ਸਕੂਲ ਬੱਸ ਹਾਦਸਾ: ਰੇਲ ਗੱਡੀ ਤੇ ਬੱਸ ਹਾਦਸੇ ‘ਚ ਬੱਸ ਡਰਾਈਵਰ ਦੀ ਮੌਤ ਤੇ 6 ਲੋਕ ਹਸਪਤਾਲ ਦਾਖ਼ਲ

ਪਾਮਰਸਟਨ ਨੌਰਥ, 16 ਸਤੰਬਰ – ਅੱਜ ਸਵੇਰੇ ਪਾਮਰਸਟਨ ਨਾਰਥ ਅਤੇ ਬੁਨੀਥੋਰਪ ਦੇ ਵਿਚਕਾਰ ਇੱਕ ਰੇਲਵੇ ਕ੍ਰਾਸਿੰਗ ‘ਤੇ ਰੇਲ ਗੱਡੀ ਅਤੇ ਬੱਸ ਵਿਚਾਲੇ ਹੋਏ ਹਾਦਸੇ ‘ਚ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 6 ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਬੁੱਧਵਾਰ ਸਵੇਰੇ 8 ਵਜੇ ਤੋਂ ਬਾਅਦ, ਬੁਨੀਥੋਰਪ ਤੋਂ ਲਗਭਗ 2 ਕਿੱਲੋਮੀਟਰ ਦੂਰ ਰੇਲਵੇ ਆਰਡੀ ਅਤੇ ਕਲੀਵਲੀ ਲਾਈਨ ਦੇ ਲਾਂਘੇ ‘ਤੇ ਵਾਪਰਿਆ।
ਪੁਲਿਸ ਦੇ ਸੀਨੀਅਰ ਸਾਰਜੈਂਟ ਫਿਲ ਵਾਰਡ ਨੇ ਦੱਸਿਆ ਕਿ ਮਹਿਲਾ ਬੱਸ ਚਾਲਕ ਦੀ ਬੁਨੀਥੋਰਪ ਨੇੜੇ ਰੇਲਵੇ ਆਰਡੀ ਉੱਤੇ ਹੋਏ ਹਾਦਸੇ ਵਿੱਚ ਮੌਤ ਹੋ ਗਈ। ਬੱਸ ਫੀਲਡਿੰਗ ਹਾਈ ਸਕੂਲ ਜਾ ਰਹੀ ਸੀ ਅਤੇ ਡਰਾਈਵਰ ਨੇ ਰੇਲਗੱਡੀ ਨੂੰ ਪੂਰੀ ਤਰ੍ਹਾਂ ਜਾਣ ਤੋਂ ਪਹਿਲਾਂ ਰੇਲਗੱਡੀ ਦੀ ਪਟੜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਬੱਸ ਰੇਲਵੇ ਕ੍ਰਾਸਿੰਗ ‘ਤੇ ਲਾਈਟਾਂ ਅਤੇ ਸਾਇਰਨ ਦੇ ਬਾਵਜੂਦ ਰੇਲ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।
ਪੁਲਿਸ ਨੇ ਕਿਹਾ ਬੱਸ ਵਿੱਚ 40 ਲੋਕ ਸਵਾਰ ਸਨ, ਜਿਸ ਵਿੱਚ ਸਥਾਨਕ ਹਾਈ ਸਕੂਲ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਪੁਲਿਸ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੇ ਨਤੀਜੇ ਵਜੋਂ ਕੋਈ ਵੀ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਪਰ ਕੁੱਝ ਨੂੰ ਸੈਂਟ ਜੌਹਨ ਸਟਾਫ਼ ਦੁਆਰਾ ਪਾਮਰਸਟਨ ਨੌਰਥ ਹਸਪਤਾਲ ਵਿਖੇ ਲਿਜਾਇਆ ਗਿਆ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਦੁਰਘਟਨਾ ਦੇ ਹਾਲਾਤਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਹੈ ਅਤੇ ਜਾਂਚ ਜਾਰੀ ਹੈ।
ਰੇਲ ਸੇਫ਼ਟੀ ਚੈਰੀਟੇਬਲ ਟਰੱਸਟ ਟਰੈਕਸੇਫ਼ ਐਨਜੈੱਡ ਨੇ ਕਿਹਾ ਕਿ ਇਸ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ ਹੈ। ਫਾਊਂਡੇਸ਼ਨ ਮੈਨੇਜਰ ਮੇਗਨ ਡਰੇਟਨ ਨੇ ਕਿਹਾ ਕਿ ਇਹ ਹਾਦਸਾ ਇਕ ਬਹੁਤ ਹੀ ਦੁਖਦਾਈ ਯਾਦ ਸੀ, ਜਿਸ ਦਾ ਨਤੀਜਾ ਕਿੰਨਾ ਗੰਭੀਰ ਹੋ ਸਕਦਾ ਹੈ ਜਦੋਂ ਇਕ ਭਾਰੀ ਵਾਹਨ ਦੀ ਟ੍ਰੇਨ ਨਾਲ ਟੱਕਰ ਹੋ ਜਾਂਦੀ ਹੈ।
ਡਰੇਟਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਲਗਭਗ 3000 ਲੈਵਲ ਕਰਾਸਿੰਗਜ਼ ਹਨ ਅਤੇ ਰੇਲ ਗੱਡੀਆਂ ਹਮੇਸ਼ਾ ਸਹੀ ਰਸਤਾ ‘ਤੇ ਹੁੰਦੀਆਂ ਹਨ। ਅਸੀਂ ਸਾਰੇ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਰੇਲਵੇ ਟਰੈਕ ਨੂੰ ਪਾਰ ਕਰਦੇ ਸਮੇਂ ਬਹੁਤ ਜ਼ਿਆਦਾ ਚੌਕਸ ਰਹੋ, ਕ੍ਰਾਸਿੰਗ ਤੋਂ ਪਹਿਲਾਂ ਹਮੇਸ਼ਾ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਵੇਖੋ ਅਤੇ ਕ੍ਰਾਸਿੰਗਸ ਦੇ ਸਾਰੇ ਚਿੰਨ੍ਹਾਂ ਅਤੇ ਸੰਕੇਤਾਂ ਦੀ ਪਾਲਣਾ ਕਰੋ।