ਸਰਕਾਰ ਵੱਲੋਂ ਮਾਪਿਆਂ ਨੂੰ ਬੁਲਾਉਣ ਦੀ ਨਵੀਂ ਨੀਤੀ ਦਾ ਐਲਾਨ

ਵੈਲਿੰਗਟਨ, 10 ਅਕਤੂਬਰ – ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 7 ਅਕਤੂਬਰ ਨੂੰ ਪਿਛਲੇ 5 ਸਾਲਾਂ ਤੋਂ ਬੰਦ ਪਈ ਮਾਪਿਆਂ ਨੂੰ ਪੱਕੇ ਤੌਰ ‘ਤੇ ਬੁਲਾਉਣ ਦੀ ਕੈਟਾਗਰੀ ਨੂੰ ਖੋਲ੍ਹਣ ਦਾ ਐਲਾਨ ਕੀਤਾ। ਇਮੀਗ੍ਰੇਸ਼ਨ ਮੰਤਰੀ ਆਇਨ ਲੀਜ਼-ਗਲਲੋਵੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਫਰਵਰੀ 2020 ਦੇ ਵਿੱਚ ਮਾਪਿਆਂ ਦੀ ਵੀਜ਼ਾ ਕੈਟeਗਰੀ ਮੁੜ ਨਵੇਂ ਆਰਥਿਕ ਮਾਪਦੰਡਾਂ ਦੇ ਅਧਾਰ ‘ਤੇ ਖੋਲ੍ਹੀ ਜਾਵੇਗੀ। ਜਿਸ ਵਿੱਚ ਨਵੇਂ ਆਰਥਿਕ ਮਾਪਦੰਡਾਂ ਦੇ ਅਧਾਰ ‘ਤੇ ਇਕੱਲਾ ਨਿਊਜ਼ੀਲੈਂਡ ਵਾਸੀ ਆਪਣੇ ਇੱਕ ਮਾਤਾ ਜਾਂ ਪਿਤਾ ਨੂੰ ਪੱਕੇ ਤੌਰ ‘ਤੇ ਬੁਲਾਉਣ ਯੋਗ ਹੋਵੇਗਾ ਜੇ ਉਸ ਦੀ ਆਮਦਨੀ ਸਾਲਾਨਾ 1,06,080 ਡਾਲਰ ਹੋਵੇਗੀ, ਜਦੋਂ ਕਿ ਪਹਿਲਾਂ ਇਹ 65,000 ਡਾਲਰ ਰੱਖੀ ਗਈ ਸੀ, ਲਗਭਗ ਹੁਣ ਦੁੱਗਣੀ ਕਰ ਦਿੱਤੀ ਗਈ ਹੈ। ਜੇ ਇੱਕ ਹੀ ਸਪਾਂਸਰ ਆਪਣੇ ਦੋਵੇਂ ਮਾਤਾ-ਪਿਤਾ ਨੂੰ ਬੁਲਾਉਣਾ ਚਾਹੁੰਦਾ ਹੈ ਤਾਂ ਆਮਦਨੀ 1,59,120 ਡਾਲਰ ਸਲਾਨਾ ਹੋਣੀ ਚਾਹੀਦੀ ਹੈ। ਜਦੋਂ ਕਿ ਸਪਾਂਸਰ ਤੇ ਉਸ ਦੇ ਪਾਰਟਨਰ ਵੱਲੋਂ ਮਾਤਾ ਜਾਂ ਪਿਤਾ ਵਿਚੋਂ ਇੱਕ ਨੂੰ ਮੰਗਵਾਉਣ ਹੋਵੇ ਤਾਂ 1,59,120 ਡਾਲਰ ਆਮਦਨ ਹੋਣੀ ਚਾਹੀਦੀ ਹੈ, ਜਦੋਂ ਕਿ ਪਹਿਲਾਂ ਇਹ 90,000 ਡਾਲਰ ਸੀ। ਜੋ ਹੁਣ ਤਿਗਣੀ ਕਰ ਦਿੱਤੀ ਹੈ। ਸਪਾਂਸਰ ਅਤੇ ਪਾਰਟਨਰ ਵੱਲੋਂ ਮਾਤਾ-ਪਿਤਾ ਦੋਵਾਂ ਨੂੰ ਮੰਗਵਾਉਣ ਲਈ ਆਮਦਨ 2,12,160 ਡਾਲਰ ਨਿਰਧਾਰਿਤ ਕਰ ਦਿੱਤੀ ਗਈ ਹੈ, ਜੋ ਹੁਣ ਲਗਭਗ ਚਾਰ ਗੁਣਾ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਨਿਊਜ਼ੀਲੈਂਡ ‘ਚ ਪ੍ਰਤੀ ਵਿਅਕਤੀ ਔਸਤਨ ਸਲਾਨਾ ਆਮਦਨ 53,040 ਡਾਲਰ ਹੈ। ਹੁਣ ਇਸ ਦੇ ਨਾਲ ਹੀ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਲੈਣੇ ਬੰਦ ਕਰ ਦਿੱਤੇ ਹਨ ਅਤੇ ਇਹ ਦੁਬਾਰਾ ਨਵਾਂ ਵੀਜ਼ਾ ਮਾਪਦੰਡ ਖੁੱਲ੍ਹਣ ਉੱਤੇ ਲਏ ਜਾਣਗੇ ਅਤੇ ਮਈ ਦੇ ਵਿੱਚ ਅਰਜ਼ੀਆਂ ਦੀ ਚੋਣ ਹੋਵੇਗੀ। ਬਹੁਤ ਸਾਰੇ ਲੋਕ ਜੋ ਮਾਪਿਆਂ ਨੂੰ ਮੰਗਵਾਉਣ ਦੇ ਯੋਗ ਨਹੀਂ ਹੋਣਗੇ ਉਨ੍ਹਾਂ ਵੱਲੋਂ ਈਓਆਈ. ਦੀ ਜਮ੍ਹਾ ਕਰਵਾਈ ਫ਼ੀਸ ਵਾਪਿਸ ਕਰ ਦਿੱਤੀ ਜਾਵੇਗੀ। ਜਿਨ੍ਹਾਂ ਅਰਜ਼ੀਆਂ ਦੇ ਉੱਤੇ ਪਹਿਲਾਂ ਹੀ ਕਾਰਵਾਈ ਚੱਲ ਰਹੀ ਹੈ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ। ਹੁਣ ਇਸ ਨੀਤੀ ਅਨੁਸਾਰ ਸਾਲ ਦੇ ਵਿੱਚ 1000 ਵੀਜ਼ੇ ਦਿੱਤੇ ਜਾਇਆ ਕਰਨਗੇ। ਗਾਰੰਟੀਸ਼ੁਧਾ ਉਮਰ ਭਰ ਆਮਦਨ ਅਤੇ ਸੈਟਲਮੈਂਟ ਫ਼ੰਡ ਵਾਲੀ ਸ਼੍ਰੇਣੀ ਬੰਦ ਕਰ ਦਿੱਤੀ ਗਈ ਹੈ।