ਵ੍ਹਾਈਟ ਹਾਊਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ

ਵਾਸ਼ਿੰਗਟਨ, 27 ਜੂਨ – ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਘੱਟਗਿਣਤੀਆਂ ਦੇ ਹੱਕਾਂ ਬਾਰੇ ਸਵਾਲ ਪੁੱਛਣ ਵਾਲੀ ‘ਦਿ ਵਾਲ ਸਟਰੀਟ ਜਰਨਲ’ (ਡਬਲਿਊਐੱਸਜੇ) ਦੀ ਪੱਤਰਕਾਰ ਸਬਰੀਨਾ ਸਿੱਦੀਕੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ (ਆਨਲਾਈਨ ਤੰਗ-ਪ੍ਰੇਸ਼ਾਨ) ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਪੱਤਰਕਾਰ ਜਾਂ ਆਪਣਾ ਕੰਮ ਕਰ ਰਹੇ ਕਿਸੇ ਵੀ ਹੋਰ ਪੱਤਰਕਾਰ ਨਾਲ ਅਜਿਹੀ ਹਰਕਤ ਬਰਦਾਸ਼ਤ ਨਹੀਂ ਕਰਾਂਗੇ।
ਵਰਨਣਯੋਗ ਹੈ ਕਿ ਪੱਤਰਕਾਰ ਸਬਰੀਨਾ ਸਿੱਦੀਕੀ ਨੇ ਦੋਵਾਂ ਮੁਲਕਾਂ ਦੇ ਆਗੂਆਂ ਵੱਲੋਂ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਵਿਚ ਘੱਟਗਿਣਤੀਆਂ ਦੇ ਹੱਕਾਂ ਬਾਰੇ ਸਵਾਲ ਪੁੱਛਿਆ ਸੀ। ਸਿੱਦੀਕੀ ਨੇ ਪੁੱਛਿਆ ਸੀ ਕਿ ਮੋਦੀ ਸਰਕਾਰ ਭਾਰਤ ਵਿਚ ਘੱਟਗਿਣਤੀਆਂ ਦੇ ਹੱਕਾਂ ਵਿੱਚ ਸੁਧਾਰ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਕਾਇਮੀ ਲਈ ਕੀ ਕਰ ਰਹੀ ਹੈ। ਇਸ ਪ੍ਰੈੱਸ ਕਾਨਫਰੰਸ ਤੋਂ ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛੇ ਉਪਰੋਕਤ ਸਵਾਲਾਂ ਲਈ ਮਹਿਲਾ ਪੱਤਰਕਾਰ ਨੂੰ ਆਨਲਾਈਨ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਕੁਝ ਨੇ ਇਥੋਂ ਤੱਕ ਕਿਹਾ ਕਿ ਸਿੱਦੀਕੀ ਵੱਲੋਂ ਪੁੱਛਿਆ ਸਵਾਲ ‘ਭੜਕਾਊ’ ਸੀ ਤੇ ਮਹਿਲਾ ਪੱਤਰਕਾਰ ਨੂੰ ‘ਪਾਕਿਸਤਾਨੀ ਇਸਲਾਮਵਾਦੀ’ ਤੱਕ ਦੱਸਿਆ ਗਿਆ।
ਰਣਨੀਤਕ ਸੰਚਾਰ ਬਾਰੇ ਕੌਮੀ ਸੁਰੱਖਿਆ ਕੌਂਸਲ ਕੋਆਰਡੀਨੇਟਰ ਜੌਹਨ ਕਿਰਬੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਅਸੀਂ ਪੱਤਰਕਾਰ ਨੂੰ ਆਨਲਾਈਨ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਅਸੀਂ ਪੱਤਰਕਾਰਾਂ ਨੂੰ ਕਿਸੇ ਵੀ ਹਾਲਾਤ ਵਿੱਚ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕਰਦੇ ਹਾਂ। ਅਤੇ ਇਹ ਜਮਹੂਰੀਅਤ ਦੇ ਉਨ੍ਹਾਂ ਸਿਧਾਂਤਾਂ ਦੇ ਉਲਟ ਹੈ ਜਿਨ੍ਹਾਂ ਦਾ ਪਿਛਲੇ ਹਫ਼ਤੇ ਸਰਕਾਰੀ ਦੌਰੇ ਦੌਰਾਨ ਮੁਜ਼ਾਹਰਾ ਕੀਤਾ ਗਿਆ ਸੀ।’’ ਦੱਸ ਦੇਈਏ ਕਿ ਸਿੱਦੀਕੀ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਮਹੂਰੀਅਤ ਨੂੰ ਲੈ ਕੇ ਭਾਰਤ ਦੇ ਰਿਕਾਰਡ ਅਤੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਮਨੁੱਖੀ ਹੱਕਾਂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਬੁਨਿਆਦ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ’ ਉੱਤੇ ਟਿਕੀ ਹੋਈ ਹੈ, ਜਿਸ ਦਾ ਮਤਲਬ ਹੈ ਕਿ ਹਰੇਕ ਦਾ ਵਿਕਾਸ, ਹਰੇਕ ਦੇ ਵਿਸ਼ਵਾਸ ਨਾਲ। ਸ੍ਰੀ ਮੋਦੀ ਨੇ ਕਿਹਾ ਸੀ, ‘‘ਭਾਰਤ ਇਕ ਲੋਕਤੰਤਰ ਹੈ। ਅਤੇ ਜਿਵੇਂ ਕਿ ਰਾਸ਼ਟਰਪਤੀ ਬਾਇਡਨ ਨੇ ਕਿਹਾ ਜਮਹੂਰੀਅਤ ਭਾਰਤ ਤੇ ਅਮਰੀਕਾ, ਦੋਵਾਂ ਦੇ ਡੀਐੱਨਏ ਵਿੱਚ ਹੈ। ਜਮਹੂਰੀਅਤ ਸਾਡੀ ਰੂਹ ਵਿੱਚ ਹੈ। ਜਮਹੂਰੀਅਤ ਸਾਡੀਆਂ ਰਗਾਂ ਵਿਚ ਦੌੜਦੀ ਹੈ। ਅਸੀਂ ਜਮਹੂਰੀਅਤ ਨੂੰ ਜਿਊਂਦੇ ਹਾਂ। ਸਾਡੇ ਵਡੇਰਿਆਂ ਨੇ ਇਸ ਨੂੰ ਸ਼ਬਦਾਂ ਵਿਚ ਪਰੋਇਆ, ਜਿਸ ਨੂੰ ਅਸੀਂ ਸੰਵਿਧਾਨ ਆਖਦੇ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਸਾਡੀ ਸਰਕਾਰ ਇਸ ਸੰਵਿਧਾਨ ਦੇ ਮੂਲ ਸਿਧਾਂਤਾਂ ’ਤੇ ਚੱਲਦੀ ਹੈ। ਅਸੀਂ ਸਾਬਤ ਕੀਤਾ ਹੈ ਕਿ ਜਮਹੂਰੀਅਤ ਇੰਜ ਚੱਲ ਸਕਦੀ ਹੈ। ਜਦੋਂ ਮੈਂ ਇਹ ਗੱਲ ਕਹਿ ਰਿਹਾ ਹਾਂ ਤਾਂ ਇਸ ਦਾ ਮਤਲਬ ਹੈ ਕਿ ਜਾਤ, ਧਰਮ ਜਾਂ ਲਿੰਗ ਦੇ ਅਧਾਰ ’ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ।’’ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ, ‘‘ਵ੍ਹਾਈਟ ਹਾਊਸ ਵਿੱਚ ਅਸੀਂ ਇਸ ਪ੍ਰਸ਼ਾਸਨ (ਬਾਇਡਨ ਸਰਕਾਰ) ਹੇਠ ਪ੍ਰੈੱਸ ਦੀ ਆਜ਼ਾਦੀ ਲਈ ਵਚਨਬੱਧ ਹਾਂ, ਤੇ ਇਹੀ ਵਜ੍ਹਾ ਹੈ ਕਿ ਅਸੀਂ ਪਿਛਲੇ ਹਫ਼ਤੇ ਪ੍ਰੈੱਸ ਕਾਨਫਰੰਸ ਕੀਤੀ ਸੀ। ਅਸੀਂ ਪੱਤਰਕਾਰ ਜਾਂ ਕਿਸੇ ਵੀ ਪੱਤਰਕਾਰ, ਜੋ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਨੂੰ ਤੰਗ-ਪ੍ਰੇਸ਼ਾਨ ਜਾਂ ਡਰਾਉਣ-ਧਮਕਾਉਣ ਦੀ ਕਿਸੇ ਵੀ ਕੋਸ਼ਿਸ਼ ਦੀ ਯਕੀਨੀ ਤੌਰ ’ਤੇ ਨਿਖੇਧੀ ਕਰਦੇ ਹਾਂ। ਅਤੇ ਮੈਂ ਇਸ ਬਾਰੇ ਬਹੁਤ ਸਪਸ਼ਟ ਹਾਂ।’’