ਲੱਚਰ ਗਾਇਕੀ ਨੂੰ ਰੋਕਣ ਲਈ ਹਰ ਇਨਸਾਨ ਆਪਣੇ ਅੰਦਰ ‘ਸੈਲਫ ਸੈਂਸਰਸ਼ਿੱਪ’ ਲਾਗੂ ਕਰੇ – ਹਰਭਜਨ ਮਾਨ ਤੇ ਗੁਰਸੇਵਕ ਮਾਨ

– ਮਾਲਵਾ ਸਪੋਰਟਸ ਐਂਡ ਕਲਚਰਲ ਕੱਲਬ ਵੱਲੋਂ ‘ਮਾਘੀ ਮੇਲਾ-2013’ ਭਲਕੇ
– ਨਿਊਜ਼ੀਲੈਂਡ ਪੰਜਾਬੀ ਮੀਡੀਏ ਦੇ ਹੋਏ ਰੂਬਰੂ
ਆਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) – ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸੱਦੇ ਉਤੇ ‘ਮਾਘੀ ਮੇਲਾ 2013’ ਦੇ ਵਿੱਚ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਆਏ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ, ਪੰਜਾਬੀ ਫ਼ਿਲਮਾਂ ਦੇ ਵਿੱਚ ਨਵੀਂ ਰੂਹ ਭਰਨ ਵਾਲੇ ਨਾਇਕ ਹਰਭਜਨ ਮਾਨ ਆਪਣੇ ਛੋਟੇ ਵੀਰ ਗਾਇਕ ਗੁਰਸੇਵਕ ਮਾਨ ਦੇ ਨਾਲ ਅੱਜ ਨਿਊਜ਼ੀਲੈਂਡ ਵਿਖੇ ਪਹੁੰਚੇ। ਉਨ੍ਹਾਂ ਦਾ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਕਲੱਬ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦੋਵੇਂ ਭਰਾ 19 ਜਨਵਰੀ ਨੂੰ ਸ਼ਾਮ 7 ਵਜੇ ਟੈਲਸਟ੍ਰਾ ਕਲੀਅਰ ਈਵੈਂਟ ਸੈਂਟਰ ਮੈਨੁਰੇਵਾ ਵਿਖੇ ਗੀਤਾਂ ਦੀ ਛਹਿਬਰ ਅਤੇ ਕਵੀਸ਼ਰੀ ਛੰਦਾ ਨੂੰ ਸੁਰਾਂ ਸੰਗ ਇਕੱਠਿਆਂ ਗਾਅ ਕੇ ਇਥੇ ਵਸਦੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਅੱਜ ਰਾਤੀਂ ਮਾਲਵਾ ਕੱਲਬ ਦੇ ਸਮੂਹ ਮੈਂਬਰਾਂ, ਸਪਾਂਸਰਾਂ ਅਤੇ ਪਤਵੰਤੇ ਸੱਜਣਾ ਨਾਲ ਉਨ੍ਹਾਂ ਰਾਤਰੀ ਭੋਜ ਉਤੇ ਖੁੱਲ੍ਹੀ ਮਿਲਣੀ ਕੀਤੀ। ਇਸ ਮੌਕੇ ਇਕੱਤਰ ਹੋਏ ਪੰਜਾਬੀ ਮੀਡੀਆ ਨਾਲ ਉਨ੍ਹਾਂ ਪੰਜਾਬੀ ਮਾਂ ਬੋਲੀ ਦਾ ਸਹਾਰਾ ਲੈ ਕੇ ਅਤੇ ਸਭਿਆਚਾਰ ਦੇ ਨਾਂਅ ਦੀ ਆੜ ਵਿਚ ਲੱਚਰ ਗਾਇਕੀ ਦਾ ਇਕ ਨਵਾਂ ਅਧਿਆਏ ਸ਼ੁਰੂ ਕਰਨ ਵਾਲੇ ਕਥਿਤ ਗਾਇਕਾਂ ਬਾਰੇ ਕਿਹਾ ਕਿ ਉਹ ਇਕੱਲੇ ਇਸ ਵਿੱਚ ਕਸੂਰਵਾਰ ਨਹੀਂ ਹਨ। ਅੱਜ ਲੋੜ ਹੈ ਹਰ ਇਨਸਾਨ ਨੂੰ ਆਪਣੇ ਅੰਦਰ ‘ਸੈਲਫ ਸੈਂਸਰਸ਼ਿੱਪ’ ਲਾਗੂ ਕਰਨ ਦੀ। ਜੇਕਰ ਪਰਿਵਾਰ ਦੇ ਸਾਰੇ ਜੀਅ ਕੋਈ ਗੀਤ ਜਾਂ ਵੀਡੀਓ ਇਕੱਠੇ ਬੈਠ ਕੇ ਨਹੀਂ ਵੇਖ ਸਕਦੇ ਤਾਂ ਅਜਿਹੇ ਗਾਇਕਾਂ ਜਾਂ ਗੀਤਾਂ ਨੂੰ ਰੀਤੀ ਰਸਮਾਂ ਵੇਲੇ ਵੀ ਮਾਨਤਾ ਨਹੀਂ ਦੇਣੀ ਚਾਹੀਦੀ। ਜੇਕਰ ਲੱਚਰ ਜਾਂ ਗੰਦੇ ਗੀਤਾਂ ਉਤੇ ਪਰਿਵਾਰਾਂ ਸਮੇਤ ਨੱਚਣਾ ਹੈ ਤਾਂ ਕਸੂਰ ਸਰੋਤਿਆਂ ਦਾ ਵੀ ਓਨਾ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਅਤੇ ਮਿਆਰੀ ਚੀਜ਼ ਦੀ ਹਮੇਸ਼ਾਂ ਲੰਮੀ ਉਮਰ ਹੋਇਆ ਕਰਦੀ ਹੈ ਵਕਤੀ ਚੀਜਾਂ ਦਾ ਰੌਲਾ ਜਿਆਦਾ ਹੁੰਦਾ ਹੈ ਪਰ ਜਦੋਂ ਗੁੰਮ ਹੁੰਦੀਆਂ ਤਾਂ ਆਵਾਜ਼ ਵੀ ਨਹੀਂ ਨਿਕਲਦੀ। ਪ੍ਰੈਸ ਮਿਲਣੀ ਦੌਰਾਨ ਰੇਡੀਓ ਹੱਮ ਤੋਂ ਬਿਕਰਮਜੀਤ ਸਿੰਘ ਮਟਰਾਂ, ਮਿਸ ਸੈਂਡੀ,  ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਗੁਰਸਿਮਰਨ ਸਿੰਘ ਮਿੰਟੂ, ਕੂਕ ਸਮਾਚਾਰ ਤੋਂ ਅਮਰਜੀਤ ਸਿੰਘ, ਮਨਪ੍ਰੀਤ ਸਿੰਘ ਹੈਰੀ, ਤਸਵੀਰ ਤੋਂ ਜੁਗਰਾਜ ਮਾਨ, ਅਜੀਤ ਤੋਂ ਜਸਪ੍ਰੀਤ ਸਿੰਘ, ਰੇਡੀਓ ਪਲੈਨੱਟ 104.6 ਐਫ਼. ਐਮ. ਅਮਰੀਕ ਸਿੰਘ ਨੱਚਦਾ ਪੰਜਾਬ ਵਾਲੇ,  ਪੰਜਾਬੀ ਜਾਗਰਣ ਤੋਂ ਹਰਜਿੰਦਰ ਸਿੰਘ ਬਸਿਆਲਾ ਅਤੇ ਹੋਰ ਵੀ ਕਈ ਸਖਸ਼ੀਅਤਾਂ ਹਾਜ਼ਿਰ ਸਨ। ਰਾਤਰੀ ਭੋਜ ਸਮੇਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਹਾਜ਼ਿਰ ਹੋਏ। ਮਾਲਵਾ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਰੇਵਾਲ ਤੇ ਜਗਦੇਵ ਸਿੰਘ ਜੱਗੀ ਹੋਰਾਂ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਵਿਚ ਪਹੁੰਚਣ ਦਾ ਸੱਦਾ ਦਿੱਤਾ।