ਰਾਸ਼ਟਰਪਤੀ ਟਰੰਪ ਨੇ ਵਿਦੇਸ਼ੀਆਂ ਦੇ ਆਰਜ਼ੀ ਵਰਕ ਵੀਜ਼ੇ ਉੱਪਰ ਲਾਈ ਰੋਕ

ਵਿਰੋਧੀਆਂ ਨੇ ਕਿਹਾ ਰਾਜਸੀ ਪੱਤਾ ਖੇਡ ਰਹੇ ਹਨ ਟਰੰਪ
ਵਾਸ਼ਿੰਗਟਨ 23 ਜੂਨ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਇਕ ਆਦੇਸ਼ ਜਾਰੀ ਕੀਤਾ ਹੈ ਜਿਸ ਤਹਿਤ 2020 ਦੇ ਅੰਤ ਤੱਕ ਵਿਦੇਸ਼ੀਆਂ ਦੇ ਆਰਜ਼ੀ ਵੀਜ਼ੇ ਉੱਪਰ ਰੋਕ ਲੱਗ ਜਾਵੇਗੀ। ਇਹ ਆਦੇਸ਼ ਕਈ ਤਰਾਂ ਦੀਆਂ ਨੌਕਰੀਆਂ ਦੇ ‘ਵਰਕ ਵੀਜ਼ੇ’ ਉੱਪਰ ਲਾਗੂ ਹੋਵੇਗਾ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਆਦੇਸ਼ ਨਾਲ 5,25,000 ਨੌਕਰੀਆਂ ਪੈਦਾ ਹੋਣਗੀਆਂ ਜੋ ਅਮਰੀਕਨਾਂ ਨੂੰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਟਰੰਪ ਨੇ ਅਮਰੀਕਾ ਲਈ ਇਮੀਗ੍ਰੇਸ਼ਨ ਮੁਲਤਵੀ ਕਰ ਦਿੱਤੀ ਸੀ। ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਅਮਰੀਕਨਾਂ ਲਈ ਨੌਕਰੀਆਂ ਰਾਖਵੀਂਆਂ ਰੱਖਣ ਦੇ ਮਕਸਦ ਨਾਲ ਇਮੀਗ੍ਰੇਸ਼ਨ ਮੁਲਤਵੀ ਕੀਤੀ ਗਈ ਹੈ। ਰਾਸ਼ਟਰਪਤੀ ਨੇ ਵਿਦੇਸ਼ੀ ਸ਼ਹਿਰੀਆਂ ਲਈ ਜੋ ਅਮਰੀਕਾ ਵਿਚ ਰਹਿਣਾ ਚਾਹੁੰਦੇ ਹਨ ਲਈ ਗਰੀਨ ਕਾਰਡ ਜਾਰੀ ਕਰਨ ਦਾ ਅਮਲ ਵੀ 60 ਦਿਨਾਂ ਲਈ ਰੋਕ ਦਿੱਤਾ ਸੀ। ਇਹ ਸਮਾਂ ਸੋਮਵਾਰ ਖ਼ਤਮ ਹੋ ਗਿਆ ਹੈ। ਨਵਾਂ ਆਦੇਸ਼ ਐਚ 1 ਬੀ ਵੀਜ਼ਾ ‘ਤੇ ਲਾਗੂ ਹੋਵੇਗਾ ਜੋ ਉੱਚ ਕੁਸ਼ਲ ਵਰਕਰਾਂ ਵਿਸ਼ੇਸ਼ ਤੌਰ ‘ਤੇ ਉੱਚ ਟੈੱਕ- ਇੰਡਸਟਰੀ ਵਾਸਤੇ ਹੁੰਦਾ ਹੈ। ਵਿਦੇਸ਼ੀਆਂ ਨੂੰ ਐਚ 2 ਬੀ ਵੀਜ਼ਾ ਵੀ ਨਹੀਂ ਮਿਲ ਸਕੇਗਾ ਜੋ ਉਸਾਰੀ ਦੇ ਕੰਮਕਾਰਾਂ ਲਈ ਆਉਣ ਵਾਲੇ ਸੀਜ਼ਨਲ ਵਿਦੇਸ਼ੀ ਕਾਮਿਆਂ ਨੂੰ ਦਿੱਤਾ ਜਾਂਦਾ ਹੈ। ਨਵੇਂ ਆਦੇਸ਼ ਨਾਲ ਐਚ-4 ਵੀਜ਼ਾ ਵੀ ਪ੍ਰਭਾਵਿਤ ਹੋਵੇਗਾ ਜੋ ਐਚ 1 ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ (ਪਤਨੀ-ਪਤੀ) ਨੂੰ ਦਿੱਤਾ ਜਾਂਦਾ ਹੈ। ਐਲ-1 ਵੀਜ਼ਾ ਜੋ ਵੱਡੀਆਂ ਕਾਰਪੋਰੇਸ਼ਨਾਂ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ ਤੇ ਜੇ- ਵੀਜ਼ਾ ਜੋ ਸਕਾਲਰਾਂ ਤੇ ਪ੍ਰੋਫੈਸਰਾਂ ਨੂੰ ਦਿੱਤਾ ਜਾਂਦਾ ਹੈ ਵੀ ਇਸ ਨਵੇਂ ਆਦੇਸ਼ ਕਾਰਨ ਨਹੀਂ ਮਿਲ ਸਕਣਗੇ। ਇਸ ਤੋਂ ਇਲਾਵਾ ਟਰੰਪ ਨੇ ਆਪਣੇ ਸਹਾਇਕਾਂ ਨੂੰ ਕਿਹਾ ਹੈ ਕਿ  ਉਹ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਮਿਆਦੀ ਸੁਧਾਰਾਂ ਲਈ ਕੰਮ ਸ਼ੁਰੂ ਕਰ ਦੇਣ। ਐਚ-1 ਬੀ ਵੀਜ਼ਾ ਦੇਣ ਦਾ ਢੰਗ ਤਰੀਕਾ ਬਦਲਣ ਲਈ ਕਿਹਾ ਗਿਆ ਹੈ ਜੋ ਇਸ ਸਮੇਂ ਲਾਟਰੀ ਪ੍ਰਣਾਲੀ ਰਾਹੀਂ ਦਿੱਤਾ ਜਾਂਦਾ ਹੈ। ਹੁਣ ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਸਭ ਤੋਂ ਵਧ ਕਮਾਈ ਕਰਦੇ ਹੋਣਗੇ। ਰਾਸ਼ਟਰਪਤੀ ਦੇ ਨਵੇਂ ਆਦੇਸ਼ ਦੀ ਇਮੀਗ੍ਰੇਸ਼ਨ ਨਾਲ ਜੁੜੀਆਂ ਸੰਸਥਾਵਾਂ ਨੇ ਅਲੋਚਨਾ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਆਪਣਾ ਰਾਜਸੀ ਪੱਤਾ ਖੇਡ ਰਹੇ ਹਨ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਡਾਇਰੈਕਟਰ ਬੈਥ ਵਰਲਿਨ ਨੇ ਕਿਹਾ ਹੈ ਕਿ ‘ਵਿਦੇਸ਼ੀ ਵਰਕਰ ਅਮਰੀਕਨ ਵਰਕ ਫੋਰਸ ਦਾ ਮਹੱਤਵ ਪੂਰਨ ਹਿੱਸਾ ਹੈ। ਜਿਉਂ ਹੀ ਕੋਰੋਨਾਵਾਇਰਸ ਤੋਂ ਛੁਟਕਾਰਾ ਮਿਲ ਜਾਵੇਗਾ ਰਾਸ਼ਟਰ ਦੇ ਪੁਨਰ ਨਿਰਮਾਣ ਲਈ ਹਰ ਤਰਾਂ ਦੀ ਸਨਅਤ ਵਿਚ ਵਿਦੇਸ਼ੀ ਵਰਕਰਾਂ ਦੀ ਲੋੜ ਪਵੇਗੀ।”ਬਿਨਾਂ ਸ਼ੱਕ ਹਜ਼ਾਰਾਂ ਭਾਰਤੀ ਲੋਕ ਟਰੰਪ ਵੱਲੋਂ ਜਾਰੀ ਕੀਤੀ ਇਸ ਵੀਜ਼ਾ ਪ੍ਰਣਾਲੀ ਤੋਂ ਪ੍ਰਭਾਵਿਤ ਹੋਣਗੇ।