ਸਟੇਡੀਅਮ ਦਾ ਨਾਮ ‘ਨਰਿੰਦਰ ਮੋਦੀ ਸਟੇਡੀਅਮ’ ਰੱਖਿਆ

ਅਹਿਮਦਾਬਾਦ, 25 ਫਰਵਰੀ – 24 ਫਰਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਨਰਿੰਦਰ ਮੋਦੀ ਸਟੇਡੀਅਮ’ ਦਾ ਉਦਘਾਟਨ ਕੀਤਾ। ਸਟੇਡੀਅਮ ਦਾ ਨਾਂ ਪਹਿਲਾਂ ਸਰਦਾਰ ਪਟੇਲ ਸਟੇਡੀਅਮ ਸੀ, ਜਿਸ ਨੂੰ ਬਦਲ ਕੇ ਹੁਣ (ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਦੇ ਨਾਮ ‘ਤੇ) ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਂ ਦਿੱਤਾ ਗਿਆ ਹੈ। ਸਟੇਡੀਅਮ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਰੱਖੇ ਜਾਣ ਤੋਂ ਉਪਜੇ ਵਿਵਾਦ ਮਗਰੋਂ ਸਫ਼ਾਈ ਦਿੰਦਿਆਂ ਸਰਕਾਰ ਨੇ ਕਿਹਾ ਕਿ ਨਾਮ ਤਬਦੀਲੀ ਸਿਰਫ਼ ਮੋਟੇਰਾ ਸਟੇਡੀਅਮ ਦੀ ਕੀਤੀ ਗਈ ਹੈ ਜਦੋਂ ਕਿ ਪੂਰਾ ਖੇਡ ਕੰਪਲੈਕਸ ਪਹਿਲਾਂ ਵਾਂਗ ਸਰਦਾਰ ਵੱਲਭਭਾਈ ਪਟੇਲ ਦੇ ਨਾਮ ‘ਤੇ ਰਹੇਗਾ।
ਸਟੇਡੀਅਮ ਦੇ ਉਦਘਾਟਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਕਿਰਨ ਰਿਜਿਜੂ ਸਮੇਤ ਹੋਰ ਉੱਘੀਆਂ ਹਸਤੀਆਂ ਮੌਜੂਦ ਸਨ। ਸਟੇਡੀਅਮ ਵਿੱਚ ਇੱਕੋ ਵੇਲੇ 1.32 ਲੱਖ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਲੈ ਸਕਣਗੇ। 63 ਏਕੜ ਤੋਂ ਵੱਧ ਦੇ ਰਕਬੇ ਵਿੱਚ ਫੈਲੇ ਸਟੇਡੀਅਮ ਨੂੰ 800 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਮੈਲਬਰਨ ਕ੍ਰਿਕਟ ਮੈਦਾਨ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ, ਜਿੱਥੇ ਇਕ ਸਮੇਂ ‘ਚ 90 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਸਟੇਡੀਅਮ ਵਿੱਚ ਕੁੱਲ ਮਿਲਾ ਕੇ ਲਾਲ ਤੇ ਕਾਲੀ ਮਿੱਟੀ ਵਾਲੀਆਂ 11 ਪਿੱਚਾਂ ਹਨ।ਸਟੇਡੀਅਮ ਵਿੱਚ ਕ੍ਰਿਕਟ ਮੈਦਾਨ ਤੋਂ ਇਲਾਵਾ ਸਵਿਮਿੰਗ ਪੂਲ ਤੇ ਜਿੰਮ ਆਦਿ ਸਮੇਤ ਹੋਰ ਕਈ ਅਤਿ-ਆਧੁਨਿਕ ਸਹੂਲਤਾਂ ਮੌਜੂਦ ਹਨ।
ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ‘ਚ ਕਿਹਾ, ‘ਅਸੀਂ ਸਟੇਡੀਅਮ ਦਾ ਨਾਮ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਾਜੈਕਟ ਮੋਦੀ ਜੀ ਦਾ ਸੁਫ਼ਨਾ ਸੀ।’ ਇਸ ਖੇਡ ਕੰਪਲੈਕਸ, ਜਿਸ ਨੂੰ ਸਰਦਾਰ ਪਟੇਲ ਖੇਡ ਕੰਪਲੈਕਸ ਦਾ ਨਾਂ ਦਿੱਤਾ ਜਾਵੇਗਾ, ਵਿੱਚ ਫੁੱਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਮੁੱਕੇਬਾਜ਼ੀ ਤੇ ਲਾਅਨ ਟੈਨਿਸ ਜਿਹੀਆਂ ਖੇਡਾਂ ਲਈ ਪ੍ਰਬੰਧ ਕੀਤਾ ਜਾਵੇਗਾ।
ਵਿਰੋਧੀ ਧਿਰ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਦਿੱਤੇ ਜਾਣ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਹਮ ਦੋ ਹਮਾਰੇ ਦੋ’ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਤਾਂ ਸਟੇਡੀਅਮ ਨੂੰ ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਮ ਦਿੱਤਾ ਤੇ ਮਗਰੋਂ ਇਸ ਦੇ ਦੋਵੇਂ ਸਿਰਿਆਂ ਨੂੰ ਕਾਰਪੋਰੇਟ ਹਾਊਸਾਂ (ਅੰਡਾਨੀ ਤੇ ਰਿਲਾਇੰਸ) ਦੇ ਨਾਮ ਦਿੱਤੇ ਤੇ ਅਮਿਤ ਸ਼ਾਹ ਦਾ ਪੁੱਤਰ (ਜੇਅ ਸ਼ਾਹ), ਜੋ ਕ੍ਰਿਕਟ ਪ੍ਰਸ਼ਾਸਨ ‘ਚ ਸ਼ੁਮਾਰ ਹੈ, ਸਾਰੀ ਕਹਾਣੀ ਨੂੰ ਬਿਆਨ ਕਰਦਾ ਹੈ। ਗਾਂਧੀ ਨੇ ਟਵੀਟ ਕੀਤਾ, ‘ਖ਼ੂਬਸੂਰਤ, ਕਿਵੇਂ ਸੱਚ ਖ਼ੁਦ ਬਖ਼ੁਦ ਬਾਹਰ ਆਉਂਦਾ ਹੈ। ਨਰਿੰਦਰ ਮੋਦੀ ਸਟੇਡੀਅਮ- ਅਡਾਨੀ ਐਂਡ- ਰਿਲਾਇੰਸ ਐਂਡ। ਉੱਤੋਂ ਜੇਅ ਸ਼ਾਹ ਦੀ ਪ੍ਰਧਾਨਗੀ’।