ਵਿਨਟਰ ਉਲੰਪਿਕਸ 2022: ਚੀਨ ‘ਚ ਸਰਦ ਰੁੱਤ ਉਲੰਪਿਕ ਖੇਡਾਂ ਦਾ ਆਗਾਜ਼

ਪੇਈਚਿੰਗ, 4 ਫਰਵਰੀ – ਦੋ ਸਾਲ ਪਹਿਲਾਂ ਆਈ ਕੋਰੋਨਾਵਾਇਰਸ ਮਹਾਂਮਾਰੀ ਦੇ ਕਹਿਰ ਦੇ ਚੱਲ ਦੇ ਅੱਜ ਇੱਥੇ ਤਾਲਾਬੰਦੀ ਵਿਚਾਲੇ 4 ਫਰਵਰੀ ਤੋਂ 20 ਫਰਵਰੀ ਤੱਕ ਹੋਣ ਵਾਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਭਾਰਤ ਸਣੇ ਕਈ ਦੇਸ਼ਾਂ ਨੇ ਇਨ੍ਹਾਂ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੂਟਨੀਤਕ ਬਾਈਕਾਟ ਕੀਤਾ ਹੈ ਪਰ ਚੀਨ ਨੇ ਵਿਸ਼ਵ ਪੱਧਰ ‘ਤੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਥੇ ਬਰਫ਼ ਅਤੇ ਸਰਦੀ ਦੇ ਮੌਸਮ ਵਰਗੇ ਮਾਹੌਲ ‘ਚ ਇੱਥੇ ਦੇ ਨੈਸ਼ਨਲ ਸਟੇਡੀਅਮ ਵਿੱਚ ਕਰਵਾਏ ਗਏ ਉਦਘਾਟਨੀ ਸਮਾਰੋਹ ਦੌਰਾਨ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਅਥਲੀਟ ਜ਼ਾਓ ਜਿਆਵੇਨ ਅਤੇ ਦੇਸ਼ ਦੇ ਉਈਗਰ ਮੁਸਲਿਮ ਘੱਟ ਗਿਣਤੀ ਵਰਗ ਦੇ ਇੱਕ ਮੈਂਬਰ ਡਿਨੀਗੀਰ ਯਿਲਾਮੁਜਿਆਂਗ ਨੇ ਆਖ਼ਰੀ ਉਲੰਪਿਕ ਲਾਟ (ਟਾਰਚ) ਪ੍ਰਦਾਨ ਕੀਤੀ। ਯਿਲਾਮੁਜਿਆਂਗ ਦੀ ਚੋਣ ਨੂੰ ਪ੍ਰਤੀਕਾਤਮਿਕ ਮੰਨਿਆ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪੇਈਚਿੰਗ ਸਰਕਾਰ ਨੇ ਵੱਡੀ ਪੱਧਰ ‘ਤੇ ਉਈਗਰਾਂ ਦਾ ਸ਼ੋਸ਼ਣ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸੇ ਬਰਡਜ਼ ਨੈਸਟ (ਚਿੜੀਆਂ ਦੇ ਆਲ੍ਹਣੇ ਵਾਂਗ) ਸਟੇਡੀਅਮ ਨੇ 2008 ਦੇ ਗਰਮੀਆਂ ਦੇ ਉਲੰਪਿਕ ਦੇ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕੀਤੀ ਸੀ। ਇਸ ਦੇ ਨਾਲ ਹੀ ਪੇਈਚਿੰਗ ਗਰਮੀਆਂ ਤੇ ਸਰਦ ਰੁੱਤ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।
ਮਹਾਂਮਾਰੀ ਦੇ ਦੌਰ ਵਿੱਚ ਟੋਕੀਓ ਉਲੰਪਿਕ 2020 (ਕੋਵਿਡ -19 ਦੇ ਕਰਕੇ ਗਰਮੀ ਦੀਆਂ ਉਲੰਪਿਕ 2021ਵਿੱਚ ਹੋਈਆਂ) ਤੋਂ ਬਾਅਦ ਪਿਛਲੇ ਛੇ ਮਹੀਨੇ ਵਿੱਚ ਇਹ ਦੂਜਾ ਉਲੰਪਿਕ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਅਮਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਦੇ ਵਿਰੋਧ ਤੋਂ ਬਾਅਦ ਵੀ ਉਦਘਾਟਨੀ ਸਮਾਰੋਹ ਵਿੱਚ ਵਿਸ਼ਵ ਦੇ ਕਈ ਆਗੂਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਭ ਤੋਂ ਜ਼ਿਕਰਯੋਗ ਨਾਮ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਹੈ। ਯੂਕਰੇਨ ਦੇ ਨਾਲ ਜਾਰੀ ਸਰਹੱਦ ਵਿਵਾਦ ਵਿਚਾਲੇ ਪੂਤਿਨ ਨੇ ਸਮਾਰੋਹ ਤੋਂ ਪਹਿਲਾਂ ਦਿਨ ਵਿੱਚ ਸ਼ੀ ਜਿਨਪਿੰਗ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ।
ਭਾਰਤ ਨੇ 3 ਫਰਵਰੀ ਦਿਨ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪੇਈਚਿੰਗ ਵਿੱਚ ਭਾਰਤੀ ਦੂਤਾਵਾਸ ਦੇ ਮਾਮਲਿਆਂ ਦੇ ਮੁਖੀ 2022 ਸਰਦ ਰੁੱਤ ਉਲੰਪਿਕ ਦੇ ਉਦਘਾਟਨੀ ਜਾਂ ਸਮਾਪਤੀ ਸਮਾਰੋਹ ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਚੀਨ ਨੇ ਗਲਵਾਨ ਵਾਦੀ ਝੜਪ ਵਿੱਚ ਸ਼ਾਮਲ ਫ਼ੌਜੀ ਕਮਾਂਡਰ ਨੂੰ ਇਸ ਵੱਕਾਰੀ ਖੇਡ ਮੁਕਾਬਲੇ ਦੀ ਮਸ਼ਾਲ ਉਠਾਉਣ ਦੀ ਜ਼ਿੰਮੇਵਾਰੀ ਸੰਭਾਲ ਕੇ ਸਨਮਾਨਿਤ ਕੀਤਾ ਹੈ। ਇਨ੍ਹਾਂ ਕੂਟਨੀਤਕ ਮੁੱਦਿਆਂ ਦੌਰਾਨ ਚੀਨ ਨੇ ਆਪਣੀ ਸੱਭਿਆਚਾਰਕ ਝਲਕ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਦੀ ਮੁੱਖ ਮਸ਼ਾਲ ਰੌਸ਼ਨ ਕੀਤੀ।
ਅਧਿਕਾਰਤ ਸਮਾਰੋਹ ਵਿੱਚ ਪਹਿਲਾਂ ਕਲਾਕਾਰਾਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗੀਨ ਸਫ਼ੈਦ ਸਨੋਅ ਸੂਟਾਂ ਵਿੱਚ ਮਨੋਰੰਜਨ ਕੀਤਾ। ਇਸ ਦੌਰਾਨ ਲੋਕਾਂ ਨੇ ਪਾਂਡਾ ਨਾਲ ਮਸਤੀ ਕੀਤੀ। ਅਧਿਕਾਰੀਆਂ ਨੇ ਚੋਣਵੇਂ ਲੋਕਾਂ ਦੇ ਸਮੂਹ ਨੂੰ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਦਰਸ਼ਕ ਆਪਣੇ ਫੋਨਾਂ ਦੀ ਰੌਸ਼ਨੀ ਨਾਲ ਸਮਾਰੋਹ ਵਿੱਚ ਪੇਸ਼ਕਾਰੀ ਦੇਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਇਸ ਮੌਕੇ ਰੌਸ਼ਨੀ ਤੇ ਲੇਜ਼ਰ ਲਾਈਟਾਂ ਨਾਲ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ ਅਤੇ ਫਿਰ ਕਮਾਲ ਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਿਆ ਗਿਆ।