ਵਿਧਾਨ ਸਭਾ ਚੋਣਾਂ: ਗੁਜਰਾਤ ‘ਚ ਭਾਜਪਾ ਦੀ 156 ਸੀਟਾਂ ਨਾਲ ਰਿਕਾਰਡ ਇਤਿਹਾਸਕ ਜਿੱਤ ਅਤੇ ਹਿਮਾਚਲ ‘ਚ ਕਾਂਗਰਸ ਨੇ 40 ਸੀਟਾਂ ‘ਤੇ ਬਾਜ਼ੀ ਮਾਰੀ

ਅਹਿਮਦਾਬਾਦ/ਸ਼ਿਮਲਾ, 8 ਦਸੰਬਰ – ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ਵਿੱਚ ਲਗਾਤਾਰ 7ਵੀਂ ਵਾਰ ਚੋਣਾਂ ਜਿੱਤ ਕੇ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਜਦੋਂ ਕਿ ਦੂਜੇ ਪਾਸੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਹਰ 5 ਸਾਲ ਮਗਰੋਂ ਸੂਬੇ ਵਿੱਚ ਸਰਕਾਰ ਬਦਲਣ ਦੀ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਐਤਕੀਂ ਕਾਂਗਰਸ ਵਿੱਚ ਵਿਸ਼ਵਾਸ ਜਤਾਇਆ ਹੈ।
ਭਾਜਪਾ ਨੇ ਗੁਜਰਾਤ ਅਸੈਂਬਲੀ ਦੇ 182 ਮੈਂਬਰੀ ਸਦਨ ਵਿੱਚ 156 ਸੀਟਾਂ ਜਿੱਤੀਆਂ ਹਨ। ਇਸ ਵਾਰ ਕਾਂਗਰਸ ਦੇ ਹਿੱਸੇ 17 ਸੀਟਾਂ ਹੀ ਆਈਆਂ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ 5 ਸੀਟਾਂ ਤੇ ਆਜ਼ਾਦ ਤੇ ਹੋਰ ਉਮੀਦਵਾਰ 4 ਸੀਟਾਂ ‘ਤੇ ਜੇਤੂ ਰਹੇ। ਭਾਜਪਾ ਦਾ ਵੋਟ ਸ਼ੇਅਰ 52.5% ਦੇ ਕਰੀਬ ਰਿਹਾ, ਜੋ ਪੱਛਮੀ ਸੂਬੇ ਵਿੱਚ ਕਿਸੇ ਪਾਰਟੀ ਵੱਲੋਂ ਦਰਜ ਸਿਖਰਲਾ ਅੰਕੜਾ ਹੈ। ਜਦੋਂ ਕਿ ਕਾਂਗਰਸ ਦਾ ਵੋਟ ਸ਼ੇਅਰ 27.3% ਦੇ ਕਰੀਬ ਰਹਿ ਗਿਆ, ਜੋ ਪਿਛਲੀ ਵਾਰ 41.4% ਸੀ ਤੇ ਕਾਂਗਰਸ 77 ਸੀਟਾਂ ਤੋਂ ਘੱਟ ਕੇ ਇਸ ਵਾਰ 17 ਸੀਟਾਂ ‘ਤੇ ਆ ਗਈ ਹੈ। ਸੂਬੇ ਵਿੱਚ ਪਹਿਲੀ ਵਾਰ ਚੋਣ ਲੜਨ ਵਾਲੀ ਆਪ ਦਾ 13% ਵੋਟ ਸ਼ੇਅਰ ਰਿਹਾ, ਪਰ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ।
ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਨੇ ਕਿਹਾ ਕਿ ਭੁਪੇਂਦਰ ਪਟੇਲ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਉਨ੍ਹਾਂ ਦਾ ਹਲਫ਼ਦਾਰੀ ਸਮਾਗਮ 12 ਦਸੰਬਰ ਨੂੰ ਹੋਵੇਗਾ। ਪਟੇਲ ਨੇ ਅਹਿਮਦਾਬਾਦ ਦੀ ਘਾਟਲੋਡੀਆ ਸੀਟ 1.92 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਹੈ।
ਕਾਂਗਰਸ 68 ਮੈਂਬਰੀ ਹਿਮਾਚਲ ਵਿਧਾਨ ਸਭਾ ਵਿੱਚ 40 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਸੂਬੇ ਵਿੱਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ 25 ਸੀਟਾਂ ਹੀ ਜਿੱਤ ਸਕੀ। ਇਸ ਦੌਰਾਨ 3 ਅਜ਼ਾਦ ਉਮੀਦਵਾਰ ਵੀ ਜੇਤੂ ਰਹੇ। ਇਸ ਦੌਰਾਨ ਕਾਂਗਰਸ ਨੇ ਚੋਣ ਨਤੀਜਿਆਂ ਮਗਰੋਂ ਆਪਣੇ ਨਵੇਂ ਚੁਣੇ ਵਿਧਾਇਕਾਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਕਾਂਗਰਸ ਪ੍ਰਧਾਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਨ ਦੇ ਅਧਿਕਾਰ ਦਿੱਤੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਨੂੰ ਮਿਲੀ ਫ਼ੈਸਲਾਕੁਨ ਜਿੱਤ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਯਕੀਨ ਦਿਵਾਇਆ ਕਿ ਪਾਰਟੀ ਵੱਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।
ਸੂਬੇ ਦੀਆਂ ਸਾਰੀਆਂ ਸੀਟਾਂ ਤੋਂ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ ਕਈ ਥਾਵਾਂ ‘ਤੇ ਉਸ ਦੇ ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ। ਹਿਮਾਚਲ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਸਿਰਫ਼ 1.10% ਵੋਟਾਂ ਮਿਲੀਆਂ ਹਨ।