ਵਨਡੇ ਕ੍ਰਿਕਟ ਵਰਲਡ ਕੱਪ 2023: ਬਲੈਕ ਕੈਪਸ ਟੀਮ 5 ਅਕਤੂਬਰ ਨੂੰ ਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ਵਿਖੇ ਟੂਰਨਾਮੈਂਟ ਦਾ ਉਦਘਾਟਨ ਕਰੇਗੀ

ਆਕਲੈਂਡ, 28 ਜੂਨ – ਭਾਰਤ ਦੀ ਮੇਜ਼ਬਾਨੀ ‘ਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਪੁਰਸ਼ਾਂ ਦੇ 50 ਓਵਰਾਂ ਦੇ ਵਨਡੇ ਕ੍ਰਿਕੇਟ ਵਰਲਡ ਕੱਪ ਦਾ ਅਧਿਕਾਰਤ ਡਰਾਅ ਸਾਹਮਣੇ ਆ ਗਿਆ ਹੈ। ਵਰਲਡ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਹੋਵੇਗੀ ਜਦੋਂ ਕਿ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਵੀ 19 ਨਵੰਬਰ ਨੂੰ ਅਹਿਮਦਾਬਾਦ ‘ਚ ਹੋਵੇਗਾ, ਉਸ ਤੋਂ ਪਹਿਲਾਂ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਅਤੇ 16 ਨਵੰਬਰ ਨੂੰ ਕੋਲਕਾਤਾ ‘ਚ ਹੋਣਗੇ।
5 ਅਕਤੂਬਰ ਨੂੰ ਨਿਊਜ਼ੀਲੈਂਡ ਦੀ ਬਲੈਕ ਕੈਪਸ ਟੀਮ 2019 ਦੇ ਫਾਈਨਲ ਨੂੰ ਦੁਹਰਾਉਣ ਲਈ ਇੰਗਲੈਂਡ ਦੇ ਖ਼ਿਲਾਫ਼ ਭਿੜੇਗੀ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟੂਰਨਾਮੈਂਟ ਦੀ ਸ਼ੁਰੂਆਤ ਕਰਨਗੇ। ਗੌਰਤਲਬ ਹੈ ਕਿ ਬਲੈਕ ਕੈਪਸ ਨੇ ਲਾਰਡਜ਼ ਦੇ ਫਾਈਨਲ ਤੋਂ ਬਾਅਦ ਇੰਗਲੈਂਡ ਨਾਲ ਕੋਈ ਵਨਡੇ ਨਹੀਂ ਖੇਡਿਆ ਹੈ ਜਿਸ ਦਾ ਫ਼ੈਸਲਾ ਸੁਪਰ ਓਵਰ ਕਾਉਂਟਬੈਕ ਦੁਆਰਾ ਕੀਤਾ ਗਿਆ ਸੀ। ਬਲੈਕ ਕੈਪਸ ਟੀਮ ਵਰਲਡ ਕੱਪ ਤੋਂ ਇੱਕ ਮਹੀਨਾ ਪਹਿਲਾਂ ਇੰਗਲੈਂਡ ‘ਚ ਚਾਰ ਮੈਚਾਂ ਦੀ ਲੜੀ ਦੌਰਾਨ ਆਪਸ ‘ਚ ਭਿੜਨਗੇ।
ਇਸ ਤੋਂ ਬਾਅਦ ਬਲੈਕ ਕੈਪਸ ਦਾ ਸਾਹਮਣਾ ਹੈਦਰਾਬਾਦ ਵਿੱਚ ਕੁਆਲੀਫਾਇਰ 1 ਨਾਲ ਹੋਵੇਗਾ, ਉਸ ਟੀਮ ਦਾ ਫ਼ੈਸਲਾ ਜ਼ਿੰਬਾਬਵੇ ‘ਚ ਕੁਆਲੀਫਾਇੰਗ ਟੂਰਨਾਮੈਂਟ ਤੋਂ ਬਾਅਦ ਅਗਲੇ ਹਫ਼ਤੇ ਵਿੱਚ ਕੀਤਾ ਜਾਵੇਗਾ। ਸ੍ਰੀਲੰਕਾ, ਜ਼ਿੰਬਾਬਵੇ, ਵੈਸਟ ਇੰਡੀਜ਼, ਨੀਦਰਲੈਂਡ, ਸਕਾਟਲੈਂਡ ਅਤੇ ਓਮਾਨ ਫ਼ਿਲਹਾਲ ਅੰਤਿਮ ਦੋ ਸਥਾਨਾਂ ਲਈ ਖੇਡ ਰਹੇ ਹਨ। ਇਸ ਵਾਰ ਦੇ ਵਰਲਡ ਕੱਪ ‘ਚ 10 ਟੀਮਾਂ ਹੋਣਗੀਆਂ।
