ਵਿਕਸਤ ਕੀਤੀ ਵਿਧੀ ਲਾਗੂ ਕਰਨ ਨਾਲ ਗੁਰੂ ਸਾਹਿਬ ਜੀ ਦੇ ਹਰ ਸਰੂਪ ਦੀ ਇੱਕ ਵਿਲੱਖਣ ਪਛਾਣ ਹੋਏਗੀ – ਸ. ਸੁਖਵੀਰ ਸਿੰਘ

ਮੈਲਬੌਰਨ, 08 ਸਤੰਬਰ – ਅੱਜ ਮੈਲਬੌਰਨ ਦੇ ਗੁਰਦੁਆਰਾ ਸਾਹਿਬ ਕੀਜ਼ਬਰੋ ਵਿਖੇ ਇਕੱਤਰ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਦੀ ਬਰਕਰਾਰੀ ਲਈ ਵਿਕਸਤ ਕੀਤੀ ਗਈ ਵਿਧੀ ਅਤੇ ਸੰਬੰਧਿਤ ਰੀਕਾਰਡਾਂ ਦੇ ਕੰਮਪਿਊਟਰੀਕਰਨ ਸੰਬੰਧੀ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਜਾਣਕਾਰੀ ਦਾ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਟੈਲੀਫ਼ੋਨ ਦੁਆਰਾ ਦਿੱਤੇ ਗਏ ਲਾਈਵ ਸੁਨੇਹੇ ਨਾਲ ਹੋਇਆ। ਸਿੰਘ ਸਾਹਿਬ ਨੇ ਇਸ ਪ੍ਰੋਜੈਕਟ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਇਸ ਪ੍ਰੋਜੈਕਟ ਸੰਬੰਧੀ ਜਲਦੀ ਹੀ ਮੈਲਬੌਰਨ ਆ ਕੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸੁਖਵੀਰ ਸਿੰਘ ਨੇ ਦੱਸਿਆ ਕਿ ਇਹ ਵਿਕਸਤ ਕੀਤੀ ਵਿਧੀ ਲਾਗੂ ਕਰਨ ਨਾਲ ਗੁਰੂ  ਸਾਹਿਬ ਜੀ ਦੇ ਹਰ ਸਰੂਪ ਦੀ ਇੱਕ ਵਿਲੱਖਣ ਪਛਾਣ ਹੋਏਗੀ ਅਤੇ ਇਹ ਪਛਾਣ ਹਰ ਅੰਗ ‘ਤੇ ਬਣੇ ਹਾਸ਼ੀਏ ਵਿੱਚ ਫੁੱਲਾਂ….. ਦੇ ਰੂਪ ਵਿੱਚ ਹੋਏਗੀ। ਇਨ੍ਹਾਂ ਫੁੱਲਾਂ ਦੀ ਬਣਤਰ ਤੋਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਇਹ ਕਿੰਨਵਾਂ ਸਰੂਪ ਹੈ, ਕਦੋਂ ਪ੍ਰਕਾਸ਼ਨ ਹੋਇਆ ਅਤੇ ਕਿੱਥੋਂ ਪ੍ਰਕਾਸ਼ਨ ਹੋਇਆ। ਸ. ਸੁਖਵੀਰ ਸਿੰਘ ਨੇ ਇਹ ਵੀ ਦੱਸਿਆ ਇਸ ਵਿਲੱਖਣ ਪਛਾਣ ਨਾਲ ਸਰੂਪ ਪ੍ਰਾਪਤ ਕਰਤਾ ਅਤੇ ਉਸ ਵਿਸ਼ੇਸ਼ ਪਾਵਨ ਸਰੂਪ ਦਾ ਸਾਰਾ ਵੇਰਵਾ ਕੰਪਿਊਟਰ ਦੁਆਰਾ ਸੰਭਾਲਿਆ ਜਾ ਸਕੇਗਾ। ਉਹ ਵਿਸ਼ੇਸ਼ ਪਾਵਨ ਸਰੂਪ ਜਦੋਂ ਤੱਕ ਦੁਨੀਆ ਤੇ ਰਹਿਣਗੇ ਸਾਰਾ ਵੇਰਵਾ ਉਪਲਬਧ ਰਹੇਗਾ ਜਿਵੇਂ ਕਿ ਕਿਸ-ਕਿਸ ਪ੍ਰਾਣੀ ਨੇ ਕਦੋਂ-ਕਦੋਂ ਗੁਰੂ ਸਾਹਿਬ ਜੀ ਦੇ ਉਸ ਪਾਵਨ ਸਰੂਪ ਦੀ ਸੇਵਾ ਨਿਭਾਈ ਆਦਿ। ਕੰਪਿਊਟਰੀਕਨ ਦੁਆਰਾ ਸਰੂਪ ਪ੍ਰਾਪਤ ਕਰਤਾ ਨਾਲ ਲਗਾਤਾਰ ਸੰਪਰਕ ਵੀ ਰੱਖਿਆ ਜਾ ਸਕੇਗਾ ਜੋ ਕਿ ਬਿਲਕੁਲ ਆਟੋਮੈਟਿਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਧੀ ਸਰੂਪ ਪ੍ਰਾਪਤ ਕਰਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰੱਖੇਗੀ ਅਤੇ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਮਾੜੀ ਹਰਕਤ ਦਾ ਮੌਕਾ ਹੀ ਨਹੀਂ ਮਿਲ ਸਕੇਗਾ। ਸ. ਸੁਖਵੀਰ ਸਿੰਘ ਨੇ ਇਸ ਮੌਕੇ ਇਸ ਸੰਬੰਧ ਵਿੱਚ ਤਿਆਰ ਕੀਤੀ ਗਈ ਸੌਫ਼ਟਵੇਅਰ ਬਾਰੇ ਵੀ ਜਾਣਕਾਰੀ ਦਿੱਤੀ।