ਵਰਲਡ ਕੱਪ 2019 : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

ਕੇਨਿੰਗਟਨ, 10 ਜੂਨ – 9 ਜੂਨ ਦਿਨ ਐਤਵਾਰ ਨੂੰ ਭਾਰਤੀ ਕ੍ਰਿਕੇਟ ਟੀਮ ਨੇ ਇੱਥੇ ਦੇ ਓਵਲ ਮੈਦਾਨ ਉੱਤੇ ਵਰਲਡ ਕੱਪ ‘ਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਿਖਰ ਧਵਨ (117) ਦੇ ਸੈਂਕੜੇ ਦੀ ਮਦਦ ਨਾਲ 5 ਵਿਕਟਾਂ ਉੱਤੇ 352 ਦੌੜਾਂ ਬਣਾਈਆਂ। ਭਾਰਤ ਵੱਲੋਂ ਸਿਖਰ ਧਵਨ (117), ਰੋਹਿਤ ਸ਼ਰਮਾ (57), ਕਪਤਾਨ ਵਿਰਾਟ ਕੋਹਲੀ (82) ਅਤੇ ਮਹਿੰਦਰ ਸਿੰਘ ਧੋਨੀ (27) ਨੇ ਦੌੜਾਂ ਦਾ ਯੋਗਦਾਨ ਪਾਇਆ।
ਇਸ ਦੇ ਜਵਾਬ ਵਿੱਚ ਆਸਟਰੇਲੀਆਈ ਟੀਮ ਆਪਣੇ ਖਿਡਾਰੀ ਡੇਵਿਡ ਵਾਰਨਰ (56) ਅਤੇ ਸਟੀਵ ਸਮਿਥ (69) ਦੇ ਅਰਧ-ਸੈਂਕੜੇ ਦੇ ਬਾਵਜੂਦ 50 ਓਵਰ ‘ਚ 316 ਦੌੜਾਂ ਹੀ ਬਣਾ ਸਕੀ, ਉਨ੍ਹਾਂ ਦੇ ਇਲਾਵਾ ਐਲੇਕਸ ਕੈਰੀ 55 ਦੌੜਾਂ ਬਣਾ ਕੇ ਨਾਬਾਦ ਰਹੇ ਪਰ ਟੀਮ ਨੂੰ ਜਿੱਤ ਨਹੀਂ ਦੁਆ ਸਕੇ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ 3-3 ਵਿਕਟ ਅਤੇ ਸਪਿਨਰ ਯੁਜਵੇਂਦਰ ਚਹਿਲ ਨੂੰ 2 ਵਿਕਟ ਮਿਲੇ। ਭਾਰਤ ਦੇ ਸਿਖਰ ਧਵਨ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।