ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ

ਨਵੀਂ ਦਿੱਲੀ, 10 ਨਵੰਬਰ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਸਮਾਗਮ ਦੌਰਾਨ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ। ਇਨ੍ਹਾਂ ‘ਚੋਂ ਕੁੱਝ ਹਸਤੀਆਂ ਨੂੰ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਿਕ ਸਾਲ 2020 ਦੇ ਇਨ੍ਹਾਂ ਵਿਸ਼ੇਸ਼ ਪੁਰਸਕਾਰਾਂ ‘ਚੋਂ 4 ਨੂੰ ਪਦਮ ਵਿਭੂਸ਼ਣ, 8 ਨੂੰ ਪਦਮ ਭੂਸ਼ਣ ਅਤੇ 61 ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਹੈ।
ਪਦਮ ਵਿਭੂਸ਼ਣ ਪੁਰਸਕਾਰ ਹਾਸਲ ਕਰਨ ਵਾਲਿਆਂ ‘ਚ ਸਾਬਕਾ ਕੇਂਦਰੀ ਮੰਤਰੀ ਜੌਰਜ ਫਰਨਾਂਡਿਜ਼ (ਮਰਨ ਉਪਰੰਤ), ਅਰੁਣ ਜੇਤਲੀ (ਮਰਨ ਉਪਰੰਤ), ਸੁਸ਼ਮਾ ਸਵਰਾਜ (ਮਰਨ ਉਪਰੰਤ) ਅਤੇ ਹਿੰਦੂਸਤਾਨੀ ਕਲਾਸੀਕਲ ਗਾਇਕ ਪੰਡਿਤ ਛੰਨੂ ਲਾਲ ਮਿਸ਼ਰਾ ਸ਼ਾਮਲ ਹਨ। ਸ੍ਰੀ ਜੇਤਲੀ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੀ ਧੀ ਨੇ ਇਹ ਪੁਰਸਕਾਰ ਹਾਸਲ ਕੀਤੇ। ਉੱਘੇ ਮੂਰਤੀਕਾਰ ਸੁਦਰਸ਼ਨ ਸਾਹੂ, ਕਰਨਾਟਕ ਦੇ ਬਜ਼ੁਰਗ ਡਾਕਟਰ ਅਤੇ ਸਿੱਖਿਆ ਸ਼ਾਸਤਰੀ ਬੇਲੇ ਮੋਨੱਪਾ ਹੇਗੜੇ ਅਤੇ ਪੁਰਾਤੱਤਵ ਵਿਗਿਆਨੀ ਬੀਬੀ ਲਾਲ ਨੂੰ ਵੀ ਪਦਮ ਵਿਭੂਸ਼ਨ ਪੁਰਸਕਾਰ ਦਿੱਤਾ ਗਿਆ।
ਰਾਸ਼ਟਰਪਤੀ ਨੇ ਪਦਮ ਭੂਸ਼ਣ ਪੁਰਸਕਾਰ ਨਾਲ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ, ਸਮਾਜ ਸੇਵਕ ਡਾਕਟਰ ਅਨਿਲ ਪ੍ਰਕਾਸ਼ ਜੋਸ਼ੀ, ਡਾਕਟਰ ਐੱਸ ਸੀ ਜਮੀਰ ਅਤੇ ਅਧਿਆਤਮਵਾਦ ਲਈ ਮੁਮਤਾਜ਼ ਅਲੀ ਨੂੰ ਨਿਵਾਜਿਆ। ਉਨ੍ਹਾਂ ਸੰਥਲੀ ਭਾਸ਼ਾ ਦੇ ਮਸ਼ਹੂਰ ਸਾਹਿਤਕਾਰ ਦਮਯੰਤੀ ਬੇਸ਼ਰਾ, ਟੀਵੀ ਅਤੇ ਫਿਲਮ ਅਦਾਕਾਰਾ ਸਰਿਤਾ ਜੋਸ਼ੀ, ਸੰਗੀਤਕਾਰ ਅਤੇ ਗਾਇਕ ਅਦਨਾਨ ਸਾਮੀ, ਅਦਾਕਾਰਾ ਕੰਗਨਾ ਰਣੌਤ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਆਈਸੀਐੱਮਆਰ ਦੇ ਡਾਕਟਰ ਰਮਨ ਗੰਗਾਖੇਡਕਰ ਸਮੇਤ ਹੋਰਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਤੋਂ ਇਲਾਵਾ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ (ਮਰਨ ਉਪਰੰਤ), ਸੁਮਿੱਤਰਾ ਮਹਾਜਨ, ਭਾਰਤ ਦੀ ਪਹਿਲੀ ਅੱਠ ਵਾਰ ਦੀ ਮਹਿਲਾ ਸੰਸਦ ਮੈਂਬਰ ਅਤੇ ਨ੍ਰਿਪੇਂਦਰ ਮਿਸ਼ਰਾ, ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਨੂੰ ਕ੍ਰਮਵਾਰ ਜਨਤਕ ਮਾਮਲਿਆਂ ਅਤੇ ਸਿਵਲ ਸੇਵਾ ਵਿੱਚ ਯੋਗਦਾਨ ਲਈ ਪਦਮ ਭੂਸ਼ਨ ਪ੍ਰਦਾਨ ਕੀਤਾ ਗਿਆ।
ਰਾਸ਼ਟਰਪਤੀ ਨੇ ਅਸਾਮ ਤੋਂ ਸਮਾਜ ਸੇਵੀ ਲਖਮੀ ਬਰੂਹਾ, ਪ੍ਰੋਫੈਸਰ ਜੈ ਭਗਵਾਨ ਗੋਇਲ, ਰਾਜਸਥਾਨ ਤੋਂ ਲੋਕ ਗਾਇਕ ਲੱਖਾ ਖਾਨ, ਪ੍ਰਸਿੱਧ ਕਰਨਾਟਕ ਗਾਇਕ ਬੰਬਈ ਜੈਸ਼੍ਰੀ ਰਾਮਨਾਥ, ਦੇਹਰਾਦੂਨ ਤੋਂ ਸੀਨੀਅਰ ਆਰਥੋਪੀਡਿਕ ਸਰਜਨ ਭੁਪਿੰਦਰ ਕੁਮਾਰ ਸਿੰਘ ਸੰਜੈ, ਸ੍ਰੀਨਗਰ ਤੋਂ ਪੱਤਰਕਾਰ ਤੇ ਹਿੰਦੀ ਪ੍ਰੋਫੈਸਰ ਚਮਨ ਲਾਲ ਸਪਰੂ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ। ਰਾਜਸਥਾਨ ਦੇ ਪਾਲੀ ਲੇਖਕ ਅਰਜੁਨ ਸਿੰਘ ਸ਼ੇਖਾਵਤ, ਸੰਸਕ੍ਰਿਤ ਦੇ ਪ੍ਰਮੁੱਖ ਅਧਿਕਾਰੀ ਵਿਕਾਰਨ ਰਾਮ ਯਤਨਾ ਸ਼ੁਕਲਾ, ਦਿੱਲੀ ਆਧਾਰਤ ਸਮਾਜ ਸੇਵਕ ਜਤਿੰਦਰ ਸਿੰਘ ਸ਼ੰਟੀ, ਸਟੀਪਲਚੇਜ਼ ਐਥਲੀਟ ਸੁਧਾ ਸਿੰਘ, ਬਿਹਾਰ ਦੀ ਉੱਘੀ ਹਿੰਦੀ ਲੇਖਿਕਾ ਮ੍ਰਿਦੁਲਾ ਸਿਨਹਾ (ਮਰਨ ਉਪਰੰਤ), ਪੱਛਮੀ ਬੰਗਾਲ ਤੋਂ ਸਮਾਜ ਸੇਵੀ ਗੁਰੂ ਮਾਂ ਕਮਲੀ ਸੋਰੇਨ ਅਤੇ ਭੁਪਾਲ ਦੇ ਕਬਾਇਲੀ ਲੋਕ ਸੱਭਿਆਚਾਰ ਵਿਦਵਾਨ ਕਪਿਲ ਤਿਵਾੜੀ ਨੂੰ ਵੀ ਪਦਮਸ਼੍ਰੀ ਪੁਰਸਕਾਰ ਦਿੱਤੇ ਗਏ।