ਰੈਫਰੰਡਮ ਦੇ ਸ਼ੁਰੂਆਤੀ ਨਤੀਜੇ: ਕੀਵੀਆਂ ਨੇ ‘ਐਂਡ ਆਫ਼ ਲਾਈਫ਼ ਚੁਆਇਸ’ ਲਈ ‘ਹਾਂ’ ਤੇ ‘ਭੰਗ ਦੇ ਕਾਨੂੰਨੀਕਰਣ’ ਨੂੰ ਕੀਤੀ ‘ਨਾਂਹ’

ਵੈਲਿੰਗਟਨ, 30 ਅਕਤੂਬਰ – 17 ਅਕਤੂਬਰ ਨੂੰ ਦੇਸ਼ ਦੀਆਂ ਹੋਈਆਂ ਆਮ ਚੋਣਾਂ ਦੌਰਾਨ ਇਸ ਵਾਰ ਦੋ ਰੈਫਰੰਡਮ ਵੀ ਕਰਵਾਏ ਗਏ ਸਨ। ਅੱਜ ਰੈਫਰੰਡਮ ਦੇ ਆਏ ਮੁੱਢਲੇ ਨਤੀਜੇ ਇਹ ਸੰਕੇਤ ਦਿੰਦੇ ਹਨ ਕਿ ਜਿੱਥੇ ਕੀਵੀਆਂ ਦੀ ਬਹੁਗਿਣਤੀ ਨੇ ਨਿੱਜੀ ਵਰਤੋਂ ਲਈ ਭੰਗ (Cannabis Legalisation And Control Bill) ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦੇਣ ਦੇ ਵਿਰੁੱਧ ਵੋਟ ਦਿੱਤੀ। ਉੱਥੇ ਹੀ ਕੀਵੀਆਂ ਨੇ ‘ਐਂਡ ਆਫ਼ ਲਾਈਫ਼ ਚੁਆਇਸ ਐਕਟ’ (End Of Life Choice Act) ਦੇ ਹੱਕ ਵਿੱਚ ਵੋਟਾਂ ਦਿੱਤੀਆਂ ਹਨ।
ਦੋਵੇਂ ਰੈਫਰੰਡਮ ਦੇ ਅੱਜ ਦੇ ਰੁੱਝਾਨੀ ਨਤੀਜੇ ਦਿਖਾਉਂਦੇ ਹਨ ਕਿ 46.1% ਨੇ ਭੰਗ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦੇਣ ਲਈ ਵੋਟਿੰਗ ਕੀਤੀ, ਜਦੋਂ ਕਿ ਇਸ ਦੇ ਮੁਕਾਬਲੇ 53.1% ਕੀਵੀਆਂ ਨੇ ‘ਨਾਂਹ’ ਦੇ ਹੱਕ ‘ਚ ਵੋਟ ਦਿੱਤੇ ਹਨ। ਜਦੋਂ ਕਿ ‘ਐਂਡ ਆਫ਼ ਲਾਈਫ਼ ਚੁਆਇਸ ਐਕਟ’ ਦੇ ਹੱਕ ਵਿੱਚ 65.2% ਕੀਵੀਆਂ ਨੇ ਵੋਟਾਂ ਦਿੱਤੀਆਂ ਹਨ ਤੇ 33.8% ਨੇ ‘ਨਾਂਹ’ ਦੇ ਪੱਖ ‘ਚ ਵੋਟ ਦਿੱਤੇ ਹਨ।
ਹਾਲਾਂਕਿ, ਸਰਕਾਰੀ ਨਤੀਜੇ 6 ਨਵੰਬਰ ਤੱਕ ਨਹੀਂ ਜਾਣੇ ਜਾਣਗੇ, ਜਦੋਂ 480,000 ਵਿਸ਼ੇਸ਼ ਵੋਟ ਅੰਤਿਮ ਗਿਣਤੀ ਵਿੱਚ ਸ਼ਾਮਲ ਕੀਤੇ ਜਾਣਗੇ। ਪਰ ਅੱਜ ਦੇ ਮਾਰਜ਼ਨ ਤੋਂ ਪਤਾ ਚੱਲਦਾ ਹੈ ਕਿ ਭੰਗ ਦੇ ਮਾਮਲੇ ਵਿੱਚ ‘ਨਹੀਂ’ ਪੱਖੀ ਵੋਟ ਤਾਕਤਵਰ ਹੋਇਆ ਹੈ, ਜੋ ਮਤਦਾਨ ਦੇ ਨਤੀਜਿਆਂ ਦੇ ਅਨੁਸਾਰ ਹੈ ਜੋ ਪੋਲਿੰਗ ਦੇ ਦਿਨ ਤੱਕ ਆਉਂਦੇ ਹਨ। ਆਉਣ ਵਾਲੀ ਨਵੀਂ ਸਰਕਾਰ ਹਾਲੇ ਵੀ ਨਸ਼ਾ ਕਾਨੂੰਨ ਸੁਧਾਰ ਲਈ ਸਿਹਤ-ਅਧਾਰਿਤ ਮੌਜੂਦਾ ਪਹੁੰਚ ‘ਚ ਸੁਧਾਰ ਕਰੇਗੀ।