ਸਕਾਈ ਸਿਟੀ ਕਨਵੈੱਨਸ਼ਨ ਸੈਂਟਰ ਨੂੰ ਲੱਗੀ ਅੱਗ

ਆਕਲੈਂਡ, 23 ਅਕਤੂਬਰ – ਇੱਥੇ 22 ਅਕਤੂਬਰ ਨੂੰ ਆਕਲੈਂਡ ਸੀਬੀਡੀ ਵਿਖੇ 700 ਮਿਲੀਅਨ ਡਾਲਰ ਦੀ ਕੀਮਤ ਨਾਲ ਬਣ ਰਿਹਾ ਸਕਾਈ ਸਿਟੀ ਕਨਵੈੱਨਸ਼ਨ ਸੈਂਟਰ ਦੁਪਹਿਰ 1.00 ਵਜੇ ਦੇ ਲਗਭਗ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਸਿਟੀ ਸੈਂਟਰ ‘ਚ ਕਾਲਾ ਧੂੰਆਂ ਫੈਲ ਗਿਆ। ਅੱਗ ਅਤੇ ਕਾਲੇ ਧੂੰਏਂ ਉੱਤੇ ਕਾਬੂ ਪਾਉਣ ਲਈ ਪਾਣੀ ਅਤੇ ਹੋਰ ਸਾਧਨਾਂ ਦੀ ਵਰਤੋਂ ਕੀਤੀ ਗਈ ਦੱਸੀ ਜਾ ਰਹੀ ਹੈ। 80 ਤੋਂ ਵੱਧ ਜ਼ਮੀਨੀ-ਅਧਾਰਿਤ ਫਾਇਰ ਫਾਈਟਰਾਂ ਨੇ ਅੱਗ ਦੀਆਂ ਲਾਟਾਂ ਨੂੰ ਠੱਲ੍ਹ ਪਾਉਣ ਲਈ ਉੱਚ ਸ਼ਕਤੀ ਵਾਲੀਆਂ ਹੌਜ਼ਾਂ ਦੀ ਵਰਤੋਂ ਕੀਤੀ। ਅੱਗ ਅਤੇ ਧੂੰਏਂ ਨੂੰ ਵੇਖਦੇ ਹੋਏ ਸਕਾਈ ਸਿਟੀ ਵੱਲ ਨੂੰ ਜਾਂਦੇ ਰਾਸਤੇ ਬੰਦ ਕਰ ਦਿੱਤੇ ਗਏ ਸਨ, ਜਿਸ ‘ਚ ਹੋਬਸਨ, ਵਿਕਟੋਰੀਆ, ਨੈਲਸਨ ਅਤੇ ਵੈਲਸਲੇ ਸਟ੍ਰੀਟ ਆਦਿ ਸ਼ਾਮਿਲ ਸਨ। 21 ਤੋਂ ਵੀ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉੱਤੇ ਕਾਬੂ ਪਾਉਣ ਲੱਗੀਆਂ ਰਹੀਆਂ ਅਤੇ ਕੁੱਝ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇੜਲੇ ਸ਼ਹਿਰਾਂ ਤੋਂ ਵੀ ਮੰਗਵਾਈਆਂ ਗਈਆਂ।