ਵਿਧਾਨ ਸਭਾਵਾਂ ਚੋਣਾਂ: ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ’ਚ ਚੋਣਾਂ ਦਾ ਐਲਾਨ, ਤ੍ਰਿਪੁਰਾ ਵਿੱਚ 16 ਫਰਵਰੀ, ਨਾਗਾਲੈਂਡ ਤੇ ਮੇਘਾਲਿਆ ’ਚ 27 ਫਰਵਰੀ ਨੂੰ ਪੈਣਗੀਆਂ ਵੋਟਾਂਂ

ਨਵੀਂ ਦਿੱਲੀ, 18 ਜਨਵਰੀ – ਚੋਣ ਕਮਿਸ਼ਨ ਨੇ ਅੱਜ ਉੱਤਰ-ਪੂਰਬ ਦੇ ਤਿੰਨ ਰਾਜਾਂ ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਦੀਆਂ ਵਿਧਾਨ ਸਭਾਵਾਂ ਲਈ ਚੋਣ ਪ੍ਰੋਗਰਾਮ ਐਲਾਨ ਦਿੱਤਾ ਹੈ। ਤ੍ਰਿਪੁਰਾ ਅਸੈਂਬਲੀ ਲਈ 16 ਫਰਵਰੀ ਨੂੰ ਜਦੋਂਕਿ ਨਾਗਾਲੈਂਡ ਤੇ ਮੇਘਾਲਿਆ ਅਸੈਂਬਲੀਆਂ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਐਲਾਨ ਨਾਲ ਇਸ ਨਵੇਂ ਸਾਲ ਵਿੱਚ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਦੀ ਅਧਿਕਾਰਤ ਸ਼ੁਰੂਆਤ ਹੋ ਗਈ ਹੈ। ਕਾਬਿਲੇਗੌਰ ਹੈ ਕਿ ਇਸ ਸਾਲ ਕੁੱਲ ਮਿਲਾ ਕੇ 9 ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਹੋਣੀਆਂ ਹਨ, ਜੋ ਅਗਲੇ ਸਾਲ (2024) ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਫ਼ੀ ਅਹਿਮ ਹਨ।
ਉਪਰੋਕਤ ਤਿੰਨ ਉੱਤਰ-ਪੂਰਬੀ ਰਾਜ ਵੋਟਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਵੇੇਂ ਕਾਫ਼ੀ ਛੋਟੇ ਹਨ, ਪਰ ਇਨ੍ਹਾਂ ਦੀ ਵੱਡੀ ਸਿਆਸੀ ਅਹਿਮੀਅਤ ਹੈ। ਭਾਜਪਾ ਤ੍ਰਿਪੁਰਾ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਜਿੱਥੇ ਪੂਰਾ ਟਿੱਲ ਲਾਏਗੀ, ਉਥੇ ਉਹ ਦੋ ਹੋਰਨਾਂ ਸੂਬਿਆਂ ’ਚ ਆਪਣੀਆਂ ਪੈੜਾਂ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਵਿੱਚ ਹੈ। ਉਧਰ ਕਾਂਗਰਸ ਤੇ ਖੱਬੇ ਪੱਖੀ ਆਪਣਾ ਗੁਆਚਿਆ ਰਸੂਖ ਮੁੜ ਹਾਸਲ ਕਰਨ ਦੇ ਰੌਂਅ ਵਿੱਚ ਹਨ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਇਨ੍ਹਾਂ ਰਾਜਾਂ ਵਿਚ ਚੋਣ ਮੈਦਾਨ ’ਚ ਨਿੱਤਰ ਕੇ ਪੱਛਮੀ ਬੰਗਾਲ ਤੋਂ ਬਾਹਰ ਆਪਣਾ ਰਾਜਸੀ ਆਧਾਰ ਸਾਬਤ ਕਰਨ ਦੀ ਫਿਰਾਕ ਵਿੱਚ ਹੈ।
ਚੋਣ ਕਮਿਸ਼ਨ ਨੇ ਜਿਨ੍ਹਾਂ ਤਿੰਨ ਰਾਜਾਂ ਦੀਆਂ ਅਸੈਂਬਲੀਆਂ ਲਈ ਚੋਣ ਪ੍ਰੋਗਰਾਮ ਐਲਾਨਿਆ ਹੈ, ਉਨ੍ਹਾਂ ਦੀ ਕੁੱਲ ਸਮਰੱਥਾ 60-60 ਮੈਂਬਰਾਂ ਦੀ ਹੈ। ਨਾਗਾਲੈਂਡ ਅਸੈਂਬਲੀ ਦਾ ਕਾਰਜਕਾਲ 12 ਮਾਰਚ ਨੂੰ ਖ਼ਤਮ ਹੋਣਾ ਹੈ ਜਦੋਂਕਿ ਮੇਘਾਲਿਆ ਤੇ ਤ੍ਰਿਪੁਰਾ ਅਸੈਂਬਲੀਆਂ ਦੀ ਮਿਆਦ ਕ੍ਰਮਵਾਰ 15 ਮਾਰਚ ਤੇ 22 ਮਾਰਚ ਨੂੰ ਖ਼ਤਮ ਹੋਵੇਗੀ। ਕੁਮਾਰ ਨੇ ਕਿਹਾ ਕਿ ਮਾਰਚ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੋਣਾਂ ਦਾ ਅਮਲ ਫਰਵਰੀ ਮਹੀਨੇ ਵਿੱਚ ਹੀ ਮੁਕੰਮਲ ਕਰਨ ਦਾ ਫੈਸਲਾ ਲਿਆ ਹੈ। ਬਹੁਜਨ ਸਮਾਜ ਪਾਰਟੀ (ਬੀਐੱਸਪੀ) ਦੀ ਸੁਪਰੀਮੋ ਮਾਇਆਵਤੀ ਵੱਲੋਂ ਹਾਲ ਹੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਦਿਆਨਤਦਾਰੀ ਨੂੰ ਲੈ ਕੇ ਚੁੱਕੇ ਸਵਾਲਾਂ ਦੇ ਹਵਾਲੇ ਨਾਲ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ, ਜਿਨ੍ਹਾਂ ਨੇ ਇਸੇ ਅਮਲ ਰਾਹੀਂ ਪਹਿਲਾਂ ਕਈ ਚੋਣਾਂ ਜਿੱਤੀਆਂ ਹਨ, ਨੇ ਵੋਟਿੰਗ ਮਸ਼ੀਨਾਂ ਬਾਰੇ ਖ਼ਦਸ਼ੇ ਜ਼ਾਹਿਰ ਕੀਤੇ ਹਨ।
