ਲਫਜ਼ਾਂ ਦੀ ਤਹਿਜ਼ੀਬ ਅਤੇ ਸੁਰਾਂ ਦਾ ਸਲੀਕਾ- ਡਾ. ਸਤਿੰਦਰ ਸਰਤਾਜ

ਸਾਂਈ ਵੇ ਸਾਡੀ ਫਰਿਆਦ ਤੇਰੇ ਤਾਂਈ,
ਸਾਂਈ ਵੇ ਮਿਹਨਤਾਂ ਦੇ ਮੁਲ ਵੀ ਪੁਆਈਂ,
ਸਾਂਈ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ,
ਸਾਂਈ ਜੇ ਸਾਜ਼ ਰੁੱਸ ਗਏ ਤਾਂ ਮਨਾਈਂ,
ਸਾਂਈ ਵੇ ਕੰਨੀ ਕਿਸੇ ਗੀਤ ਦੀ ਫੜਾਈਂ,
ਸਾਂਈ ਵੇ ਸੱਚੀ ‘ਸਰਤਾਜ’ ਹੀ ਬਣਾਈਂ…..
ਦੋਸਤੋ! ਇੱਕ ਸਮਾਂ ਸੀ ਕਿ ਰਵਿੰਦਰ ਨਾਥ ਟੈਗੋਰ ਪੰਜਾਬੀ ਬੋਲੀ ਦੀ ਭਾਵੁਕਤਾ, ਮਿਠਾਸ ਅਤੇ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਉੱਘੇ ਐਕਟਰ ਸਵ. ਬਲਰਾਜ ਸਾਹਨੀ ਨੂੰ ਆਖਣ ਲੱਗੇ ਕਿ ਆਪਣੀ ਮਾਂ-ਬੋਲੀ ਵਿੱਚ ਲਿਖੋ। ਤੇ ਜਿਹੜੀ ਲੋਕ-ਬੋਲੀ ਤੋਂ ਟੈਗੋਰ ਸਾਹਿਬ ਪ੍ਰਭਾਵਿਤ ਹੋਏ ਸਨ ਉਹ ਸੀ ਅਖੇ, ‘ਲੱਛੀਏ ਜਿੱਥੇ ਤੂੰ ਪਾਣੀ ਡੋਲਿਆ, ਉਥੇ ਉੱਗ ਪਏ ਚੰਦਨ ਦੇ ਬੂਟੇ’…। ਸੋ ਰੌਲਾ-ਰੱਪਾ ਜਿੰਨਾਂ ਮਰਜ਼ੀ ਵੱਧ ਜਾਵੇ ਪਰ ਵਗਦੀ ਹਨ੍ਹੇਰੀ ਤੇ ਤੱਤੀਆਂ ਹਵਾਂਵਾਂ ਵਿੱਚ ਠੰਡੇ ਬੁੱਲੇ ਵਰਗੀ ਤਾਜ਼ਗੀ ਲੈ ਕੇ, ਮਾਖਿਓਂ ਮਿੱਠੀ ਬੋਲੀ ਪੰਜਾਬੀ ਦਾ ਸਰਵਣ ਪੁੱਤ ਬਣ ਕੇ ਸਮਿਆਂ ਦਾ ਸਰਤਾਜ, ਆਣ ਅਲਖ ਜਗਾਉਂਦਾ ਹੈ। 
ਖੈਰ! ਤੁਸੀਂ-ਅਸੀਂ ਜਾਣਦੇ ਹਾਂ ਕਿ ਸਰਤਾਜ ਨੂੰ ਹਰਮਨ-ਪਿਆਰਤਾ ਦਿਵਾਉਣ ਵਿੱਚ ‘ਯੂ-ਟਿਊਬ’ ਦਾ ਉੱਘਾ ਯੋਗਦਾਨ ਹੈ। ਉਸਦੀ ਤਾਰੀਫ ਕਰਦਿਆਂ ਆਸਟਰੇਲੀਆ ਵਸਿਆ ਉੱਘਾ ਪੇਸ਼ਕਾਰ ਵੀਰ ਹਰਜਿੰਦਰ ਜੌਹਲ ਲਿਖਦੈ, ‘ਉਸ ਦੀ ਆਵਾਜ਼ ਕਿਤੇ ਵਿਦਰੋਹੀ ਲਲਕਾਰ ਦਾ ਰੂਪ ਧਾਰਦੀ ਹੈ, ਕਿਤੇ ਤਰਲਾ, ਕਿਤੇ ਅਰਦਾਸ, ਦਿਲਾਸਾ ਤੇ ਧਰਵਾਸ, ਕਿਤੇ ਉਦਰੇਂਵਾਂ, ਕਿਤੇ ਖੁਸ਼ੀ ਦਾ ਵੇਲਾ, ਕਿਤੇ ਕਿਲਕਾਰੀ, ਕਿਤੇ ਉਦਾਸੀ ਤੇ ਕਿਤੇ ਫਿਰ ਉਹ ਸ਼ਾਇਰੀ ਦੇ ਸਾਗਰ ਤਲ ਨੂੰ ਚੁੰਮਦੀ ਹੈ ਅਤੇ ਕਿਤੇ ਸੁਰ ਦੀ ਪਰਵਾਜ਼ ਬਣ ਨਿਭਦੀ ਹੈ।’ ਪੰਜਾਬੀ ਸੰਗੀਤ ਅਤੇ ਗਾਇਕਾਂ ਦੇ ਖੇਤਰ ਵਿੱਚ ਆਲੋਚਨਾ ਦਾ ਖਿੱਤਾ ਵਿਹਲਾ ਪਿਐ, ਸੋ ਕੁੱਝ ਗੱਲਾਂ ਆਲੋਚਕ ਦੇ ਤੌਰ ‘ਤੇ ਵੀ ਲਿੱਖਾਂ (ਨਹੀਂ ਤਾਂ ਤੁਸੀਂ ਆਖੋਗੇ ਕਿ ਰਿਸ਼ਤੇਦਾਰੀ ਹੋਣ ਕਰਕੇ ਤਾਰੀਫ ਕੁੱਝ ਵੱਧ ਕਰ ਦਿੱਤੀ ਐ)। ਸੰਜੀਦਾ ਸਰੋਤਿਆਂ ਨੂੰ ਉਸਦੇ ‘ਪਹਿਲੀ ਕਿੱਕ ‘ਤੇ ਸਟਾਰਟ ਮੇਰਾ ਯਾਹਮਾ’ ਅਤੇ ‘ਬਿੱਲੋ ਜੀ’ ਵਰਗੇ ਗੀਤਾਂ ਤੋਂ ਅਲਰਜੀ ਹੈ। ਪਰ ਜ਼ਿੰਦਗੀ ਦੇ ਸ਼ੋਖ ਰੰਗ ਵੀ ਨੌਜਵਾਨ ਸਰੋਤਿਆਂ ਦੇ ਰੂ-ਬ-ਰੂ ਕਰਨੇ ਹੁੰਦੇ ਨੇ। ਹਾਲਾਂਕਿ ਸਤਿੰਦਰ ਖੁਦ ਆਖਦੈ:-
ਸ਼ਾਇਰੀ ਦਾ ਘਰ ਦੂਰ ਸਤਿੰਦਰਾ, ਗਾਇਕੀ ਉਹਤੋਂ ਦੂਣੀ
ਲਾ ਲੈ ਧੂਣੀ ਜੇ ਮੰਜਿਲ ਛੂਹਣੀ
ਕਿੱਦਾਂ ਗੀਤ ਲਿਖੇਂਗਾ, ਗਾਗਰ ਲਫਜ਼ਾਂ ਵਾਲੀ ਊਣੀ
ਪਿਆਰ ਵਿਹੂਣੀ, ਸੋਚ ਅਲੂਣੀ….
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਦੇ ਸੈਣੀ ਜ਼ਿੰਮੀਂਦਾਰ ਦਾ ਹੋਣਹਾਰ ਪੁੱਤ, ਆਪਣੇ ਪੁਰਖਿਆਂ ਤੋਂ ਮਿਲੀ ਰਿਵਾਇਤੀ ਖੁਸ਼ਬੋਈ ਅੱਜ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਵੰਡ ਰਿਹਾ ਹੈ।
ਰਾਗ, ਤਾਲ ਦਾ ਕੰਮ ਉਮਰ ਦੀ ਸੀਰੀ ਐ
ਵਿਰਲਾ ਈ ਕਰ ਸਕਦੈ, ਇਹੋ ਫਕੀਰੀ ਐ!
ਪ੍ਰੋ. ਪੂਰਨ ਸਿੰਘ ਹੋਰਾਂ ਆਖਿਆ ਸੀ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਬਚਨ, ਕਵਿਤਾ ਹੁੰਦੇ ਹਨ। ਸਤਿੰਦਰਪਾਲ ਸਿੰਘ ਨਾਂ ਦੇ ਇਸ ਹੁਸ਼ਿਆਰਪੁਰੀਏ ਨੌਜਵਾਨ ਫਨਕਾਰ ਦੀ ਗੱਲ ਕਰੀਏ ਤਾਂ ਉਸ ਕੋਲ ਵਰ੍ਹਿਆਂ ਦਾ ਅਧਿਐਨ ਹੈ, ਖੂਬਸੂਰਤ ਅਵਾਜ਼ ਤੇ ਅੰਦਾਜ਼ ਹੈ, ਸੰਗੀਤਕ ਖੜਾਕ ਤੋਂ ਹੱਟ ਕੇ ਸੁਤੀਆਂ ਕਲਾਂ ਜਗਾਉਂਦੀਆਂ ਧੁੰਨਾਂ ਹਨ, ਮੱਸਿਆ ਰੰਗੇ ਸਫਿਆਂ ਤੇ ਚਾਨਣ ਰੰਗੇ ਅੱਖਰ ਉੱਕਰਦੀ ਸ਼ਾਇਰੀ ਐ।
ਇਸ ਵਰ੍ਹੇ ਦਿਵਾਲੀ ਮੌਕੇ ਉਸਦਾ ਸੁਨੇਹਾ ਮਿਲਿਆ:-
ਇਹ ਦਿਵਾਲੀ ਦਰਸ ਦੀ, ਦੀਦਾਰ ਦੀ।
ਰੌਸ਼ਨੀ ਦਰਵੇਸ਼ ਦੇ ਦੀਦਾਰ ਦੀ॥
ਦਾਅਵਾ ਜੇ ਕਰੀਏ ਤਾਂ ਕਰੀਏ ਦਰਦ ਦਾ,
ਦਾਵਤ ਜੇ ਹੋਵੇ ਤਾਂ ਪਿਆਰ ਦੀ॥
ਸ਼ਾਲਾ ਦੁਨੀਆਂ ਦਮ ਭਰੇ ‘ਸਰਤਾਜ’ ਦਾ,
ਏਹੀ ਹੈ ਦੌਲਤ ਜੀ ਇੱਕ ਫਨਕਾਰ ਦੀ॥
ਉਸਦੀਆਂ ਲੋਕ-ਰੰਗ ਵਿੱਚ ਭਿੱਜੀਆਂ ਤਸ਼ਬੀਹਾਂ ਨੇ ਪਰਦੇਸੀ ਪੰਜਾਬੀਆਂ ਦੇ ਮਨਾਂ ਤੇ ਟੂਣਾ ਕਰ ਦਿੱਤਾ ਐ। ਭਾਂਵੇਂ ਉਸ ਨੇ ਦਾਣਿਆਂ ਦਾ ਦਾਜ, ਫੁੱਲਾਂ ਦੇ ਸੁਭਾਅ ਦੀ ਗੱਲ ਕੀਤੀ, ਪਰ ਰਾਜਨੀਤਿਕ ਅਤੇ ਸਮਾਜਿਕ ਸਾਰੋਕਾਰ ਵੀ ਅਣਦੇਖੇ ਨਹੀਂ ਕੀਤੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕੈਂਪਸ ਵਿੱਚ ਸੰਗੀਤ ਸਿਖਾਉਂਦਿਆਂ ਉਹ ਹਰ ਪਲ ਜਗਿਆਸੂ ਵਾਂਗ ਵਿਚਰਦਾ ਰਿਹਾ ਹੈ। ਹਾਲੇ ਉਸ ਨੇ ਹੋਰ ਮੰਜ਼ਿਲਾਂ ਸਰ ਕਰਨੀਆਂ ਹਨ। ਅਸੀਂ-ਤੁਸੀਂ ਖੁਸ਼ਨਸੀਬ ਹਾਂ ਕਿ ਡਾ. ਸਤਿੰਦਰ ਸਰਤਾਜ, ਖੁਦਾ ਤੋਂ ਮੰਗੇ ਜ਼ਜ਼ਬਿਆਂ ਦੀ ਸਾਂਝ ਲੈ ਕੇ ਰੂ-ਬ-ਰੂ ਹੋ ਰਹੇ ਹਨ। ਮਿਊਜ਼ਿਕ ਮੇਨੀਆ ਐਂਟਰਟੇਨਮੈਂਟ ਵਾਲੇ ਮਿੱਤਰਾਂ ਸਮੇਤ ਸਾਰੇ ਭਾਈਚਾਰੇ ਵਲੋਂ ਡਾ. ਸਤਿੰਦਰ ਸਰਤਾਜ ਹੋਰਾਂ ਨੂੰ ‘ਖੁਸ਼ਆਮਦੀਦ’! ਆਪਣੇ ਇਸ ਕਾਲਮ ਵਿੱਚ ਅਖਰਾਂ ਦੀ ਮਾਰਫਤ, ਆਪਣੇ ਇਸ ਹੋਣਹਾਰ ਗਰਾਈਂ, ਰਿਸ਼ਤੇਦਾਰ ਅਤੇ ਚਹੇਤੇ ਕਲਾਕਾਰ ਲਈ, ਵਲੈਤੀਏ ਸ਼ਾਇਰ ਰਾਜਿੰਦਰਜੀਤ ਦੀਆਂ ਦੋ ਸਤਰਾਂ ਹਾਜ਼ਰ ਨੇ:-
ਮੇਰੇ ਵੱਸ ਹੋਵੇ ਤਾਂ ਹਰ ਚੁੱਲੇ ਤੇ ਬਰਕਤ ਲਿਖਦਿਆਂ,
ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖਦਿਆਂ,
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖਦਿਆਂ…
ਆਪਣੇ ਇਸ ਕਾਲਮ ਵਿੱਚ ਅਖਰਾਂ ਦੀ ਮਾਰਫਤ, ਆਪਣੇ ਇਸ ਹੋਣਹਾਰ ਗਰਾਈਂ, ਰਿਸ਼ਤੇਦਾਰ ਅਤੇ ਚਹੇਤੇ ਕਲਾਕਾਰ ਲਈ ਸੁਰਾਂ ਤੇ ਲਫਜ਼ਾਂ ਦੀ ਸਲੀਕੇ ਭਰੀ ਪੇਸ਼ਕਾਰੀ ਨੂੰ ਪਰਮਿੰਦਰ ਵੱਲੋਂ ਮੋਹ ਭਿੱਜਿਆ ਸਲਾਮ ਕਬੂਲ ਹੋਵੇ! ਕਿਉਂਜੋ
ਹਨੇਰੇ ਦੀ ਨਦੀ ਤੋਂ ਪਾਰ ਹੈ, ਨਗਰੀ ਸਵੇਰੇ ਦੀ
ਉਹ ਅੱਜਕਲ ਗੀਤ ਕੀ ਰਚਦਾ, ਸੁਰਾਂ ਦੇ ਪੁਲ ਬਣਾਉਂਦਾ ਹੈ…
18 ਨਵੰਬਰ ਸ਼ੁਕਰਵਾਰ ਦੀ ਸ਼ਾਮ 7.30 ਵਜੇ ਟੈਲਸਟਰਾ ਕਲੀਅਰ ਸੈਂਟਰ ਮੈਨੇਕਾਉ ਵਿਖੇ ਉਸ ਦੇ ਦਿਲਕਸ਼ ਬੋਲਾਂ ਦੀ ਮਹਿਕ ਚਾਰ ਚੁਫੇਰੇ ਨੂੰ ਆਪਣੀ ਆਗੋਸ਼ ਵਿੱਚ ਲੈ ਲਵੇਗੀ।
-ਪਰਮਿੰਦਰ ਸਿੰਘ ਪਾਪਾਟੋਏਟੋਏ