ਸਖ਼ਤ ਸੁਰੱਖਿਆ ਹੇਠ ਕੇ. ਐਸ. ਬਰਾੜ ਮੁੰਬਈ ਪਹੁੰਚੇ

ਮੁੰਬਈ, 3 ਅਕਤੂਬਰ (ਏਜੰਸੀ) – ਸੇਵਾ ਮੁਕਤ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ ਅੱਜ ਸਖ਼ਤ ਸੁਰੱਖਿਆ ਹੇਠ ਆਪਣੀ ਪਤਨੀ ਨਾਲ ਮੁੰਬਈ ਹਵਾਈ ਅੱਡੇ ‘ਤੇ ਪਹੁੰਚੇ। ਬੀਤੇ ਦਿਨੀਂ ਕੇ. ਐਸ. ਬਰਾੜ ‘ਤੇ ਲੰਡਨ ਵਿੱਚ ਜਾਨ ਲੇਵਾ ਹਮਲਾ ਹੋਇਆ ਸੀ। ਕੇ. ਐਸ. ਬਰਾੜ ਦੀ ਗਰਦਨ ਅਤੇ ਗੱਲ੍ਹ ‘ਤੇ ਪੱਟੀ ਬੰਨੀ ਹੋਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕੇ. ਐਸ. ਬਰਾੜ ਦੀ ਪਤਨੀ ਮੀਨਾ ਨੇ ਕਿਹਾ ਕਿ ਉਹ ਆਪਣੇ ਦੇਸ਼ ਪਰਤ……. ਕੇ ਖੁਸ਼ ਹਨ। ਆਪਣੇ ਪਤੀ ਦੀ ਸੁਰੱਖਿਆ ਬਾਰੇ ਬੋਲਦਿਆਂ ਸ੍ਰੀਮਤੀ ਬਰਾੜ ਨੇ ਕਿਹਾ ਕਿ ਖ਼ਤਰਾ ਤਾਂ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਬਣਿਆ ਰਹੇਗਾ। ਅਸਲ ਵਿੱਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਇਸ ਤੋਂ ਪਹਿਲਾਂ ਲੰਡਨ ਵਿਖੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਕੇ. ਐਸ. ਬਰਾੜ ਨੇ ਮੰਨਿਆ ਸੀ ਕਿ 1984 ਦੇ ਅਪਰੇਸ਼ਨ ਬਲਿਊ ਸਟਾਰ ਕਾਰਨ ਖਾਲਿਸਤਾਨੀ ਪੱਖੀ ਤੱਤ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਅਤੇ ਬੀਤੇ ਦਿਨੀਂ ਅਜਿਹੇ ਤੱਤਾਂ ਨੇ ਹੀ ਉਨ੍ਹਾਂ ‘ਤੇ ਜਾਨ ਲੇਵਾ ਹਮਲਾ ਕੀਤਾ। ਕੇ. ਐਸ. ਬਰਾੜ ਉਪਰ ਬੀਤੇ ਦਿਨੀਂ ਲੰਡਨ ਦੇ ਮਾਰਬਲ ਆਰਚ ਇਲਾਕੇ ਵਿੱਚ ਚਾਰ ਵਿਚੋਂ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਇਸ ਦੌਰਾਨ ਗਰਦਨ ‘ਤੇ ਚਾਕੂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਸਨ। ਜਨਰਲ ਬਰਾੜ ਨੇ ੭੮ ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ।