ ਨਹੀਂ ਕੀਤੇ, ਇਸ ਲਈ ਤਕਨੀਕੀ ਤੌਰ ‘ਤੇ ਅਜੇ ਇਨ੍ਹਾਂ ਵਿਭਾਗਾਂ ਦੀ ਦੇਖਭਾਲ ਉਹ ਆਪ ਹੀ ਕਰਨਗੇ। ਚਰਚਾਵਾਂ ਹਨ ਕਿ ਮੁੱਖ ਮੰਤਰੀ ਸ. ਬਾਦਲ ਨੇ ਬੀਬੀ ਜਗੀਰ ਕੌਰ ਦੀ ਖਾਲੀ ਹੋਈ ਥਾਂ ‘ਤੇ ਕੋਈ ਨਵਾਂ ਮੰਤਰੀ ਬਣਾਉਣ ਦਾ ਫੈਸਲਾ ਨਹੀਂ ਕੀਤਾ। ਆਮ ਚਰਚਾ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਨੂੰ ਕੁਝ ਸਮਾਂ ਪਾ ਕੇ ਬੀਬੀ ਜਗੀਰ ਕੌਰ ਦੀ ਥਾਂ ਮੰਤਰੀ ਬਣਾਇਆ ਜਾ ਸਕਦਾ ਹੈ, ਬੀਬੀ ਜੋਸ਼ ਦੂਜੀ ਵਾਰ ਅਕਾਲੀ ਟਿਕਟ ‘ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਖਵੇਂ ਹਲਕੇ ਸ਼ਾਮਚੁਰਾਸੀ ਤੋਂ ਵਿਧਾਇਕ ਚੁਣੇ ਗਏ ਹਨ।