ਵਨਡੇ ਕ੍ਰਿਕਟ ਵਰਲਡ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ‘ਚ, ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ‘ਚ ਖੇਡਿਆ ਜਾਏਗਾ

ਮੁੰਬਈ, 29 ਜੂਨ – ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਭਾਰਤ ਦੀ ਮੇਜ਼ਬਾਨੀ ‘ਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਪੁਰਸ਼ਾਂ ਦੇ 50 ਓਵਰਾਂ ਦੇ ਵਨਡੇ ਕ੍ਰਿਕੇਟ ਵਰਲਡ ਕੱਪ ਦੇ ਅਧਿਕਾਰਤ ਡਰਾਅ ਦਾ ਐਲਾਨ 27 ਜੂਨ ਕਰ ਦਿੱਤਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ, ਜੋ 1,32,000 ਦਰਸ਼ਕਾਂ ਦੀ ਬੈਠਣ ਦੀ ਸਮਰੱਥਾ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ।
ਵਨਡੇ ਵਰਲਡ ਕੱਪ ਦੌਰਾਨ ਅਹਿਮਦਾਬਾਦ ਵਿੱਚ 15 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ। ਜਦੋਂ ਕਿ ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਚੇਨਈ ‘ਚ ਆਸਟਰੇਲੀਆ ਖ਼ਿਲਾਫ਼ ਮੁਕਾਬਲੇ ਨਾਲ ਕਰੇਗਾ। ਟੂਰਨਾਮੈਂਟ ਦੌਰਾਨ ਕੁੱਲ 10 ਥਾਵਾਂ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੰਗਲੌਰ, ਮੁੰਬਈ ਅਤੇ ਕੋਲਕਾਤਾ ਮੈਚਾਂ ਦੀ ਮੇਜ਼ਬਾਨੀ ਕਰਨਗੇ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਖੇਡਾਂ ਦੀ ਮੇਜ਼ਬਾਨੀ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਹਾਲੀ ਸਥਿਤ ਕ੍ਰਿਕਟ ਸਟੇਡੀਅਮ ਨੂੰ ਵਰਲਡ ਕੱਪ ਦੇ ਇੱਕ ਵੀ ਮੈਚ ਲਈ ਨਹੀਂ ਚੁਣਿਆ ਗਿਆ ਹੈ।
ਵਨਡੇ ਵਰਲਡ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ‘ਚ ਖੇਡਿਆ ਜਾਏਗਾ, ਜਦੋਂ ਕਿ ਸੈਮੀਫਾਈਨਲ ਮੁੰਬਈ ਅਤੇ ਕੋਲਕਾਤਾ ‘ਚ ਕ੍ਰਮਵਾਰ 15 ਅਤੇ 16 ਨਵੰਬਰ ਨੂੰ ਹੋਣਗੇ। ਇਸ ਸਾਲ ਦੇ ਵਰਲਡ ਕੱਪ ਵਿੱਚ 10 ਟੀਮਾਂ ਹੋਣਗੀਆਂ।