ਵੇ ਡਿੱਗ ਪਈ ਥਰਮਲ ਤੋਂ………….

ਹਰਮੰਦਰ ਕੰਗ, ਸਿਡਨੀ (ਆਸਟਰੇਲੀਆ)
E-mail : harmander.kang@gmail.com

ਅਸਲ ਗੱਲ ਥਰਮਲ ਦੀ ਨਹੀਂ ਬਲਕਿ ਥਰਮਲ ਪਲਾਟ ਦੀਆਂ ਉੱਚੀਆਂ ਚਿਮਨੀਆਂ (ਕੂਲਿੰਗ ਟਾਵਰਸ) ਦੀ ਹੈ ਜੋ ਕਿ ਬਠਿੰਡੇ ਦੀ ਸ਼ਾਨ ਬਣੀਆਂ ਸਨ। ਕਹਿੰਦੇ ਉਨ੍ਹਾਂ ਦਿਨਾਂ ‘ਚ ਆਸ ਪਾਸ ਪਿੰਡਾਂ ‘ਚ ਬੂੜੀਆਂ ਜਦੋਂ ਲੜਦੀਆਂ ਤਾਂ ਇੱਕ ਗਾਲ ਦਿੰਦੀਆਂ ਦੂਜੀ ਨੂੰ ਕਿ “ਨੀ ਤੇਰੇ ‘ਤੇ ਡਿੱਗ ਪਵੇ ਬਠਿੰਡੇ ਵਾਲਾ ਥਰਮਲ ਵੈਲਣੇ”। ਸਾਨੂੰ ਨਹੀਂ ਪਤਾ ਸੀ ਕਿ ਕੋਲੇ ਤੋਂ ਬਿਜਲੀ ਕਿਵੇਂ ਬਣਦੀ ਸੀ। ਪਛੜੇ ਇਲਾਕੇ ਦੇ ਲੋਕਾਂ ‘ਚ ਚੁਬਾਰਾ ਪਾਉਣ ਦੀ ਪਹੁੰਚ ਨਹੀਂ ਸੀ ਜਦੋਂ ਬਠਿੰਡੇ 122 ਮੀਟਰ ਉੱਚੀਆਂ ਚਿਮਨੀਆਂ ਖੜ੍ਹੀਆਂ ਕਰਤੀਆਂ ਸਨ। ਬੱਸ ਚਾਅ ਹੀ ਸੀ ਲੋਕਾਂ ‘ਚ ਜਾਂ ਸਵੈ-ਮਾਣ, ਕਿ ਚਲੋ ਕਾਸੇ ਜੋਗੇ ਤਾਂ ਹੋਏ।
ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਇਹ ਚਿਮਨੀਆਂ ਤੀਹ ਕਿੱਲੋਮੀਟਰ ਤੋਂ ਦੂਰੋਂ ਹੀ ਦਿਸਣ ਲੱਗ ਪੈਂਦੀਆਂ ਸਨ। ਜਦੋਂ ਦੀ ਸੁਰਤ ਸੰਭਲੀ ਐ ਇਨ੍ਹਾਂ ਚਿਮਨੀਆਂ ਨੂੰ ਉਸੇ ਤਰ੍ਹਾਂ ਹੀ ਖੜ੍ਹੇ ਦੇਖਦਾ ਆਇਆ ਹਾਂ। ਇਨ੍ਹਾਂ ਚਿਮਨੀਆਂ ਦੇ ਥੱਲੜੇ ਪਾਸੇ ਸਰੜ ਸਰੜ ਕਰਦੇ ਪਾਣੀ ਦੀ ਅਵਾਜ਼ ਅਜੇ ਵੀ ਕੰਨਾਂ ‘ਚ ਗੂੰਜਦੀ ਐ। ਥੱਲੇ ਖੜ੍ਹ ਕੇ ਚਿਮਨੀ ਦੀ ਸ਼ਿਖਰ ਦੇਖੀਏ ਤਾਂ ਗਰਦਨ ਵਿੱਚ ਵਲ ਪੈ ਜਾਵੇ। ਇਹ ਬਠਿੰਡੇ ਦਾ ‘ਸਟੈਚੂ ਆਫ਼ ਸਵੈ ਮਾਣ’ ਸੀ। ਆਸ ਪਾਸ ਬਣੀਆਂ ਝੀਲਾਂ ਨੇ ਬਠਿੰਡੇ ਨੂੰ ‘ਸਿਟੀ ਆਫ਼ ਲੇਕਸ’ ਦਾ ਖ਼ਿਤਾਬ ਦਵਾਇਆ। ਜਦੋਂ ਮਲੋਟ ਆਲੇ ਪਾਸਿਓ ਜਾਂ ਫ਼ਰੀਦਕੋਟ ਵਾਲੇ ਪਾਸਿਓ ਸੜਕ ਰਾਹੀ ਬਠਿੰਡੇ ਵਿੱਚ ਦਾਖਲ ਹੁੰਦੇ ਹਾਂ ਤਾਂ ਇਹ ਝੀਲਾਂ ਹੀ ਜੀਓ ਆਇਆਂ ਆਖਦੀਆਂ ਹਨ ਅਤੇ ਨਵਾਂ ਬੰਦਾ ਭੁਲੇਖਾ ਕਿਹੜਾ ਨਾਂ ਖਾ ਜਾਵੇ ਕਿ ਕਿਹੜੇ ਸੁੰਦਰ ਸ਼ਹਿਰ ‘ਚ ਦਾਖਲ ਹੋਇਐ। ਖ਼ੈਰ ਸਮਾਂ ਅਤੇ ਸਥਿਤੀਆਂ ਅਤੇ ਨਾਲ ਸਰਕਾਰਾਂ ਮਿਲ ਕੇ ਹੁਣ ਕਹਿ ਰਹੀਆਂ ਹਨ ਕਿ ਚਿਮਨੀ ਦੀ ਟੀਸੀ ਲੱਗੀ ਪੰਜਾਹ ਸਾਲ ਪੁਰਾਣੀ ਇੱਟ ਰੋੜੀ ਬਣ ਕੇ ਨੀਂਹਾਂ ਵਿੱਚ ਪਾਉਣ ਵਾਲੀ ਹੋ ਗਈ ਹੈ। ਬਹੁਤ ਅਫ਼ਸੋਸ। ਅਖੌਤੀ ਵਿਕਾਸ ਸਾਡੇ ਸ਼ਹਿਰ ਦੀ ਸ਼ਾਨ ਨੂੰ ਖਾ ਗਿਆ।
ਰਾਇਆ ਰਾਇਆ ਰਾਇਆ
ਵਿੱਚ ਵੇ ਬਠਿੰਡੇ ਦੇ ਇੱਕ ਥਰਮਲ ਪਲਾਟ ਬਣਾਇਆ,
ਵੇ ਉੱਚੇ ਉੱਚੇ ਲਾ ਕੇ ਮਿਸਤਰੀ ਨਵਾਂ ਨਮੂਨਾ ਪਾਇਆ।
ਵੇ ਡਿੱਗ ਪਈ ਥਰਮਲ ਤੋਂ, ਪਤਾ ਲੈਣ ਨੀ ਆਇਆ, ਵੇ ਡਿੱਗ ਪਈ………
ਹਰਮੰਦਰ ਕੰਗ, ਸਿਡਨੀ (ਆਸਟਰੇਲੀਆ)
E-mail : harmander.kang@gmail.com