ਟੌਮ ਲੈਥਮ ਦੀ ਟੀਮ ਨੇ ਫਿਰ ਚੇਨਈ ‘ਚ ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਦੇ ਖ਼ਿਲਾਫ਼ ਦੋ ਮੈਚ ਖੇਡੇ ਹਨ, ਇਸ ਤੋਂ ਪਹਿਲਾਂ ਧਰਮਸ਼ਾਲਾ ‘ਚ ਮੇਜ਼ਬਾਨ ਭਾਰਤ ਅਤੇ ਆਸਟਰੇਲੀਆ ਨਾਲ ਖੇਡਣਾ ਹੈ। ਨਿਊਜ਼ੀਲੈਂਡ ਦੇ ਖੇਡ ਪ੍ਰਸ਼ੰਸਕਾਂ ਲਈ 28 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲਾ ਮੁਕਾਬਲਾ ਵੱਡਾ ਦਿਨ ਹੋ ਸਕਦਾ ਹੈ। ਇਹ ਖੇਡ 29 ਅਕਤੂਬਰ ਨੂੰ ਸਵੇਰੇ 2 ਵਜੇ ਦੇ ਆਸ-ਪਾਸ ਖ਼ਤਮ ਹੋਣ ਵਾਲੀ ਹੈ, ਜਦੋਂ ਕਿ ਰਗਬੀ ਵਰਲਡ ਕੱਪ ਫਾਈਨਲ ਸਵੇਰੇ 8 ਵਜੇ ਸ਼ੁਰੂ ਹੋਵੇਗਾ। ਬਲੈਕ ਕੈਪਸ ਨੇ ਦੱਖਣੀ ਅਫ਼ਰੀਕਾ (ਪੁਣੇ), ਪਾਕਿਸਤਾਨ (ਬੈਂਗਲੁਰੂ) ਅਤੇ ਕੁਆਲੀਫਾਇਰ 2 (ਬੈਂਗਲੁਰੂ) ਦੇ ਖ਼ਿਲਾਫ਼ ਰਾਊਂਡ ਰੌਬਿਨ ਮੈਚ ਖੇਡਣੇ ਹਨ।
5 ਅਕਤੂਬਰ ਨੂੰ ਬਲੈਕ ਕੈਪਸ ਤੇ ਇੰਗਲੈਂਡ ਦੇ ਮੈਚ ਤੋਂ ਬਾਅਦ ਅਹਿਮਦਾਬਾਦ ਦਾ 132,000 ਸਮਰੱਥਾ ਵਾਲਾ ਨਰਿੰਦਰ ਮੋਦੀ ਸਟੇਡੀਅਮ 15 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਅਤੇ 4 ਨਵੰਬਰ ਨੂੰ ਆਸਟਰੇਲੀਆ ਅਤੇ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ। ਜਦੋਂ ਕਿ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਵੀ 19 ਨਵੰਬਰ ਨੂੰ ਅਹਿਮਦਾਬਾਦ ‘ਚ ਹੀ ਹੋਵੇਗਾ।
ਟੂਰਨਾਮੈਂਟ ਨੇ ਪਿਛਲੀ ਵਾਰ ਦੇ ਰਾਊਂਡ-ਰੌਬਿਨ ਫਾਰਮੈਟ ਨੂੰ ਬਰਕਰਾਰ ਰੱਖਿਆ ਹੈ ਅਤੇ ਸਾਰੀਆਂ ਟੀਮਾਂ ਕੁੱਲ 45 ਲੀਗ ਮੈਚਾਂ ਦੇ ਲਈ ਇੱਕ ਦੂਜੇ ਦੇ ਖ਼ਿਲਾਫ਼ ਖੇਡਣਗੀਆਂ। ਸ਼ਾਮ 6 ਵਜੇ NZT ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਛੇ ਮੈਚ ਦਿਨ ਵੇਲੇ ਹੋਣੇ ਹਨ, ਜਿਨ੍ਹਾਂ ਵਿੱਚੋਂ ਤਿੰਨ ਮੈਚ ਬਲੈਕ ਕੈਪਸ ਖੇਡੇਗੀ। ਨਾਕਆਊਟ ਸਮੇਤ ਹੋਰ ਸਾਰੇ ਮੈਚ ਦਿਨ-ਰਾਤ ਦੇ ਹੋਣਗੇ ਜੋ ਰਾਤ 9.30 ਵਜੇ NZT ਤੋਂ ਸ਼ੁਰੂ ਹੋਣਗੇ।
