ਰਾਜੇ ਮਹਿਲਾਂ ਦੇ ਵਾਸੀ, ਮੈਂ ਜਨਤਾ ਦਾ ਸੇਵਕ

ਬਾਦਲ ਵਲੋਂ ਸੰਗਤ ਦਰਸ਼ਨ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ 
ਚੰਡੀਗੜ੍ਹ, ੧੬ ਅਗਸਤ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਦੇ ਦਰਾਂ ‘ਤੇ ਜਾ ਕੇ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ ਕਿਉਂਕਿ ਇਹ ਉਨ੍ਹਾਂ ਦੀ ਜਮਹੂਰੀਅਤ ਸਬੰਧੀ ਦ੍ਰਿਸ਼ਟੀ ਅਤੇ ਸੋਚ ਦਾ ਮੁੱਖ ਤੱਤ ਹੈ। ਉਨ੍ਹਾਂ ਕਿਹਾ ਕਿ “ਲੋਕ ਸਦਾ ਹੀ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਰਹੇ ਹਨ ਅਤੇ ਮੈਂ ਉਨ੍ਹਾਂ ਦਾ ਸੇਵਕ ਹਾਂ। ਇੱਕ ਸੇਵਕ ਹੀ ਸਦਾ ਲੋਕਾਂ ਨੂੰ ਮਿਲਣ ਲਈ ਉਨ੍ਹਾਂ ਦੇ ਦਰ ‘ਤੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੈਂ ਜਿਉਂਦਾ ਰਹਾਂਗਾ, ਲੋਕਾਂ ਨਾਲ ਮੇਰਾ ਇਹ ਰਿਸ਼ਤਾ ਬਣਿਆ ਰਹੇਗਾ। ਜਦੋਂ ਮੈਂ ਲੋਕਾਂ ਵਿੱਚ ਬਹਿੰਦਾ ਹਾਂ, ਮੈਂ ਆਪਣੇ ਆਪ ਨੂੰ ਉਚੀਆਂ ਉਡਾਣਾਂ ‘ਤੇ ਮਹਿਸੂਸ ਕਰਦਾ ਹਾਂ। ਮੈਂ ਇਨ੍ਹਾਂ ਲੋਕਾਂ ਦੀ ਸੰਗਤ ਤੋਂ ਹੀ ਅਧਿਆਤਮਕ ਅਤੇ ਨੈਤਿਕ ਮਜ਼ਬੂਤੀ ਪ੍ਰਾਪਤ ਕਰਦਾ ਹਾਂ।”
ਆਜ਼ਾਦੀ ਦਿਵਸ ਦੇ ਮੌਕੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਆਜ਼ਾਦੀ ਅਤੇ ਜਮਹੂਰੀਅਤ ਦਾ ਅਸਲ ਮਕਸਦ…… ਇਹ ਹੈ ਕਿ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਆਪਣੇ ਆਪ ਨੂੰ ਦਾਤਿਆਂ ਵਜੋਂ ਪੇਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਬਰਾਹਮ ਲਿੰਕਨ ਦੀ ਧਾਰਨਾ ਅਨੁਸਾਰ ਜਮਹੂਰੀਅਤ ਲੋਕਾਂ ਦੀ, ਲੋਕਾਂ ਵਲੋਂ, ਲੋਕਾਂ ਵਾਸਤੇ ਚੁਣੀ ਹੋਈ ਸਰਕਾਰ ਦਾ ਨਾਂ ਹੈ। ਲੋਕਾਂ ਨੂੰ ਅਸਲ ਰੂਪ ਵਿੱਚ ਸਰਬਉਚ ਬਣਾਉਣ ਤੋਂ ਬਿਨਾਂ ਆਜ਼ਾਦੀ ਦਾ ਕੋਈ ਮਤਲਬ ਹੀ ਨਹੀਂ ਹੈ। ਸੰਗਤ ਦਰਸ਼ਨ ਜਮਹੂਰੀਅਤ ਨੂੰ ਕਾਰਜ ਵਿੱਚ ਲਿਆਉਣ ਦਾ ਇੱਕ ਅਮਲ ਹੈ ਅਤੇ ਕਾਂਗਰਸੀ ਲੀਡਰਸ਼ਿਪ ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲੋਕਾਂ ਵਿੱਚ ਜਾਣ ਨੂੰ ਆਪਣੀ ਤੌਹੀਨ ਸਮਝਦੇ ਹਨ ਜਦ ਕਿ ਮੈਂ ਉਨ੍ਹਾਂ ਦੀ ਸੰਗਤ ਮਾਣ ਕੇ ਆਪਣੇ ਆਪ ਨੂੰ ਵਡਭਾਗਾਂ ਸਮਝਦਾ ਹਾਂ। ਉਨ੍ਹਾਂ ਕਿਹਾ ਕਿ ਜਮਹੂਰੀਅਤ ਬਾਰੇ ਉਨ੍ਹਾਂ ਦੀ ਸੋਚ ਰਾਜਸ਼ਾਹੀ ਵਰਗੀ ਪਹੁੰਚ ਅਪਣਾ ਕੇ ਸਰਕਾਰਾਂ ਚਲਾਉਣ ਵਾਲੇ ਲੋਕਾਂ ਨਾਲ ਭੋਰਾ ਵੀ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ ਕਿ ਰਾਜੇ ਮਹਿਲਾਂ ਵਿੱਚ ਰਹਿੰਦੇ ਹਨ ਜਦ ਕਿ ਮੈਂ ਅੱਠੇ ਪਹਿਰ ਲੋਕਾਂ ਦੀ ਸੰਗਤ ਵਿੱਚ ਰਹਿੰਦਾ ਹਾਂ।
ਕੁਝ ਕਾਂਗਰਸੀਆਂ ਵਲੋਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਅਲੋਚਨਾ ‘ਤੇ ਸਖਤੀ ਨਾਲ ਵਰ੍ਹਦੇ ਹੋਏ ਸ. ਬਾਦਲ ਨੇ ਕਿਹਾ ਕਿ ਰਾਜ ਦੇ ਕੁਝ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਚੋਣਾਂ ਜਿੱਤਣ ਤੋਂ ਬਾਅਦ ਪੰਜ ਸਾਲ ਲੋਕਾਂ ਕੋਲ ਵਾਪਸ ਨਹੀਂ ਜਾਣਾ ਚਾਹੀਦਾ। ਉਹ ਸੋਚਦੇ ਹਨ ਕਿ ਇੱਕ ਆਗੂ ‘ਬੌਸ’ ਹੁੰਦਾ ਹੈ ਅਤੇ ਉਸ ਨੂੰ ਏਅਰ ਕੰਡੀਸ਼ਨ ਦਫ਼ਤਰਾਂ ਵਿੱਚ ਬੈਠਣਾ ਚਾਹੀਦਾ ਹੈ ਅਤੇ ਸਰਕਾਰੀ ਭੱਤਿਆਂ ਨਾਲ ਮੌਜ ਮਸਤੀ ਕਰਨੀ ਚਾਹੀਦੀ ਹੈ ਅਤੇ ਹੁਕਮ ਜਾਰੀ ਕਰਨ ਲਈ ਅਫ਼ਸਰ ਹੀ ਕਾਫ਼ੀ ਹਨ ਪਰ ਮੈਂ ਕਿਸੇ ਵੀ ਕੀਮਤ ਉਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਾ ਅਤੇ ਅਜਿਹੇ ਘੇਰੇ ਵਿੱਚ ਰਹਿਣ ਵਾਲਾ ਵਿਅਕਤੀ ਨਹੀਂ ਹਾਂ। ਮੈਂ ਸਿਰਫ਼ ਉਨ੍ਹਾਂ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਲੋਕ ਸੇਵਾ ਨਿਭਾਉਣ ਦਾ ਮਾਣ ਬਖਸ਼ਿਆ ਹੈ। ਇਸ ਕਰਕੇ ਮੈਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਦਾ ਹੀ ਉਨ੍ਹਾਂ ਦੇ ਦਰਾਂ ‘ਤੇ ਜਾਂਦਾ ਰਹਾਂਗਾ। ਇਹੋ ਕਾਰਨ ਹੈ ਕਿ ਉਹ ਸਦਾ ਹੀ ਮੈਨੂੰ ਪਿਆਰ ਕਰਦੇ ਰਹੇ ਹਨ, ਵਿਸ਼ਵਾਸ ਕਰਦੇ ਹਨ ਅਤੇ ਮੈਨੂੰ ਚੁਣਦੇ ਹਨ।
