ਸਮਲਿੰਗੀ ਵਿਆਹ ਕਾਨੂੰਨ ਦੇ ਵਿਰੋਧ ਦੀ ਪ੍ਰੋੜਤਾ

ਮੈਂ ਆਪਣੀ ਨਿੱਜੀ ਰਾਏ  ਦੇ ਆਧਾਰ ‘ਤੇ ਸਮਲਿੰਗੀ ਵਿਆਹ ਦੇ ਕਾਨੂੰਨੀ ਹੱਕ ਦੇ ਵਿਰੋਧ ਦੀ ਪ੍ਰੋੜ੍ਹਤਾ ਕਰਦਾ ਹਾਂ। ਵਿਆਹ ਮਰਦ ਅਤੇ ਔਰਤ ਵਿਚਕਾਰ ਬੱਚਿਆਂ ਦੀ ਸੰਭਾਵੀ ਪੈਦਾਇਸ਼ ਨੂੰ ਧਿਆਨ ਵਿਚ ਰੱਖਦਿਆਂ ਇਕ ਪ੍ਰਤੀਬੱਧਤਾ ਜਾਂ ਵਚਨਬੱਧਤਾ ਦਾ ਨਾਂਅ ਹੈ।
ਇਸ ਹਫਤੇ ਸਰਕਾਰੀ ਪ੍ਰਸ਼ਾਸਨਿਕ ਸਿਲੈਕਟ ਕਮੇਟੀ ਨੇ ਸਦਨ ਦੇ ਵਿਚ ਦੁਬਾਰਾ ਵਿਆਹ ਦੀ ਪਰਿਭਾਸ਼ਾ ਵਿਚ ਸੋਧ ਸਬੰਧੀ ਬਿੱਲ ਦੀ ਰਿਪੋਰਟ ਪੇਸ਼ ਕੀਤੀ ਹੈ। ਇਹ ਬਿੱਲ ਪਿਛਲੇ ਸਾਲ ਸਦਨ ਦੇ ਵਿਚ ਪਹਿਲੀ ਪੜ੍ਹਤ ਦੌਰਾਨ ਸੰਸਦ ਮੈਂਬਰਾਂ ਦੇ ਵਿਚਾਰ ਜਾਨਣ ਲਈ ਪੇਸ਼ ਕੀਤਾ ਗਿਆ ਸੀ ਅਤੇ ਪਾਸ ਹੋ ਗਿਆ ਸੀ।
ਮੈਂ ਦੁਬਾਰਾ ਆਪਣੇ ਪਹਿਲੇ ਕਥਨ ਵਾਂਗ ਇਸ ਵਿਆਹ ਦੀ ਨਵੀਂ ਪਰਿਭਾਸ਼ਾ ਵਾਲੇ ਸੋਧ ਬਿੱਲ ਦਾ ਸਖਤ ਵਿਰੋਧ ਕਰਦਾ ਹਾਂ। ਮੇਰਾ ਇਹ ਵਿਰੋਧ ਕਮਿਊਨਿਟੀ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਦੇ ਅਧਾਰ ਉਤੇ ਹੀ ਕਾਇਮ ਕੀਤਾ ਗਿਆ ਹੈ।
ਇਸ ਸੋਧ ਬਿੱਲ ਦੇ ਸਬੰਧ ਵਿਚ ਲੋਕਾਂ ਦੇ ਆਏ ਲਗਪਗ 21530 ਤੋਂ ਜਿਆਦਾ ਵਿਚਾਰਾਂ (ਕਾਨੂੰਨੀ ਸਲਾਹਾਂ) ਵਿਚੋਂ 10487 ਲੋਕਾਂ ਨੇ ਇਸ ਨਵੇਂ ਸੋਧੇ ਹੋਏ ਵਿਆਹ-ਪਰਿਭਾਸ਼ਾ ਦੇ ਬਿੱਲ ਦੇ ਪੱਖ ਵਿਚ ਰੁਝਾਨ ਦਿੱਤਾ ਹੈ ਅਤੇ 8148 ਲੋਕਾਂ ਨੇ ਵਿਰੋਧ ਵਿਚ। ਸਿਲੈਕਟ ਕਮੇਟੀ ਅਗਲੇਰੀਆਂ ਕਾਨੂੰਨੀ ਕਾਰਵਾਈਆਂ ਦੇ ਵਿਚੋਂ ਲੰਘ ਰਹੀ ਹੈ ਅਤੇ ਹੁਣ ਸਿਫਾਰਸ਼ ਕਰ ਰਹੀ ਹੈ ਕਿ ਇਸ ਸੋਧ ਬਿੱਲ ਨੂੰ ਕਾਨੂੰਨ ਵਜੋਂ ਅਪਣਾ ਲਿਆ ਜਾਵੇ।
ਸਿਲੈਕਟ ਕਮੇਟੀ ਨੇ ਇਸ ਜਨਤਕ ਮਾਮਲੇ ਸਬੰਧੀ ਬਹੁਤ ਹੀ ਮਹੱਤਵਪੂਰਨ ਅਤੇ ਖੱਲ੍ਹਾ ਵਿਚਾਰ ਵਿਮਰਸ਼ ਕੀਤਾ ਹੈ, ਪਰ ਇਕ ਸਿੱਖ ਹੋਣ ਦੇ ਨਾਤੇ ਮੈਂ ਵਿਆਹ ਨੂੰ ਮਰਦ ਅਤੇ ਔਰਤ ਦੇ ਵਿਚਕਾਰ ਇਕ ਸੱਚੀ ਪ੍ਰਤੀਬੱਧਤਾ ਮੰਨਦਾ ਹਾਂ ਅਤੇ ਇਹ ਹਮੇਸ਼ਾਂ ਰਹਿਣੀ ਚਾਹੀਦੀ ਹੈ।
ਸਿਲੈਕਟ ਕਮੇਟੀ ਨੇ ਸਿਰਫ ਇਕ ਤਬਦੀਲੀ ਦਾ ਜ਼ਿਕਰ ਕਰਦਿਆਂ ਇਹ ਸਪੱਸ਼ਟ ਕੀਤੇ ਜਾਣ ਬਾਰੇ ਕਿਹਾ ਹੈ ਕਿ ਅਜਿਹੇ ਵਿਆਹ ਕਰਾਉਣ ਵਾਸਤੇ ਕਿਸੇ ਅਧਿਕਾਰਕ ਵਿਅਕਤੀ ਜਿਵੇਂ ਮੈਰਿਜ਼ ਸੈਲਿਬਰਅਨਟ, ਪਾਦਰੀ, ਗ੍ਰੰਥੀ ਜਾਂ ਕਿਸੀ ਸੰਸਥਾ ਦੇ ਪ੍ਰਵਾਨਿਤ ਅਧਿਕਾਰੀ ਦੀ ਲੋੜ ਹੋਵੇਗੀ ਜਾਂ ਨਹੀਂ। ਜੇ ਨਹੀਂ ਤਾਂ ਇਹ ਲੋਕਾਂ ਦੇ ਧਰਮ ਦਾ ਪ੍ਰਸਪਰ ਵਿਰੋਧ ਹੋਵੇਗਾ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਨਿਊਜ਼ੀਲੈਂਡ।