ਤ੍ਰਿਪੁਰਾ ਵਿੱਚ ਭਾਜਪਾ ਤੇ ਨਾਗਾਲੈਂਡ ਵਿੱਚ ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ (ਐੱਨਡੀਪੀਪੀ) ਸੱਤਾ ਵਿੱਚ ਹੈ। ਮੇਘਾਲਿਆ ਵਿੱਚ ਸਰਕਾਰ ਚਲਾ ਰਹੀ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਉੱਤਰ-ਪੂਰਬ ਦੀ ਇਕੋ ਇਕ ਸਿਆਸੀ ਪਾਰਟੀ ਹੈ, ਜਿਸ ਦੀ ਕੌਮੀ ਪਾਰਟੀ ਵਜੋਂ ਪਛਾਣ ਹੈ। ਤ੍ਰਿਪੁਰਾ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹੱਥ ਮਿਲਾ ਸਕਦੀ ਹੈ। ਤ੍ਰਿਪੁਰਾ ਵਿੱਚ 25 ਸਾਲ ਖੱਬੇ ਪੱਖੀਆਂ ਦਾ ਰਾਜ ਰਿਹਾ ਜਦੋਂਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਸੀ, ਪਰ 2018 ਦੀਆਂ ਚੋਣਾਂ ਵਿੱਚ ਭਾਜਪਾ ਨੇ ਦੋਵਾਂ ਨੂੰ ਲਾਂਭੇ ਕਰਕੇ ਉਥੇ ਕਮਲ ਖਿੜਾਇਆ ਸੀ। ਭਾਜਪਾ ਵੱਲੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਉੱਤਰ-ਪੂਰਬ ਵਿੱਚ ਕਾਂਗਰਸ ਦਾ ਪੂਰਾ ਦਬਦਬਾ ਸੀ। ਨਾਗਾਲੈਂਡ ਤੇ ਮੇਘਾਲਿਆ ਦੀਆਂ ਸਰਕਾਰਾਂ ਵਿੱਚ ਭਾਜਪਾ ਜੂਨੀਅਰ ਭਾਈਵਾਲ ਹੈ ਤੇ ਭਗਵਾ ਪਾਰਟੀ ਵੱਲੋਂ ਇਨ੍ਹਾਂ ਰਾਜਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
27 ਫਰਵਰੀ ਨੂੰ ਲਕਸ਼ਦੀਪ ਸੰਸਦੀ ਸੀਟ ਤੇ 6 ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 
ਨਵੀਂ ਦਿੱਲੀ: ਲਕਸ਼ਦੀਪ ਸੰਸਦੀ ਸੀਟ ਤੇ ਪੰਜ ਰਾਜਾਂ ਦੀਆਂ 6 ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 27 ਫਰਵਰੀ ਨੂੰ ਹੋਵੇਗੀ। ਲਕਸ਼ਦੀਪ ਲੋਕ ਸਭਾ ਸੀਟ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੈਂਬਰ ਮੁਹੰਮਦ ਫੈਜ਼ਲ ਨੂੰ ਫੌਜਦਾਰੀ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਖਾਲੀ ਹੋਈ ਹੈ। ਜ਼ਿਮਨੀ ਚੋਣਾਂ 27 ਫਰਵਰੀ ਨੂੰ ਮੇਘਾਲਿਆ ਤੇ ਨਾਗਾਲੈਂਡ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਹੋਵੇਗੀ ਤੇ ਨਤੀਜਿਆਂ ਦਾ ਐਲਾਨ ਵੀ ਤਿੰਨ ਹੋਰਨਾਂ ਰਾਜਾਂ ਦੇ ਨਾਲ 2 ਮਾਰਚ ਨੂੰ ਹੋਵੇਗਾ। ਜਿਨ੍ਹਾਂ ਪੰਜ ਰਾਜਾਂ ’ਚ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿੱਚ ਮਹਾਰਾਸ਼ਟਰ (ਕਸਬਾ ਪੇਠ ਤੇ ਛਿੰਚਵਾੜ) ਅਤੇ ਅਰੁਣਾਚਲ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ ਤੇ ਤਾਮਿਲਨਾਡੂ ਦੀ ਇਕ-ਇਕ ਸੀਟ ਸ਼ਾਮਲ ਹਨ।