ਚੋਟੀ ਦੀਆਂ ਚਾਰ ਟੀਮਾਂ 15 ਨਵੰਬਰ ਨੂੰ ਮੁੰਬਈ ਅਤੇ 16 ਨਵੰਬਰ ਨੂੰ ਕੋਲਕਾਤਾ ‘ਚ ਖੇਡੇ ਜਾਣ ਵਾਲੇ ਸੈਮੀਫਾਈਨਲ ਲਈ ਕੁਆਲੀਫ਼ਾਈ ਕਰਨਗੀਆਂ। ਸੈਮੀਫਾਈਨਲ ਅਤੇ ਫਾਈਨਲ ਦੇ ਰਿਜ਼ਰਵ ਦਿਨ ਹੋਣਗੇ।
ਬਲੈਕ ਕੈਪਸ ਟੀਮ ਦੀ ਵਰਲਡ ਕੱਪ ਦੇ ਮੈਚਾਂ ਦੀ ਸਮਾਂ-ਸਾਰਣੀ ਨਿਊਜ਼ੀਲੈਂਡ ਸਮੇਂ ਅਨੁਸਾਰ:
5 ਅਕਤੂਬਰ ਦਿਨ ਵੀਰਵਾਰ: ਬਲੈਕ ਕੈਪਸ ਬਨਾਮ ਇੰਗਲੈਂਡ (ਰਾਤ 9.3੦ ਵਜੇ, ਅਹਿਮਦਾਬਾਦ)
9 ਅਕਤੂਬਰ ਦਿਨ ਸੋਮਵਾਰ: ਬਲੈਕ ਕੈਪਸ ਬਨਾਮ ਕੁਆਲੀਫਾਇਰ 1 (ਰਾਤ 9.3੦ ਵਜੇ, ਹੈਦਰਾਬਾਦ)
14 ਅਕਤੂਬਰ ਦਿਨ ਸ਼ਨੀਵਾਰ: ਬਲੈਕ ਕੈਪਸ ਬਨਾਮ ਬੰਗਲਾਦੇਸ਼ (ਸ਼ਾਮ 6.00 ਵਜੇ, ਚੇਨਈ)
18 ਅਕਤੂਬਰ ਦਿਨ ਬੁੱਧਵਾਰ: ਬਲੈਕ ਕੈਪਸ ਬਨਾਮ ਅਫ਼ਗ਼ਾਨਿਸਤਾਨ (ਰਾਤ 9.30 ਵਜੇ, ਚੇਨਈ)
22 ਅਕਤੂਬਰ ਦਿਨ ਐਤਵਾਰ: ਬਲੈਕ ਕੈਪਸ ਬਨਾਮ ਭਾਰਤ (ਰਾਤ 9.30 ਵਜੇ, ਧਰਮਸ਼ਾਲਾ)
28 ਅਕਤੂਬਰ ਦਿਨ ਸ਼ਨੀਵਾਰ: ਬਲੈਕ ਕੈਪਸ ਬਨਾਮ ਆਸਟਰੇਲੀਆ (ਸ਼ਾਮ 6.00 ਵਜੇ, ਧਰਮਸ਼ਾਲਾ)
1 ਨਵੰਬਰ ਦਿਨ ਬੁੱਧਵਾਰ: ਬਲੈਕ ਕੈਪਸ ਬਨਾਮ ਦੱਖਣੀ ਅਫ਼ਰੀਕਾ (ਰਾਤ 9.30 ਵਜੇ, ਪੁਣੇ)
4 ਨਵੰਬਰ ਦਿਨ ਸ਼ਨੀਵਾਰ: ਬਲੈਕ ਕੈਪਸ ਬਨਾਮ ਪਾਕਿਸਤਾਨ (ਸ਼ਾਮ 6.00 ਵਜੇ, ਬੈਂਗਲੁਰੂ)
9 ਨਵੰਬਰ ਦਿਨ ਵੀਰਵਾਰ: ਬਲੈਕ ਕੈਪਸ ਬਨਾਮ ਕੁਆਲੀਫਾਇਰ 2 (ਰਾਤ 9.30 ਵਜੇ, ਬੈਂਗਲੁਰੂ)
15 ਨਵੰਬਰ ਦਿਨ ਬੁੱਧਵਾਰ: ਸੈਮੀਫਾਈਨਲ 1, ਮੁੰਬਈ
16 ਨਵੰਬਰ ਦਿਨ ਵੀਰਵਾਰ: ਸੈਮੀਫਾਈਨਲ 2, ਕੋਲਕਾਤਾ
19 ਨਵੰਬਰ ਦਿਨ ਐਤਵਾਰ: ਵਰਲਡ ਕੱਪ ਫਾਈਨਲ, ਅਹਿਮਦਾਬਾਦ