ਸ਼ਾਹਕੋਟ ਜ਼ਿਮਨੀ ਚੋਣ ਲਈ 76.6 ਫੀਸਦੀ ਪੋਲਿੰਗ, ਨਤੀਜਾ 31 ਮਈ ਨੂੰ ਆਵੇਗਾ

ਸ਼ਾਹਕੋਟ – 28 ਮਈ ਨੂੰ ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਬਾਰੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਹਲਕੇ ‘ਚ 76.6 ਫੀਸਦੀ ਪੋਲਿੰਗ ਹੋਈ ਹੈ। ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਵੋਟਰਾਂ ਨੇ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ। ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਅਤੇ ਨਤੀਜਾ 31 ਮਈ ਨੂੰ ਆਵੇਗਾ।
ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ ਵਿਚਾਲੇ ਵੇਖਿਆ ਜਾ ਰਿਹਾ ਹੈ, ਵੈਸੇ, ‘ਆਪ’ ਵੱਲੋਂ ਰਤਨ ਸਿੰਘ ਕਾਕੜ ਕਲਾਂ ਵੀ ਮੁਕਾਬਲੇ ਵਿੱਚ ਹਨ। ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆ ਸੀ ਪਰ ਗਰਮੀ ਵਧਣ ਕਰਕੇ ਵੋਟਾਂ ਪੈਣ ਦੀ ਰਫ਼ਤਾਰ ਘੱਟ ਹੋ ਗਈ। ਕਈ ਪੋਲਿੰਗ ਬੂਥਾਂ ‘ਤੇ ਤਾਂ ਸਵੇਰੇ ਲਗਭਗ 11.30 ਵਜੇ ਤੱਕ 50 ਫੀਸਦੀ ਪੋਲਿੰਗ ਹੋ ਚੁੱਕੀ ਸੀ ਤੇ ਪੋਲਿੰਗ ਸਮਾਪਤ ਹੋਣ ਤੱਕ 76.6 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਖ਼ਬਰ ਮੁਤਾਬਕ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਕਈ ਪੋਲਿੰਗ ਬੂਥਾਂ ‘ਤੇ ਈਵੀਐਮਜ਼ ‘ਚ ਖ਼ਰਾਬੀ ਕਾਰਨ ਵੋਟਿੰਗ ਵਿੱਚ ਰੁਕਾਵਟ ਆਈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਲਕੇ ਦੇ ਬੂਥ ਨੰਬਰ 27 ਸਿੱਧੂਪੁਰ ‘ਚ ਵੋਟਿੰਗ ਮਸ਼ੀਨ ਵਿੱਚ ਖ਼ਰਾਬੀ ਪਾਏ ਜਾਣ ਕਾਰਨ ਮਸ਼ੀਨ ਬਦਲੇ ਜਾਣ ਤੋਂ ਬਾਅਦ ਕਰੀਬ ਇੱਕ ਘੰਟਾ ਲੇਟ ਵੋਟਿੰਗ ਸ਼ੁਰੂ ਹੋਈ। ਹਲਕੇ ਅੰਦਰ 11 ਵੀਵੀਪੈਟ ਮਸ਼ੀਨਾਂ, 2 ਕੰਟਰੋਲ ਯੂਨਿਟ ਅਤੇ 2 ਬੈਲੇਟ ਯੂਨਿਟ ਖ਼ਰਾਬੀ ਕਾਰਨ ਤਬਦੀਲ ਕਰਨੇ ਪਏ। ਸ਼ਾਹਕੋਟ ਕਸਬੇ ਦੇ ਸਕੂਲ ਨਿੰਮਾਂ ਵਾਲੇ ਵਿੱਚ ਬਣੇ ਬੂਥ ਨੰਬਰ 133 ਵਿੱਚ ਚਾਰ ਮਸ਼ੀਨਾਂ ਖ਼ਰਾਬ ਹੋ ਗਈਆਂ, ਜਿਸ ਕਾਰਨ ਡੇਢ ਘੰਟਾ ਪੋਲਿੰਗ ਰੁਕੀ ਰਹੀ। ਬੂਥ ਨੰਬਰ 216 ਦਾ ਕੰਟਰੋਲ ਯੂਨਿਟ ਤਬਦੀਲ ਕੀਤਾ ਗਿਆ। ਬੂਥ ਨੰਬਰ 169, 170, 222, 27, 28, 39, 45, 132, 198, 224 ਅਤੇ 226 ਦੇ ਵੀਵੀਪੈਟ ਤਬਦੀਲ ਕਰਨੇ ਪਏ।