ਵਾਈਟ ਆਈਲੈਂਡ ‘ਚ ਜਵਾਲਾਮੁਖੀ ਫਟਿਆ, 16 ਸੈਲਾਨੀਆਂ ਦੀ ਮੌਤ

ਆਕਲੈਂਡ, 18 ਦਸੰਬਰ – 9 ਦਸੰਬਰ ਨੂੰ ਨਿਊਜ਼ੀਲੈਂਡ ਦੇ ਵਾਈਟ ਆਈਲੈਂਡ ਵਿੱਚ ਦੁਪਹਿਰ 2.11 ਵਜੇ ਦੇ ਲਗਭਗ ਦੋ ਵਾਰ ਜਵਾਲਾਮੁਖੀ ਫੁੱਟਣ ਨਾਲ 16 ਸੈਲਾਨੀਆਂ ਦੀ ਮੌਤ ਹੋ ਗਈ, 8 ਲਾਪਤਾ ਦੱਸੇ ਜਾ ਰਹੇ ਹਨ ਅਤੇ 31 ਲੋਕਾਂ ਦੇ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਉਣ ਦੀਆਂ ਖ਼ਬਰਾਂ ਹਨ। ਖ਼ਬਰਾਂ ਮੁਤਾਬਿਕ ਇਸ ਟਾਪੂ ‘ਤੇ ਕੁੱਲ ਮਿਲਾ ਕੇ 47 ਲੋਕ ਸਨ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਦੇਰ ਰਾਤ ਫਲਾਈਓਵਰ ਤੋਂ ਬਾਅਦ ਟਾਪੂ ‘ਤੇ ਜ਼ਿੰਦਗੀ ਦੇ ਹੋਰ ਕੋਈ ਸੰਕੇਤ ਨਹੀਂ ਹਨ, ਇਨ੍ਹਾਂ ਪੀੜਤਾਂ ਵਿਚੋਂ ਬਹੁਤ ਸਾਰੇ ਆਸਟਰੇਲੀਆ, ਯੂਕੇ, ਚੀਨ, ਮਲੇਸ਼ੀਆ ਅਤੇ ਅਮਰੀਕਾ ਦੇ ਸੈਲਾਨੀ ਹਨ। ਕਈ ਹੈਲੀਕਾਪਟਰ ਅਤੇ ਬਚਾਅ ਦਲ ਦੇ ਕਰਮਚਾਰੀ ਇਸ ਟਾਪੂ ‘ਤੇ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਦੇ ਵਿੱਚ ਹਨ। ਜਵਾਲਾਮੁਖੀ ਫੁੱਟਣ ਕਾਰਣ ਇਕ ਹੈਲੀਕਾਪਟਰ ਵੀ ਉੱਥੇ ਫਸ ਗਿਆ ਹੈ। ਜਵਾਲਾਮੁਖੀ ਨਾਲ ਨਿਕਲੀ ਸੁਆਹ ਨੇ ਸਾਰੇ ਪਾਸੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ ਹੈ।
ਆਈਲੈਂਡ ਤੋਂ ਜਵਾਲਾਮੁਖੀ ਦੀ ਚੇਤਾਵਨੀ ਨੂੰ ਕਈ ਹਫ਼ਤੇ ਪਹਿਲਾਂ ਚੁੱਕਿਆ ਗਿਆ ਸੀ, ਵਿਗਿਆਨੀ ਕਹਿੰਦੇ ਹਨ ਕਿ ਜੁਵਾਲਾਮੁਖੀ ਇਕਦਮ ਫਟਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਈਟ ਆਈਲੈਂਡ ਉੱਤੇ “ਜ਼ਿੰਦਗੀ ਦੇ ਕੋਈ ਸੰਕੇਤ” ਨਹੀਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਕਿਸੇ ਨੂੰ ਵੀ ਇਸ ਟਾਪੂ ਤੋਂ ਜ਼ਿੰਦਾ ਲਿਜਾਇਆ ਜਾ ਸਕਦਾ ਸੀ ਸੋਮਵਾਰ ਨੂੰ ਬਚਾਇਆ ਗਿਆ ਸੀ। 9 ਦਸੰਬਰ ਨੂੰ ਉਨ੍ਹਾਂ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ 8 ਅਜੇ ਵੀ ਲਾਪਤਾ ਹਨ, ਮੰਨਿਆ ਜਾਂਦਾ ਹੈ ਕਿ ਮਾਰੇ ਗਏ ਹਨ। ਦੁਪਹਿਰ 2.11 ਵਜੇ ਟਾਪੂ ਦੇ ਜੁਵਾਲਾਮੁਖੀ ਦੇ ਤੁਰੰਤ ਫੁੱਟਣ ਤੋਂ ਬਾਅਦ 31 ਲੋਕ ਦੇਸ਼ ਦੇ 7 ਹਸਪਤਾਲਾਂ ਵਿੱਚ ਜ਼ਖ਼ਮੀ ਭਰਤੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਝ ਜ਼ਖਮੀਆਂ ਦੇ ਸਰੀਰ ਦੇ 90 ਪ੍ਰਤੀਸ਼ਤ ਤੱਕ ਸੜ ਗਏ ਹਨ।
ਸਮੁੰਦਰ ਦੇ ਵਿੱਚ ਇਸ ਲਗਭਗ 2 ਕਿੱਲੋਮੀਟਰ ਗੋਲਾਕਾਰ ਕੋਨ ਨੁਮਾ ਟਾਪੂ ਦੀ ਉਚਾਈ ਸਮੁੰਦਰੀ ਤਲ ਤੋਂ 321 ਮੀਟਰ (1053 ਫੁੱਟ) ਹੈ। ਲਗਭਗ 800 ਖੇਤਰ ਦੇ ਵਿੱਚ ਫੈਲਿਆ ਇਹ ਟਾਪੂ ਜਵਾਲਾਮੁਖੀ ਕਰਕੇ ਬਹੁਤ ਪ੍ਰਸਿੱਧ ਹੈ।