ਸ. ਬਾਦਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਧਾਰਨਾ ਸਦਾ ਕਾਂਗਰਸ ਤੋਂ ਵੱਖਰੀ ਰਹੀ ਹੈ। ਕਾਂਗਰਸ ਆਗੂਆਂ ਵਲੋਂ ਕੀਤੀ ਗਈ ਅਲੋਚਨਾ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਇਹ ਉਨ੍ਹਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਦੀ ਰੱਤੀ ਭਰ ਵੀ ਸਮਝ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜਮਹੂਰੀਅਤ, ਨਿਰੰਕੁਸ਼ਤਾ ਤੋਂ ਕਿਵੇਂ ਵੱਖਰੀ ਹੈ। ਉਹ ਨਿਰੰਕੁਸ਼ਤਾ ਦੇ ਇਸੇ ਦਰਸ਼ਨ ਦਾ ਸਨਮਾਨ ਕਰਦੇ ਹਨ ਪਰ ਮੈਂ ਆਪਣਾ ਜੀਵਨ ਲੋਕਾਂ ਵਿੱਚ ਗੁਜ਼ਾਰਦਾ ਹਾਂ ਅਤੇ ਜਿੰਨਾਂ ਚਿਰ ਵੀ ਮੈਂ ਜਿਉਂਦਾ ਰਹਾਂਗਾ, ਅਜਿਹਾ ਹੀ ਕਰਦਾ ਰਹਾਂਗਾ। ਮੈਂ ਲੋਕਾਂ ਵਲੋਂ ਦਿੱਤੇ ਗਏ ਪਿਆਰ ਅਤੇ ਪ੍ਰਗਟਾਏ ਗਏ ਵਿਸ਼ਵਾਸ ਨੂੰ ਕਦੀ ਵੀ ਪਿੱਠ ਨਹੀਂ ਵਿਖਾਵਾਂਗਾ।
ਸ. ਬਾਦਲ ਨੇ ਕਿਹਾ ਕਿ ਮੇਰੀ ਇਸ ਪਹੁੰਚ ਦੇ ਪਿੱਛੇ ਮੇਰੇ ਧਰਮ ਦਾ ਰੰਗ ਚੜ੍ਹਿਆ ਹੋਇਆ ਹੈ। ਮੈਂ ਲੋਕਾਂ ਵਿਚੋਂ ਰੱਬ ਨੂੰ ਦੇਖਦਾ ਹਾਂ। ਉਨ੍ਹਾਂ ਦੀ ਹਾਜ਼ਰੀ ਮੈਨੂੰ ਵੱਖਰੇ ਤਰ੍ਹਾਂ ਦੀ ਸ਼ਾਂਤੀ ਅਤੇ ਅਸ਼ੀਰਵਾਦ ਦਿੰਦੀ ਹੈ। ਮੈਂ ਉਨ੍ਹਾਂ ਕਾਂਗਰਸੀਆਂ ਵਾਂਗ ਪ੍ਰਗਟਾਵਾ ਨਹੀਂ ਕਰ ਸਕਦਾ ਜੋ ਆਪਣੀ ਹੀ ਸ਼ਾਨ ਵਧਾਉਣ ਲਈ ਸਿਆਸਤ ਕਰਦੇ ਹਨ ਅਤੇ ਵੱਡ-ਵੱਡੇ ਅਹੁਦਿਆਂ ‘ਤੇ ਪਹੁੰਚਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸੰਗਤ ਦਰਸ਼ਨ ਦੀ ਅਲੋਚਨਾ ਕੀਤੀ ਹੈ, ਉਨ੍ਹਾਂ ਨੂੰ ਨਾ ਤਾਂ ‘ਸੰਗਤ’ ਅਤੇ ਨਾ ਹੀ, ‘ਦਰਸ਼ਨ’ ਦੀ ਧਾਰਨਾ ਦਾ ਪਤਾ ਹੈ। ਮੈਂ ਇਨ੍ਹਾਂ ਸ਼ਬਦਾਂ ਦੀ ਬੜੇ ਹੀ ਧਿਆਨ ਨਾਲ ਚੋਣ ਕੀਤੀ ਹੈ। ਗੁਰੂਆਂ ਨੇ ਸੰਗਤ ਨੂੰ ਪ੍ਰਮਾਤਮਾ ਦੇ ਨਾਲ ਸਮਲਿਤ ਕੀਤਾ ਹੈ ਜਿਸ ਦਾ ਰੁਤਬਾ ਬਹੁਤ ਉਪਰ ਹੈ ਅਤੇ ਦਰਸ਼ਨ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ ਕਿਉਂਕਿ ਇਹ ਦੱਸਦਾ ਹੈ ਕਿ ਲੋਕ ਪ੍ਰਮਾਤਮਾ ਦੇ ਪ੍ਰਤੀਬਿੰਬ ਹਨ ਅਤੇ ਉਨ੍ਹਾਂ ਨੂੰ ਮਿਲਣਾ ਪ੍ਰਮਾਤਮਾ ਦੀ ਦ੍ਰਿਸ਼ਟੀ ਨੂੰ ਦੇਖਣ ਦੇ ਬਰਾਬਰ ਹੈ। ਇਹ ਸਿੱਧਾ ਮੇਰੇ ਦਿਲ ਦੀਆਂ ਡੂੰਘਾਈਆਂ ਅਤੇ ਮੇਰੀ ਆਤਮਾ ਵਿਚੋਂ ਨਿਕਲਿਆ ਹੈ। ਮੈਂ ਉਨ੍ਹਾਂ ਕੋਲ ਇਸ ਦੀ ਵਿਆਖਿਆ ਨਹੀਂ ਕਰ ਸਕਦਾ ਜੋ ਆਪਣੇ ਆਪ ਨੂੰ ਮਹਾਰਾਜਾ ਜਾਂ ਸ਼ਾਸਕ ਸਮਝਦੇ ਹਨ ਅਤੇ ਲੋਕਾਂ ਨੂੰ ਪਰਜਾ ਮੰਨਦੇ ਹਨ। ਮੇਰੇ ਹਿਸਾਬ ਨਾਲ ਲੋਕ ਰਾਜੇ ਹਨ ਅਤੇ ਉਨ੍ਹਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ। ਜਦੋਂ ਮੈਂ ਉਨ੍ਹਾਂ ਦੇ ਨਾਲ ਬੈਠਦਾ ਹਾਂ। ਮੈਂ ਸਨਮਾਨ ਮਹਿਸੂਸ ਕਰਦਾ ਹਾਂ। ਇਹ ਗੱਲ ਮੈਨੂੰ ਸ਼ਾਂਤੀ ਦਿੰਦੀ ਹੈ ਅਤੇ ਅਧਿਆਤਮਕ ਤੌਰ ‘ਤੇ ਮਜ਼ਬੂਤ ਕਰਦੀ ਹੈ।
ਜਨਤਕ ਕਾਰਜਾਂ ਅਤੇ ਸਥਾਨਕ ਵਿਕਾਸ ਪ੍ਰਾਜੈਕਟਾਂ ਉਤੇ ਖਰਚੇ ਜਾਂਦੇ ਫੰਡਾਂ ਦੇ ਸਬੰਧ ਵਿੱਚ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਹੁਣ ਕੁਫ਼ਰ ਤੋਲਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਗਏ ਅਤੇ ਅਦਾਲਤ ਨੇ ਇਸ ਉਤੇ ਇਤਰਾਜ਼ ਲਗਾ ਦਿੱਤੇ। ਉਨ੍ਹਾਂ ਨੂੰ ਅਦਾਲਤ ਦੇ ਫ਼ੈਸਲੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਜਬਲੀਆਂ ਮਾਰਨੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਲੋਕਾਂ ਲਈ ਖਰਚ ਕੀਤੀ ਇੱਕ-ਇੱਕ ਪਾਈ ਦਾ ਸਖਤੀ ਨਾਲ ਲੇਖਾ-ਜੋਖਾ ਕੀਤਾ ਜਾਂਦਾ ਹੈ ਅਤੇ ਬਕਾਇਦਾ ਹਿਸਾਬ ਕਿਤਾਬ ਵੀ ਰੱਖਿਆ ਜਾਂਦਾ ਹੈ। ਜੇਕਰ ਅਜਿਹਾ ਨਾ ਕੀਤਾ ਹੁੰਦਾ ਤਾਂ ਅਦਾਲਤ ਸਾਨੂੰ ‘ਕਲੀਨ ਚਿੱਟ’ ਨਾ ਦਿੰਦੀ।